ਗੈਂਗਸਟਰ ਸੁੱਖਾ ਦੁੱਨੇਕੇ ਦੀ ਕੈਨੇਡਾ ਭੱਜਣ ਵਿੱਚ ਮਦਦ ਕਰਨ ਵਾਲੇ 2 ਪੁਲਿਸ ਵਾਲਿਆਂ ਖਿਲਾਫ ਮਾਮਲਾ ਦਰਜ
ਪੜ੍ਹੋ ਪੂਰੀ ਖਬਰ
ਚੰਡੀਗੜ੍ਹ,25 ਜੂਨ(ਵਿਸ਼ਵ ਵਾਰਤਾ)- ਮੋਗਾ ਪੁਲਿਸ ਨੇ ਗੈਂਗਸਟਰ ਸੁੱਖਾ ਦੁੱਨੇਕੇ ਨੂੰ ਕੈਨੇਡਾ ਭੱਜਣ ਵਿੱਚ ਮਦਦ ਕਰਨ ਦੇ ਦੋਸ਼ਾਂ ਤਹਿਤ ਦੋ ਪੁਲਿਸ ਅਧਿਕਾਰੀਆਂ ਖਿਲਾਫ ਕੇਸ ਦਰਜ ਕੀਤਾ ਹੈ। ਜਾਣਕਾਰੀ ਅਨੁਸਾਰ ਪੁਲਿਸ ਨੇ ਏਐਸਆਈ ਪ੍ਰਭਦਿਆਲ ਸਿੰਘ ਅਤੇ ਹੈੱਡ ਕਾਂਸਟੇਬਲ ਗੁਰਵਿੰਦਰ ਸਿੰਘ ਖਿਲਾਫ ਕੇਸ ਦਰਜ ਕੀਤਾ ਹੈ। ਉਹਨਾਂ ਤੇ ਦੋਸ਼ ਹੈ ਕਿ ਉਹਨਾਂ ਨੇ ਗੈਂਗਸਟਰ ਸੁਖਦੂਲ ਸਿੰਘ ਉਰਫ ਸੁੱਖਾ ਦੁੱਨੇਕੇ ਨੂੰ 2017 ਵਿੱਚ ਕੈਨੇਡਾ ਭੱਜਣ ਲਈ ਜਾਅਲੀ ਦਸਤਾਵੇਜ਼ਾਂ ‘ਤੇ ਪਾਸਪੋਰਟ ਅਤੇ ਪੁਲਿਸ ਕਲੀਅਰੈਂਸ ਸਰਟੀਫਿਕੇਟ ਹਾਸਲ ਕਰਨ ਵਿੱਚ ਮਦਦ ਕੀਤੀ ਸੀ।ਜਦੋਂਕਿ ਉਸ ਸਮੇਂ ਦੁੱਨੇਕੇ ਤੇ ਪਹਿਲਾਂ ਹੀ 7 ਮਾਮਲੇ ਦਰਜ ਸਨ।.
ਉਨ੍ਹਾਂ ਦੇ ਖਿਲਾਫ ਆਈਪੀਸੀ ਦੀ ਧਾਰਾ 420, 467 ਅਤੇ 468 ਅਤੇ ਭਾਰਤੀ ਪਾਸਪੋਰਟ ਐਕਟ ਦੀ ਧਾਰਾ 10(3)(ਬੀ) ਅਤੇ 10(3)(ਈ) ਦੇ ਤਹਿਤ ਪੁਲਿਸ ਸਟੇਸ਼ਨ (ਦਿਹਾਤੀ) ਵਿਖੇ ਇੱਕ ਐਫਆਈਆਰ ਦਰਜ ਕੀਤੀ ਗਈ ਹੈ। ਹਾਲਾਂਕਿ ਉਹਨਾਂ ਨੂੰ ਅਜੇ ਤੱਕ ਗ੍ਰਿਫਤਾਰ ਨਹੀਂ ਕੀਤਾ ਗਿਆ ਹੈ। ਹੋਰ ਜਾਣਕਾਰੀ ਅਨੁਸਾਰ 2017 ਵਿੱਚ ਏਐਸਆਈ ਪ੍ਰਭਦਿਆਲ ਸਿੰਘ ਪਾਸਪੋਰਟ ਜਾਂਚ ਅਧਿਕਾਰੀ ਵਜੋਂ ਤਾਇਨਾਤ ਸੀ ਜਦੋਂ ਕਿ ਗੁਰਵਿੰਦਰ ਇੱਥੇ ਪੁਲੀਸ ਸਟੇਸ਼ਨ (ਦਿਹਾਤੀ) ਵਿੱਚ ਤਾਇਨਾਤ ਸੀ। ਇਹ ਵੀ ਜਿਕਰ ਕਰਨਾ ਬਣਦਾ ਹੈ ਕਿ ਸੁੱਖਾ ਦੁੱਨੇਕੇ ਕੇਨੈਡਾ ਤੋਂ ਹੀ ਬੈਠ ਕੇ ਪੰਜਾਬ ਵਿੱਚ ਆਪਣੇ ਗੁਰਗਿਆਂ ਰਾਂਹੀ ਗੈਂਗ ਚਲਾ ਰਿਹਾ ਹੈ । ਉਸਨੇ ਹੀ 14 ਮਾਰਚ ਨੂੰ ਜਲੰਧਰ ਦੇ ਪਿੰਡ ਮੱਲੀਆਂ ਵਿਖੇ ਕਬੱਡੀ ਖਿਡਾਰੀ ਸੰਦੀਪ ਨੰਗਲ ਅੰਬੀਆਂ ਦੇ ਕਤਲ ਦੀ ਸਾਜਿਸ਼ ਰਚੀ ਸੀ। ਦੋਵਾਂ ਪੁਲਿਸ ਅਧਿਕਾਰੀਆਂ ਖਿਲਾਫ ਕਾਰਵਾਈ ਐਂਟੀ ਗੈਂਗਸਟਰ ਟਾਸਕ ਫੋਰਸ ਦੇ ਏਡੀਜੀਪੀ ਦੁਆਰਾ ਮੋਗਾ ਦੇ ਐਸਐਸਪੀ ਨੂੰ ਭੇਜੀ ਗਈ ਸ਼ਿਕਾਇਤ ਤੋਂ ਬਾਅਦ ਕੀਤੀ ਗਈ ਹੈ।






















