ਜਲੰਧਰ ’ਚ CIA ਅਫੀਮ ਦੇ ਨਾਲ ਇਕ ਤਸਕਰ ਫੜਿਆ, ਲੁਕਾਉਣ ਦਾ ਤਰੀਕਾ ਦੇਖ ਪੁਲਿਸ ਵੀ ਹੈਰਾਨ

ਜਲੰਧਰ,13 ਅਪ੍ਰੈਲ (ਅਸ਼ਵਨੀ ਠਾਕੁਰ) – ਸੀਆਈਏ ਦੇਹਾਤੀ ਪੁਲਿਸ ਨੇ ਲੱਕ ’ਤੇ ਬੰਨ੍ਹ ਕੇ ਅਫੀਮ ਦੀ ਸਪਲਾਈ ਕਰਨ ਜਾ ਰਹੇ ਉਤਰ ਪ੍ਰਦੇਸ਼ ਦੇ ਜਸਵਿੰਦਰ ਸਿੰਘ ਨੂੰ ਗ੍ਰਿਫਤਾਰ ਕੀਤਾ ਹੈ। ਮੁਲਜ਼ਮ ਸਹਾਰਪੁਰ ਦੇ ਥਾਣਾ ਨਕੂੜ ਪਿੰਡ ਹਬੀਰਪੁਰ ਦਾ ਰਹਿਣ ਵਾਲਾ ਹੈ ਤੇ ਉੱਥੋ ਅਫੀਮ ਲਿਆ ਕੇ ਜਲੰਧਰ ’ਚ ਕਿਸੇ ਨੂੰ ਸਪਲਾਈ ਕਰਨ ਆਇਆ ਸੀ।
ਸੀਆਈਏ ਸਟਾਫ ਦੇ ਪ੍ਰਭਾਵੀ ਅਜੀਤ ਸਿੰਘ ਨੇ ਦੱਸਿਆ ਕਿ ਗੁਪਤ ਸੂਚਨਾ ਦੇ ਆਧਾਰ ’ਤੇ ਰੇਲਵੇ ਫਾਟਕ ਅਲਾਵਲਪੁਰ ਦੇ ਕੋਲ ਨਾਕਾਬੰਦੀ ਕੀਤੀ ਗਈ ਸੀ। ਇਸ ਦੌਰਾਨ ਉੱਥੇ ਇਕ ਵਿਅਕਤੀ ਪੈਦਲ ਆ ਰਿਹਾ ਸੀ ਤੇ ਪੁਲਿਸ ਦੀ ਨਾਕਾਬੰਦੀ ਨੂੰ ਦੇਖ ਕੇ ਵਾਪਸ ਜਾਣ ਲੱਗਾ। ਪੁਲਿਸ ਨੇ ਪਿੱਛਾ ਕਰਕੇ ਮੁਲਜ਼ਮ ਨੂੰ ਕਾਬੂ ਕੀਤਾ ਤੇ ਉਸ ਦੀ ਤਲਾਸ਼ੀ ਲਈ ਤਾਂ ਉਸ ਦੇ ਲੱਕ ’ਤੇ ਬੰਨ੍ਹੇ ਕੱਪੜੇ ’ਚੋ ਇਕ ਕਿੱਲੋ ਤਿੰਨ ਸੋ ਗ੍ਰਾਮ ਅਫੀਮ ਬਰਾਮਦ ਹੋਈ ਹੈ। ਪੁਲਿਸ ਨੇ ਮੁਲਜ਼ਮ ਦੇ ਖ਼ਿਲਾਫ਼ ਕੇਸ ਦਰਜ ਕਰਕੇ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।






















