ਗੁਰਭਜਨ ਗਿੱਲ ਦਾ ਗੀਤ ਸੰਗ੍ਰਹਿ ਪਿੱਪਲ ਪੱਤੀਆਂ : ਸਾਂਝੇ ਰਹਿਤਲ ਦੀ ਹੂਕ – ਗੁਰਜੀਤ ਕੌਰ
ਚੰਡੀਗੜ੍ਹ,3ਜੂਨ(ਵਿਸ਼ਵ ਵਾਰਤਾ)-ਗੁਰਭਜਨ ਗਿੱਲ ਪੰਜਾਬ ਦੀ ਜ਼ਰਖੇਜ਼ ਅਤੇ ਪਵਿੱਤਰ ਸਰਜ਼ਮੀਨ ਦੇ ਜਾਏ ਸਮਰੱਥ ਸਾਹਿਤਕਾਰ ਹਨ। ਉਹਨਾਂ ਨੇ ਸਾਹਿਤ ਜਗਤ ਦੀ ਝੋਲੀ ਵਿਚ ਬਹੁਤ ਸਾਰੀਆਂ ਸ਼ਾਇਰੀ ਦੀਆਂ ਪੁਸਤਕਾਂ ਪਾਈਆਂ ਹਨ , ਜੋ ਅਨੇਕਾਂ ਵਿਸ਼ਿਆਂ ਨੂੰ ਸਮੋਈ ਬੈਠੀਆਂ ਹਨ। ਗੁਰਭਜਨ ਗਿੱਲ ਪੰਜਾਬ , ਪੰਜਾਬੀ ਅਤੇ ਪੰਜਾਬੀਅਤ ਨੂੰ ਜਿਉਂਦਾ ਰੱਖਣ ਵਾਲੀ ਇਕ ਬਹੁਪੱਖੀ ਤੇ ਬਹੁਮੁੱਲੀ ਸ਼ਖ਼ਸੀਅਤ ਹਨ ਜੋ ਸਾਹਿਤ ਅਤੇ ਸਭਿਆਚਾਰਕ ਗਤੀਵਿਧੀਆਂ ਵਿਚ ਲਗਾਤਾਰ ਸਰਗਰਮ ਹਨ। ਗੁਰਭਜਨ ਗਿੱਲ ਨਿਰੰਤਰ ਪੰਜਾਬੀ ਸਾਹਿਤ ਜਗਤ ਨੂੰ ਆਪਣੇ ਕਲਾਮ ਨਾਲ ਸਰਸ਼ਾਰ ਕਰ ਰਹੇ ਹਨ । ਇਹਨਾਂ ਦਾ ਕਲਾਮ ਵਿਭਿੰਨ ਵਿਸ਼ਿਆਂ ਨੂੰ ਆਪਣੇ ਕਲਾਵੇ ਵਿਚ ਲੈਂਦੇ ਹੋਏ ਭਖਦੇ ਮਸਲਿਆਂ , ਪੰਜਾਬ ਦੀ ਧਰਤ ਦੀਆਂ ਵਡਿਆਈਆਂ , ਇਤਿਹਾਸਕ ਪਰਿਪੇਖ ਅਤੇ ਪੰਜਾਬ ਦੀ ਧਰਤ ‘ਤੇ ਪੈਦਾ ਹੋਏ ਨਾਇਕਾਂ ਦੀ ਬਾਤ ਪਾਉਂਦੇ ਹੋਏ ਸਾਨੂੰ ਨਵੀਂ ਸਿੱਖਿਆ ਦਿੰਦਾ ਹੈ ਅਤੇ ਪੰਜਾਬੀ ਰਹਿਤਲ ਨੂੰ ਦਰਪੇਸ਼ ਮੁਸ਼ਕਿਲਾਂ ਤੋਂ ਜਾਗਰੂਕ ਵੀ ਕਰਦਾ ਹੈ।
