
• ਆਨ-ਲਾਈਨ ਅਤੇ ਆਫ ਲਾਈਨ ਮਾਧਿਅਮ ਰਾਹੀਂ 35 ਬੱਚਿਆਂ ਨੇ ਕਲਾਸ ਵਿੱਚ ਸ਼ਿਰਕਤ ਕੀਤੀ।
ਕਪੂਰਥਲਾ, 17 ਅਗਸਤ, (ਵਿਸ਼ਵ ਵਾਰਤਾ)-ਪੰਜਾਬ ਸਰਕਾਰ ਦੇ ਘਰ-ਘਰ ਰੋਜਗਾਰ ਮਿਸ਼ਨ ਤਹਿਤ ਅਤੇ ਡਿਪਟੀ ਕਮਿਸ਼ਨਰ ਕਪੂਰਥਲਾ ਸ਼੍ਰੀਮਤੀ ਦੀਪਤੀ ਉੱਪਲ ਦੀ ਅਗਵਾਈ ਹੇਠ ਜਿਲ੍ਹਾ ਰੋਜਗਾਰ ਅਤੇ ਕਾਰੋਬਾਰ ਬਿਊਰੋ, ਕਪੂਰਥਲਾ ਵੱਲੋ, ਸਰਕਾਰੀ ਨੌਕਰੀ ਦੀ ਤਿਆਰੀ ਲਈ ਬੈਕਿੰਗ (ਕਲੈਰੀਕਲ, ਪੀ.ਓ) ਸੰਬੰਧੀ ਬੈਚ ਦੀ ਸ਼ੁਰੂਆਤ ਕੀਤੀ ਗਈ। ਜਿਲ੍ਹਾ ਰੋਜਗਾਰ ਜਨਰੇਸ਼ਨ ਅਤੇ ਟ੍ਰੇਨਿੰਗ ਅਫਸਰ ਸ਼੍ਰੀਮਤੀ ਨੀਲਮ ਮਹੇ ਨੇ ਦੱਸਿਆ ਕਿ ਇਸ ਬੈਚ ਵਿੱਚ ਆਨ-ਲਾਈਨ ਅਤੇ ਆਫ ਲਾਈਨ ਮਾਧਿਅਮ ਰਾਹੀਂ 35 ਬੱਚਿਆਂ ਨੇ ਰਜਿਸਟ੍ਰੇਸ਼ਨ ਔਰੀਐਨਟੇਸ਼ਨ ਕਲਾਸ ਵਿੱਚ ਸ਼ਿਰਕਤ ਕੀਤੀ। ਸ਼੍ਰੀ ਕ੍ਰਿਸ਼ਨਾ ਸੰਸਥਾ ਤੋਂ ਸ਼੍ਰੀ ਅਰੁਣ ਜੋਸ਼ੀ ਮੈਨੇਜਿੰਗ ਡਾਇਰੈਕਟਰ ਅਤੇ ਸ਼੍ਰੀ ਪ੍ਰਭਜੋਤ ਸੀਨੀਅਰ ਫਕੈਲਟੀ ਟੀਚਰ ਨੇ ਬੱਚਿਆਂ ਨੂੰ ਆਈ.ਬੀ.ਪੀ.ਐਸ ਪ੍ਰੀਖਿਆ, ਇਸ ਦੇ ਸਿਲੇਬਲ ਕੋਰਸ ਕਿਵੇਂ ਕਰਵਾਇਆ ਜਾਵੇਗਾ ਅਤੇ ਕਦੋ-ਕਦੋ ਟੈਸਟ ਲਏ ਜਾਣਗੇ ਬਾਰੇ ਵਿਸਥਾਰ ਨਾਲ ਦੱਸਿਆ।
ਇਸ ਮੌਕੇ ਐਸ.ਡੀ.ਐਮ. ਸੁਲਤਾਨਪੁਰ ਲੋਧੀ ਡਾ. ਚਾਰੂਮਿਤਾ ਨੇ ਵੀ ਵਿਸ਼ੇਸ਼ ਤੌਰ ‘ਤੇ ਸ਼ਿਰਕਤ ਕੀਤੀ, ਉਹਨਾਂ ਨੇ ਬੱਚਿਆਂ ਨੂੰ ਸੰਬੋਧਨ ਕਰਦੇ ਕਿਹਾ ਕਿ ਉਹ ਵਿਦੇਸ਼ ਜਾਣ ਤੋ ਗੁਰੇਜ ਕਰਨ ਅਤੇ ਸਰਕਾਰੀ ਨੌਕਰੀਆਂ ਲਈ ਪੂਰੇ ਉਤਸ਼ਾਹ ਅਤੇ ਤਨ-ਮਨ ਨਾਲ ਤਿਆਰੀ ਕਰਨ।
ਅੰਤ ਵਿੱਚ ਇੱਕ ਸਵਾਲ-ਜੁਆਬ ਦਾ ਸ਼ੈਸ਼ਨ ਵੀ ਰੱਖਿਆ ਗਿਆ, ਜਿਸ ਵਿੱਚ ਵਿਦਿਆਰਥੀਆਂ ਨੇ ਕੁੱਝ ਸਵਾਲ ਵੀ ਪੁੱਛੇ।






















