ਹਾਈਟੈੱਕ ਹੋਏ ਸਿੱਖਿਆ ਵਿਭਾਗ ਦਾ ਇੱਕ ਹੋਰ ਵੱਡਾ ਉਪਰਾਲਾ
ਚੰਡੀਗੜ੍ਹ 18 ਮਈ( ਵਿਸ਼ਵ ਵਾਰਤਾ)-ਪੰਜਾਬ ਭਰ ਦੇ ਵਿਦਿਆਰਥੀਆਂ ਲਈ ਚੰਗੀ ਖ਼ਬਰ ਹੈ ਕਿ ਦੂਰਦਰਸ਼ਨ ਦੇ ਡੀ ਡੀ ਪੰਜਾਬੀ ਚੈੱਨਲ ਤੋਂ ਭਲਕੇ 19 ਮਈ ਤੋਂ ਤੀਸਰੀ ਤੋਂ ਪੰਜਵੀਂ ਅਤੇ ਨੋਵੀਂ ਤੋਂ ਦਸਵੀਂ ਕਲਾਸਾਂ ਦੇ ਵਿਦਿਆਰਥੀ ਅਪਣੀ ਸਿਲੇਬਸ ਅਧਾਰਤ ਸਿੱਖਿਆ ਹਾਸਲ ਕਰ ਸਕਣਗੇ, ਸਿੱਖਿਆ ਵਿਭਾਗ ਦੇ ਇਸ ਉਪਰਾਲੇ ਕਾਰਨ ਪੇਂਡੂ ਖਿਤੇ ਦੇ ਵਿਦਿਆਰਥੀ ਹੋਰ ਵੀ ਖੁਸ਼ ਨਜ਼ਰ ਆ ਰਹੇ ਹਨ ਕਿ ਹਰ ਘਰ ਤੱਕ ਦੂਰਦਰਸ਼ਨ ਦੀ ਪਹੁੰਚ ਕਾਰਨ ਉਨ੍ਹਾਂ ਲਈ ਇਹ ਸਿੱਖਿਆ ਹੋਰ ਵੀ ਵਰਦਾਨ ਸਾਬਤ ਹੋਵੇਗੀ। ਇਸ ਤੋਂ ਪਹਿਲਾ ਸੱਤਵੀਂ, ਅੱਠਵੀਂ ਕਲਾਸਾਂ ਲਈ ਐਨ ਸੀ ਈ ਆਰ ਟੀ ਰਾਹੀਂ ਡੀ ਟੀ ਐੱਚ ਚੈੱਨਲ ਸਵੈਮ ਪ੍ਰਭੂ ਰਾਹੀਂ ਵਿਭਾਗ ਵੱਲ੍ਹੋ ਇਹ ਸਿੱਖਿਆ ਦਿੱਤੀ ਜਾ ਰਹੀ ਹੈ। ਮੋਬਾਈਲ,
ਯੂ ਟਿਊਬ ਚੈੱਨਲ, ਰੇਡੀਓ, ਐਜੂਸੈੱਟ, ਗੂਗਲ ਡਰਾਇਵ ਅਤੇ ਹੋਰ ਸਾਧਨਾਂ ਰਾਹੀ ਨਵੇਂ ਸ਼ੈਸਨ ਤੋਂ ਹੀ ਆਨਲਾਈਨ ਸਿੱਖਿਆ ਦਾ ਮੁੱਢ ਬੰਨ ਦਿੱਤਾ ਸੀ।
ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਦਾ ਕਹਿਣਾ ਹੈ ਕਿ ਸਿੱਖਿਆ ਵਿਭਾਗ ਨੇ ਜਿਥੇਂ ਕਰੋਨਾ ਵਾਇਰਸ ਦੇ ਲਾਕਡਾਊਨ ਦੌਰਾਨ ਬੱਚਿਆਂ ਅਤੇ ਮਾਪਿਆਂ ਨੂੰ ਇਸ ਬਿਮਾਰੀ ਤੋਂ ਜਾਗਰੂਕ ਕਰਨ ਲਈ ਵੱਡਾ ਉਪਰਾਲਾ ਕੀਤਾ, ਉਥੇਂ ਨਵੇਂ ਸ਼ੈਸਨ ਦੇ ਪਹਿਲੇ ਦਿਨ ਤੋਂ ਹੀ ਰਾਜ ਭਰ ਦੇ ਸਰਕਾਰੀ ਸਕੂਲਾਂ ਚ ਆਨਲਾਈਨ ਸਿੱਖਿਆ ਦਾ ਪ੍ਰਬੰਧ ਕਰਨ ਵਾਲਾ ਪੰਜਾਬ ਦੇਸ਼ ਦਾ ਪਹਿਲਾ ਸੂਬਾ ਬਣ ਗਿਆ ਸੀ, ਉਨ੍ਹਾਂ ਰਾਜ ਭਰ ਦੇ ਸਰਕਾਰੀ ਸਕੂਲ ਅਧਿਆਪਕਾਂ ਦੀ ਪ੍ਰਸ਼ੰਸਾ ਕੀਤੀ ਜਿਨ੍ਹਾਂ ਨੇ ਕਰੋਨਾ ਦੀ ਔਖੀ ਘੜੀ ਦੌਰਾਨ ਹਾਈਟੈੱਕ ਤਕਨੀਕਾਂ ਦੀ ਵਰਤੋਂ ਕਰਦਿਆਂ ਸੋਖੇ ਰੂਪ ਵਿੱਚ ਬੱਚਿਆਂ ਦੀ ਪੜ੍ਹਾਈ ਨੂੰ ਜਾਰੀ ਰੱਖਿਆ। ਉਨ੍ਹਾਂ ਦੱਸਿਆ ਕਿ
ਬਾਕੀ ਦੀਆਂ ਕਲਾਸਾਂ ਲਈ ਵੀ ਦੂਰਦਰਸ਼ਨ ਅਤੇ ਹੋਰ ਚੈਨਲਾਂ ਤੇ ਸਿੱਖਿਆ ਦੇਣ ਦੀ ਵਿਉਂਤਬੰਦੀ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਵੱਖ ਵੱਖ ਟੀ ਵੀ ਚੈਨਲਾਂ ਲਈ ਲੈਕਚਰਾਰ ਵਿਸ਼ਾ ਮਾਹਿਰ ਅਧਿਆਪਕਾਂ ਵੱਲ੍ਹੋਂ ਤਿਆਰ ਕੀਤੇ ਗਏ ਹਨ ਅਤੇ ਘਰ ਬੈਠੇ ਵਿਦਿਆਰਥੀਆਂ ਅਧਿਆਪਕਾਂ ਤੋ ਬਿਨਾਂ ਹਰ ਗੱਲ ਸਮਝ ਸਕਣ, ਇਸ ਕਰਕੇ ਹਰ ਲੈਕਚਰਾਰ ਦੀ ਸਰਲਤਾ ਅਤੇ ਸ਼ੁੱਧ ਭਾਸ਼ਾ ਦਾ ਵਿਸ਼ੇਸ਼ ਧਿਆਨ ਰੱਖਿਆ ਜਾ ਰਿਹਾ ਹੈ।
ਸਿੱਖਿਆ ਸਕੱਤਰ ਨੇ ਦੱਸਿਆ ਕਿ ਸਿੱਖਿਆ ਵਿਭਾਗ ਦੀ ਹਰ ਸਕੂਲ ਨੂੰ ਸਮਾਰਟ ਸਕੂਲ ਬਣਾਉਣ ਦੀ ਨੀਤੀ ਅਤੇ ਆਨਲਾਈਨ ਸਿੱਖਿਆ ਦੇ ਸਫਲ ਤਜਰਬੇ ਕਾਰਨ ਪੰਜਾਬ ਦੇ ਸਰਕਾਰੀ ਸਕੂਲਾਂ ਵਿੱਚ ਵੱਡੀ ਪੱਧਰ ਤੇ ਆਨਲਾਈਨ ਦਾਖਲੇ ਹੋ ਰਹੇ ਹਨ,ਜਿਨ੍ਹਾਂ ਵਿੱਚ ਵੱਡੀ ਗਿਣਤੀ ਪ੍ਰਾਈਵੇਟ ਸਕੂਲਾਂ ਦੇ ਵਿਦਿਆਰਥੀਆਂ ਦੀ ਹੈ।
ਕਰੋਨਾ ਸੰਕਟ ਦੌਰਾਨ ਭਾਵੇ ਜ਼ਿੰਦਗੀ ਠਹਿਰ ਗਈ ਸੀ ਅਤੇ ਹਰ ਵਿਭਾਗ ਦੀਆਂ ਸਰਗਰਮੀਆਂ ਨੂੰ ਬਰੇਕ ਲੱਗ ਗਈ ਸੀ ਪਰ ਜ਼ੂਮ ਯੰਤਰ ਸਿੱਖਿਆ ਵਿਭਾਗ ਲਈ ਵਰਦਾਨ ਸਾਬਤ ਹੋਇਆ ਜਿਸ ਤਹਿਤ ਰਾਜ ਭਰ ਚ ਆਨਲਾਈਨ ਸਿੱਖਿਆ ਤੇ ਹੋਈ ਯੋਜਨਾਬੰਦੀ ਅਤੇ ਬਾਅਦ ਵਿੱਚ ਨਵੇਂ ਆਨਲਾਈਨ ਦਾਖਲਿਆਂ ਤੇ ਹੋਈ ਵਿਉਂਤਬੰਦੀ ਨੇ ਸਰਕਾਰੀ ਸਕੂਲਾਂ ਦੇ ਅੱਛੇ ਦਿਨ ਲਿਆ ਦਿੱਤੇ ਹਨ।
ਸਿੱਖਿਆ ਮਾਹਿਰ ਇਸ ਗੱਲੋਂ ਵੀ ਹੈਰਾਨ ਸਨ ਕਿ ਜਦੋਂ ਅਚਨਚੇਤ ਸਭ ਤਰ੍ਹਾਂ ਦੇ ਸਿਸਟਮ ਨੂੰ ਬਰੇਕ ਲੱਗ ਗਈ ਹੋਵੇ ਉਸ ਔਖੀ ਘੜ੍ਹੀ ਦੌਰਾਨ ਸਿੱਖਿਆ ਵਿਭਾਗ ਨੇ ਕਿਵੇ ਹਰ ਮੁਹਿੰਮ ਨੂੰ ਫਤਹਿ ਕੀਤਾ।