ਗੁਰਭਜਨ ਗਿੱਲ ਦਾ ਜਨਮ 2 ਮਈ 1953 ਨੂੰ ਗੁਰਦਾਸਪੁਰ ਜ਼ਿਲ੍ਹੇ ਦੀ ਡੇਰਾ ਬਾਬਾ ਨਾਨਕ ਤਹਿਸੀਲ ਦੇ ਪਿੰਡ ਬਸੰਤ ਕੋਟ ਵਿਖੇ ਪਿਤਾ ਸਰਦਾਰ ਹਰਨਾਮ ਸਿੰਘ ਗਿੱਲ ਅਤੇ ਮਾਤਾ ਤੇਜ ਕੌਰ ਦੇ ਘਰ ਹੋਇਆ। ਗੁਰਭਜਨ ਗਿੱਲ ਬਹੁਤ ਸਮਰੱਥ ਅਤੇ ਲਗਾਤਾਰ ਕਿਰਿਆਸ਼ੀਲ ਪੰਜਾਬੀ ਕਵੀ, ਸਾਹਿਤਕ ਟਿੱਪਣੀਕਾਰ, ਖੇਤੀਬਾੜੀ ਵਿਗਿਆਨ ਸਾਹਿਤ ਸੰਪਾਦਕ ਅਤੇ ਪੇਂਡੂ ਖੇਡਾਂ ਦੇ ਖੇਤਰ ਵਿਚ ਸਰਪ੍ਰਸਤ ਵਜੋਂ ਬਹੁਤ ਹੀ ਸਰਗਰਮ ਸ਼ਖ਼ਸੀਅਤ ਹਨ। ਪੰਜਾਬੀ ਸਾਹਿਤ ਅਕਾਦਮੀ ਲੁਧਿਆਣਾ ਦੇ ਮੈਂਬਰ ਵਜੋਂ ਪੰਜਾਬੀ ਭਵਨ ਲੁਧਿਆਣਾ ਵਿਚ ਉਹ 1980 ਤੋਂ ਲਗਾਤਾਰ ਸਰਗਰਮ ਹਨ। ਗੁਰਭਜਨ ਗਿੱਲ ਜੀ ਦਾ ਸਰੀ(ਕੈਨੇਡਾ) ਵਿਖੇ 2016 ਵਿਚ ਪੰਜਾਬੀ ਭਵਨ ਦੀ ਸਥਾਪਨਾ ਕਰਨ ਵਿਚ ਵਿਸ਼ੇਸ਼ ਯੋਗਦਾਨ ਹੈ। ਪ੍ਰੋ. ਮੋਹਨ ਸਿੰਘ ਮੈਮੋਰੀਅਲ ਫਾਊਂਡੇਸ਼ਨ ਦੇ ਵੀ ਆਪ ਲੰਮਾ ਸਮਾਂ ਸਕੱਤਰ ਜਨਰਲ ਰਹੇ ਹਨ । ਗੁਰਭਜਨ ਗਿੱਲ ਪੰਜਾਬੀ ਸਾਹਿਤ ਅਕਾਦਮੀ ਲੁਧਿਆਣਾ ਦੇ 2010 ਤੋਂ 2014 ਤੱਕ ਪ੍ਰਧਾਨ ਰਹੇ, ਪੰਜਾਬੀ ਲੋਕ ਵਿਰਾਸਤ ਅਕਾਦਮੀ ਲੁਧਿਆਣਾ ਦੇ ਚੇਅਰਮੈਨ ਅਤੇ ਮਹਾਰਾਜਾ ਦਲੀਪ ਸਿੰਘ ਮੈਮੋਰੀਅਲ ਟਰੱਸਟ ਰਾਏਕੋਟ ਬੱਸੀਆਂ (ਲੁਧਿਆਣਾ) ਦੇ ਵੀ ਚੇਅਰਮੈਨ ਰਹੇ ਹਨ।
ਗੁਰਭਜਨ ਗਿੱਲ ਨੇ ਸਮਾਜਿਕ ਵਰਤਾਰਿਆਂ, ਮਨੁੱਖ ਨੂੰ ਪ੍ਰਭਾਵਿਤ ਕਰਨ ਵਾਲੇ ਕਾਰਕਾਂ ਅਤੇ ਮਨੁੱਖ ਤੋਂ ਪ੍ਰਭਾਵਿਤ ਹੋਣ ਵਾਲੇ ਜੀਵਨ ਵਰਤਾਰਿਆਂ ਨੂੰ ਕਾਵਿਕ ਰੂਪ ਵਿਚ ਬੜੇ ਭਾਵਪੂਰਤ ਅਤੇ ਵਿਅੰਗਮਈ ਅੰਦਾਜ਼ ਵਿਚ ਬਿਆਨ ਕੀਤਾ ਹੈ। ਹੁਣ ਤੱਕ ਗੁਰਭਜਨ ਗਿੱਲ ਦਾ ਪ੍ਰਕਾਸ਼ਿਤ ਹੋ ਚੁੱਕਾ ਕਲਾਮ ਇਸ ਪ੍ਰਕਾਰ ਹੈ : ਸ਼ੀਸ਼ਾ ਝੂਠ ਬੋਲਦਾ ਹੈ, ਹਰ ਧੁਖਦਾ ਪਿੰਡ ਮੇਰਾ ਹੈ,ਬੋਲ ਮਿੱਟੀ ਦਿਆ ਬਾਵਿਆ, ਅਗਨ ਕਥਾ, ਖ਼ੈਰ ਪੰਜਾਂ ਪਾਣੀਆਂ ਦੀ, ਧਰਤੀ ਨਾਦ, ਫੁੱਲਾਂ ਦੀ ਝਾਂਜਰ, ਪਾਰਦਰਸ਼ੀ, ਮਨਤੰਦੂਰ, ਮੋਰ ਪੰਖ, ਗੁਲਨਾਰ, ਮਿਰਗਾਵਲੀ,ਰਾਵੀ, ਸੰਧੂਰਦਾਨੀ, ਮਨ ਪਰਦੇਸੀ, ਸੁਰਤਾਲ, ਚਰਖ਼ੜੀ, ਪੱਤੇ ਪੱਤੇ ਲਿਖੀ ਇਬਾਰਤ, ਕੈਮਰੇ ਦੀ ਅੱਖ ਬੋਲਦੀ( ਸੁਚਿਤਰ ਵਾਰਤਕ 1999) ਆਦਿ। ਗੁਰਭਜਨ ਗਿੱਲ ਦੀਆਂ ਕੁਝ ਰਚਨਾਵਾਂ ਜਿਵੇਂ ਖ਼ੈਰ ਪੰਜਾਂ ਪਾਣੀਆਂ ਦੀ, ਰਾਵੀ, ਸੁਰਤਾਲ ਅਤੇ ਗੁਲਨਾਰ ਸ਼ਾਹਮੁਖੀ ਵਿਚ ਵੀ ਲਿੱਪੀਆਂਤਰ ਹੋ ਚੁੱਕੀਆਂ ਹਨ। ਇਕ ਹਿੰਦੀ ਕਾਵਿ ਸੰਗ੍ਰਹਿ ਆਧਾਰ ਭੂਮੀ (2022) ਵੀ ਪ੍ਰਕਾਸ਼ਿਤ ਹੋ ਚੁੱਕਾ ਹੈ।
ਗੁਰਭਜਨ ਗਿੱਲ ਦਾ ਹਥਲਾ ਕਾਵਿ- ਸੰਗ੍ਰਹਿ “ਪਿੱਪਲ ਪੱਤੀਆਂ” ਮਈ 2022 ਪ੍ਰਕਾਸ਼ਿਤ ਹੋਇਆ ਹੈ। ਪਿੱਪਲ ਪੱਤੀਆਂ ਕਾਵਿ- ਸੰਗ੍ਰਹਿ ਵਿਭਿੰਨ ਵਿਸ਼ਿਆਂ ਦੀ ਬਹੁਰੰਗੀ ਪੇਸ਼ਕਾਰੀ ਹੈ। ਇਸ ਗੀਤ ਸੰਗ੍ਰਹਿ ਵਿਚ ਕਵੀ ਲੋਕ ਸੰਘਰਸ਼ ਦੀ ਦਾਸਤਾਨ, ਇਤਿਹਾਸਕ ਹਵਾਲੇ, ਵੱਡੇ ਸਰਮਾਏਦਾਰਾਂ ਅਤੇ ਰਾਜਨੀਤੀਵਾਨਾਂ ਹੱਥੋਂ ਆਮ ਆਵਾਮ ਦੀ ਹੁੰਦੀ ਲੁੱਟ , ਗੁਰੂ ਸਾਹਿਬਾਨ ਦੇ ਸਿਧਾਂਤਾਂ ਤੋਂ ਮੁਨਕਰ ਹੁੰਦੀ ਜਵਾਨੀ, ਸਮਰਪਣ ਭਾਵਨਾਵਾਂ ਦੀ ਅਣਹੋਂਦ, ਸਮਿਆਂ ਦੇ ਵਹਿਣ ਵਿਚ ਵਹਿ ਚੁੱਕੇ ਨੈਤਿਕ ਮੁੱਲਾਂ ਅਤੇ ਸਾਂਝੀ ਰਹਿਤਲ ਦੀ ਆਪਸੀ ਭਾਈਚਾਰਕ ਸਾਂਝ ਦੇ ਆੜੇ ਆਉਂਦੀਆਂ ਰਾਜਨੀਤਕ ਗਤੀਵਿਧਿਆਂ ਪ੍ਰਤੀ ਜਿੱਥੇ ਚਿੰਤਤ ਨਜ਼ਰੀਂ ਆਉਂਦਾ ਹੈ, ਉਥੇ ਹੀ ਭਵਿੱਖ ਵਿਚ ਪੰਜ ਦਰਿਆਵਾਂ ਦੀ ਧਰਤ ਦੀ ਭਾਈਚਾਰਕ ਸਾਂਝ ਦੇ ਗੂੜ੍ਹ ਹੋਣ ਪ੍ਰਤੀ ਆਸਵੰਦਗੀ ਵੀ ਜ਼ਾਹਿਰ ਕਰਦਾ ਹੈ।
‘ਪਿੱਪਲ ਪੱਤੀਆਂ’ ਗੀਤ ਸੰਗ੍ਰਹਿ ਦਾ ਪਹਿਲਾ ਹੀ ਗੀਤ “ ਤੂੰ ਦਸਤਾਰ ਪੰਜਾਬ ਦੀ ਵੀਰਾ” ਵਿਚ ਮਾਂ ਬੋਲੀ ਦੀ ਵਡਿਆਈ, ਪੰਜਾਬੀ ਬੋਲੀ ਨੂੰ ਵਿਸਾਰਨ ਪਿੱਛੇ ਲੁਪਤ ਕਾਰਨਾਂ ਦਾ ਜ਼ਿਕਰ ਸ਼ਾਮਿਲ ਹੈ । ਪੰਜਾਬੀ ਦੀ ਸ਼ਾਨ ਬਹਾਲ ਕਰਨ ਦੀ ਤਾਕੀਦ ਕਵੀ ਨੇ ਬੜੇ ਪਿਆਰ ਨਾਲ ਕੀਤੀ ਹੈ:
“ਨਾਥ ਜੋਗੀਆਂ ਲਿਖੀ ਪੰਜਾਬੀ, ਸ਼ੇਖ ਫਰੀਦ ਸੰਵਾਰੀ,
ਗੁਰੂਆਂ ਦਿੱਤੀ ਜਿਹੜੀ ਸ਼ਕਤੀ, ਫਿਰਦੇ ਅਸੀਂ ਵਿਸਾਰੀ,
ਫ਼ਿਕਰ ਕਰੋ ਵਾਰਿਸ ਦੇ ਦਿੱਤੇ, ਅਕਲ ਭੰਡਾਰ ਦੀ ਚਾਬੀ ਦਾ,
ਅੰਗਰੇਜ਼ੀ ਦੇ ਪਿੱਛੇ ਲੱਗ ਕੇ, ਕਰ ਨਾ ਘਾਣ ਪੰਜਾਬੀ ਦਾ”। 1
ਕਵੀ ਲੁੱਟੇ ਲਤਾੜੇ ਵਰਗ ਲਈ ਫ਼ਿਕਰਮੰਦੀ ਜ਼ਾਹਿਰ ਕਰਦੇ ਹੋਏ, ਸਮੇਂ ਦੀਆਂ ਸਰਕਾਰਾਂ ਤੋਂ ਉਹਨਾਂ ਦੀ ਜੂਨ ਸੁਧਾਰਨ ਦੀ ਮੰਗ ਕਰਦੇ ਲਿਖਦਾ ਹੈ :
. “ਸਾਡੇ ਹਿੱਸੇ ਦੱਸੋ ਕਿਹੜੀ ਰਹਿਮਤ ਹੈ ?
ਜੰਮਣਾ ਮੌਤ ਬਰਾਬਰ, ਜ਼ਿੰਦਗੀ ਜ਼ਹਿਮਤ ਹੈ।
ਟੁੱਟੇ ਖੰਭਾਂ ਨੂੰ ਵੀ ਕਿੱਧਰੇ ਜੋੜ ਦਿਉ
ਸਾਨੂੰ ਸਾਡਾ ਬਾਲ ਬਚਪਨਾ ਮੋੜ ਦਿਉ।” 2
“ਤੋੜ ਦਿਉ ਜੰਜ਼ੀਰਾਂ” ਗੀਤ ਰਾਹੀਂ ਸਰਕਾਰਾਂ ਦੀਆਂ ਕੋਝੀਆਂ ਚਾਲਾਂ ਕਾਰਨ ਆਵਾਮ ਦੀ ਵਧ ਰਹੀ ਲੁੱਟ-ਖਸੁੱਟ ਨੂੰ ਬੜੇ ਭਾਵ- ਪੂਰਤ ਢੰਗ ਨਾਲ ਦਰਸਾਇਆ ਗਿਆ ਹੈ। ਇਸ ਗੀਤ ਦੀਆਂ ਸਤਰਾਂ ਆਵਾਮ ਦੀ ਲਾਚਾਰੀ ਮਜਬੂਰੀ ਅਤੇ ਉਹਨਾਂ ਪ੍ਰਤੀ ਤਰਸ ਦੇ ਭਾਵ ਪੈਦਾ ਕਰਦੀਆਂ ਹਨ। ਸ਼ਹੀਦ ਭਗਤ ਸਿੰਘ ਨੇ ਜਿਸ ਬਰਾਬਰੀ ਤੇ ਆਜ਼ਾਦੀ ਦਾ ਸੁਪਨਾ ਵੇਖਿਆ ਸੀ, ਉਸਨੂੰ ਸਮਿਆਂ ਦੀਆਂ ਹਕੂਮਤਾਂ ਨੇ ਖੇਰੂੰ ਖੇਰੂੰ ਹੀ ਕੀਤਾ ਹੈ। ਗੋਰਿਆਂ ਦੀ ਥਾਂ ਕਾਲੇ ਹੁਕਮਰਾਨ ਵੀ ਆ ਗਏ ਪ੍ਰੰਤੂ ਲੋਕ ਅੱਜ ਵੀ ਉਸੇ ਤਰ੍ਹਾਂ ਹਕੂਮਤ ਦੀ ਗੁਲਾਮੀ ਕਰਨ ਲਈ ਮਜਬੂਰ ਹਨ :
“ਗੋਰੇ ਤੁਰ ਗਏ,ਕਾਲੇ ਆ ਗਏ,ਸੋਨ ਚਿੜੀ ਨੂੰ ਲੁੱਟ ਕੇ ਖਾ ਗਏ,
ਕੀ ਖੱਟਿਆ ਜੀ ਲੋਕ ਰਾਜ ਦਾ ਸੂਹਾ ਸੁਪਨਾ ਪਾਲ ਕੇ।” 3
ਗੁਰਭਜਨ ਗਿੱਲ ਦੀ ਕਵਿਤਾ ਸ਼ਬਦਾਂ ਤੋਂ ਪਾਰ ਦੇ ਭਾਵ ਪੈਦਾ ਕਰਦੀ ਹੈ। ਉਹ ਕਵਿਤਾਵਾਂ ਜ਼ਰੀਏ ਪੰਜਾਬੀ ਰਹਿਤਲ ਪ੍ਰਤੀ ਫ਼ਿਕਰਮੰਦ ਵੀ ਨਜ਼ਰ ਆਉਂਦਾ ਹੈ, ਪੰਜਾਬੀਆਂ ਨੂੰ ਲੀਹ ’ਤੇ ਮੁੜ ਆਉਣ ਦੀ ਤਾਕੀਦ ਵੀ ਕਰਦਾ ਹੈ ਅਤੇ ਚੰਗੇਰੇ ਵਕ਼ਤ ਪ੍ਰਤੀ ਆਸਵੰਦ ਵੀ ਹੈ । ਗੁਰਭਜਨ ਗਿੱਲ ਪੰਜਾਬੀਆਂ ਨੂੰ ਆਪਣੇ ਅੰਦਰਲੀ ਬੁੱਧੀ ਦੀ ਸਹੀ ਵਰਤੋਂ ਕਰਦੇ ਹੋਏ ਤਾਕਤ ਅਤੇ ਹਿੰਮਤ ਨਾਲ ਆਪਣੇ ਬਹਾਦਰ ਪੁਰਖਿਆਂ ਦੇ ਨਕਸ਼ਾਂ ’ਤੇ ਚੱਲ ਕੇ ਪੰਜਾਬ ਦੀ ਸ਼ਾਨ ਨੂੰ ਮੁੜ ਬਹਾਲ ਕਰਨ ਲਈ ਹੱਲਾਸ਼ੇਰੀ ਦਿੰਦਾ ਹੈ :
“ ਪੁੱਤ ਹੋ ਲਿਆਕਤਾਂ ਦੇ ਮੇਰੇ ਪੰਜ ਪਾਣੀਉ
ਵੇਦਾਂ ਦੇ ਰਚੇਤਾ ਤੁਸੀਂ ਸਮਿਆਂ ਦੇ ਹਾਣੀਉ
ਵੈਰੀਆਂ ਦੇ ਹੱਲਿਆਂ ਤੋਂ ਵੇਖਿਉ ਨਾ ਹਾਰਿਉ” 4
ਕਵੀ ਮਨ ਇਨਸਾਨੀਅਤ ਦਾ ਪਾਠ ਪੜ੍ਹਾਉਂਦੇ ਹੋਏ , ਮਹਾਨ ਗ੍ਰੰਥਾਂ ਅਤੇ ਵੇਦਾਂ ਦੀ ਰਚਨਾ ਕਰਨ ਲਈ ਰਮਣੀਕ ਅਤੇ ਸ਼ਾਂਤ ਮਾਹੌਲ ਦੇਣ ਵਾਲੀ ਪੰਜ ਦਰਿਆਵਾਂ ਦੀ ਸਰਜ਼ਮੀਨ ਤੇ ਬਹੁਤ ਮਾਣ ਮਹਿਸੂਸ ਕਰਦਾ ਹੈ । ਉਹ ਏਸ ਧਰਤ ਤੇ ਪੈਦਾ ਹੋਣ ਵਾਲੀ ਨਵੀਂ ਪਨੀਰੀ ਨੂੰ ਸਮੇਂ ਦੇ ਹਾਣ ਦਾ ਹੋਣ ਲਈ ਖ਼ਾਸੀ ਪ੍ਰੇਰਨਾ ਦਿੰਦਾ ਹੈ । ਕਵੀ ਅੰਦਰ ਆਪਣੇ ਸਭਿਆਚਾਰ, ਵਿਰਸੇ ਪ੍ਰਤੀ ਬੇਹੱਦ ਲਗਾਅ ਅਤੇ ਮੋਹ ਨਜ਼ਰੀਂ ਆਉਂਦਾ ਹੈ। ਉਹ ਪੰਜਾਬ ਦੀ ਜਵਾਨੀ ਨੂੰ ਆਪਣੀ ਵਿਰਾਸਤ ਸੰਭਾਲਣ ਦੀ ਵਾਰ- ਵਾਰ ਤਾਕੀਦ ਕਰਦਾ ਹੈ :
“ਲੋਰੀ, ਵੈਣ, ਸੁਹਾਗ, ਘੋੜੀਆਂ, ਦੁਖ-ਸੁਖ ਦੇ ਨੇ ਪਹੀਏ
ਮਾਂ ਬੋਲੀ ਨਾ ਘਰ ਚੋਂ ਉੱਜੜੇ, ਜਿੱਥੇ ਮਰਜ਼ੀ ਰਹੀਏ
ਸੁੱਚਾ ਰਿਸ਼ਤਾ ਮਾਂ ਜਣਨੀ ਦਾ, ਸੁਪਨੇ ਵਿਚ ਵੀ ਭੁੱਲਿਓ ਨਾ
ਆਪਣੀ ਬੋਲੀ, ਆਪਣਾ ਵਿਰਸਾ, ਕਦੇ ਪੰਜਾਬੀਓ ਭੁੱਲਿਓ ਨਾ।” 5
ਵਿਸ਼ਵੀਕਰਨ ਨੇ ