
‘ਆਪ’ ਵੱਲੋਂ ਵੱਡੇ ਉਦਯੋਗਾਂ ਨੂੰ 350 ਕਰੋੜ ਦੇ ਫਿਕਸਡ ਚਾਰਜ ਤੋਂ ਰਾਹਤ ਦੇਣ ਦੇ ਫ਼ੈਸਲੇ ਦਾ ਸਵਾਗਤ
2 ਮਹੀਨਿਆਂ ਲਈ ਮਹਿਜ਼ 64 ਕਰੋੜ ਦੀ ਛੋਟ ਨਾਲ 8 ਲੱਖ ਖਪਤਕਾਰਾਂ ਨੂੰ ਮਿਲੇਗੀ ਵੱਡੀ ਰਾਹਤ-ਆਪ
ਚੰਡੀਗੜ੍ਹ, 10 ਅਪ੍ਰੈਲ 2020 (ਵਿਸ਼ਵ ਵਾਰਤਾ )-ਆਮ ਆਦਮੀ ਪਾਰਟੀ (ਆਪ) ਪੰਜਾਬ ਨੇ ਸੂਬਾ ਸਰਕਾਰ ਕੋਲੋਂ ਮੰਗ ਕੀਤੀ ਹੈ ਕਿ ਕੋਰੋਨਾਵਾਇਰਸ ਕਾਰਨ ਸੰਕਟ ਦੇ ਇਸ ਸਮੇਂ ‘ਚ ਰਾਜ ਦੇ ਲਘੂ ਉਦਯੋਗਾਂ, ਦੁਕਾਨਾਂ, ਸ਼ੋ-ਰੂਮਾਂ, ਸ਼ਾਪਿੰਗ ਮਾਲ੍ਹਾਂ, ਹੋਟਲਾਂ ਅਤੇ ਰੈਸਟੋਰੈਂਟਾਂ ਦੇ ਬਿਜਲੀ ਦੇ ਮੀਟਰਾਂ ‘ਤੇ ਪੀ.ਐਸ.ਪੀ.ਸੀ.ਐਲ ਵੱਲੋਂ ਵਸੂਲੇ ਜਾਂਦੇ ਫਿਕਸਡ ਚਾਰਜ ਦੀ 2 ਮਹੀਨਿਆਂ ਲਈ ਛੋਟ ਦਿੱਤੀ ਜਾਵੇ।
ਪਾਰਟੀ ਹੈੱਡਕੁਆਟਰ ਤੋਂ ਜਾਰੀ ਬਿਆਨ ਰਾਹੀਂ ਪਾਰਟੀ ਦੇ ਸੀਨੀਅਰ ਆਗੂ ਅਤੇ ਵਿਧਾਇਕ ਅਮਨ ਅਰੋੜਾ ਨੇ ਕਿਹਾ ਕਿ ਸਰਕਾਰ ਵੱਲੋਂ ਸੂਬੇ ਦੇ ਕਰੀਬ 38000 ਵੱਡੇ ਅਤੇ ਦਰਮਿਆਨੇ ਉਦਯੋਗਾਂ ਨੂੰ ਜਿਸ ਤਰੀਕੇ ਨਾਲ ਬਿਜਲੀ ਬਿੱਲਾਂ ਦੇ ਫਿਕਸਡ ਚਾਰਜ ਵਜੋਂ 350 ਕਰੋੜ ਰੁਪਏ ਦੀ ਛੋਟ ਦਿੱਤੀ ਗਈ ਹੈ, ਇਹ ਸ਼ਲਾਘਾਯੋਗ ਕਦਮ ਹੈ। ਹੁਣ ਸਰਕਾਰ ਇਸੇ ਤਰਜ਼ ‘ਤੇ ਲਘੂ ਉਦਯੋਗਾਂ ਅਤੇ ਹੋਰ ਵਪਾਰੀਆਂ-ਕਾਰੋਬਾਰੀਆਂ ਨੂੰ ਦੋ ਮਹੀਨਿਆਂ ਲਈ ਫਿਕਸਡ ਚਾਰਜ ਦੀ ਮੁਆਫ਼ੀ ਦਿੱਤੀ ਜਾਵੇ।
ਅਮਨ ਅਰੋੜਾ ਨੇ ਦੱਸਿਆ ਕਿ ਪੰਜਾਬ ਅੰਦਰ ਲਗਭਗ 7 ਲੱਖ ਦੁਕਾਨਾਂ, ਸ਼ੋ-ਰੂਮ ਮਾਲ, ਹੋਟਲ ਅਤੇ ਰੈਸਟੋਰੈਂਟ ਹਨ, ਜਿੰਨਾ ਦਾ ਸਾਲਾਨਾ ਫਿਕਸਡ ਚਾਰਜਿਜ਼ 290 ਕਰੋੜ ਰੁਪਏ ਬਣਦਾ ਹੈ। ਇਸ ਤਰਾਂ 2 ਮਹੀਨਿਆਂ ਲਈ ਲਗਭਗ 50 ਕਰੋੜ ਰੁਪਏ ਫਿਕਸਡ ਚਾਰਜ ਬਣਨਗੇ, ਜੋ ਸਰਕਾਰ ਨੂੰ ਤੁਰੰਤ ਮੁਆਫ਼ ਕਰਕੇ 7 ਲੱਖ ਵਪਾਰੀਆਂ-ਕਾਰੋਬਾਰੀਆਂ ਨੂੰ ਰਾਹਤ ਦੇਣੀ ਚਾਹੀਦੀ ਹੈ।
ਅਮਨ ਅਰੋੜਾ ਨੇ ਕਿਹਾ ਕਿ ਇਸੇ ਤਰਾਂ 20 ਕੇਵੀਏ ਤੋਂ ਘੱਟ ਲੋਡ ਵਾਲੇ ਕਰੀਬ 95000 ਵਪਾਰਕ ਬਿਜਲੀ ਕੁਨੈਕਸ਼ਨਾਂ ਦਾ 2 ਮਹੀਨਿਆਂ ਲਈ ਬਣਦਾ 14 ਕਰੋੜ ਰੁਪਏ ਦਾ ਫਿਕਸਡ ਚਾਰਜ ਵੀ ਮਾਫ਼ ਕੀਤਾ ਜਾਵੇ।
ਅਮਨ ਅਰੋੜਾ ਨੇ ਕਿਹਾ ਕਿ ਜੇਕਰ ਸਰਕਾਰ 38000 ਵੱਡੇ ਉਦਯੋਗਾਂ ਨੂੰ 350 ਕਰੋੜ ਰੁਪਏ ਦੀ ਰਾਹਤ ਦੇ ਸਕਦੀ ਹੈ ਤਾਂ ਕਰੀਬ 8 ਲੱਖ ਵਪਾਰੀਆਂ-ਕਾਰੋਬਾਰੀਆਂ ਨੂੰ ਸਿਰਫ਼ 64 ਕਰੋੜ ਰੁਪਏ ਦੀ ਰਾਹਤ ਦੇਣ ‘ਚ ਝਿਜਕ ਕਿਉਂ ਦਿਖਾਈ ਜਾ ਰਹੀ ਹੈ।
ਅਮਨ ਅਰੋੜਾ ਨੇ ਕਿਹਾ ਕਿ ਜੇਕਰ ਸਰਕਾਰ ਇਨ੍ਹਾਂ 8 ਲੱਖ ਵਪਾਰੀਆਂ-ਕਾਰੋਬਾਰੀਆਂ ਨੂੰ 64 ਕਰੋੜ ਰੁਪਏ ਦੀ ਰਾਹਤ ਦੇ ਕੇ ਦਰਿਆ ਦਿਲੀ ਦਿਖਾਉਂਦੀ ਹੈ ਤਾਂ ਇਨ੍ਹਾਂ ਵਪਾਰੀਆਂ-ਕਾਰੋਬਾਰੀਆਂ ਦੀ ਵੀ ਨੈਤਿਕ ਜ਼ਿੰਮੇਵਾਰੀ ਵਧੇਗੀ ਕਿ ਇਹ ਆਪਣੀਆਂ ਦੁਕਾਨਾਂ, ਮਾਲ੍ਹਾਂ, ਹੋਟਲਾਂ, ਰੈਸਟੋਰੈਂਟਾਂ ਅਤੇ ਫ਼ੈਕਟਰੀਆਂ ‘ਚ ਕੰਮ ਕਰਦੇ ਲੱਖਾਂ ਕਾਮਿਆਂ ਦੀ ਇਸ ਔਖੀ ਘੜੀ ‘ਚ ਦਰਿਆ-ਦਿਲੀ ਨਾਲ ਬਾਂਹ ਫੜੀ ਰੱਖਣ।





















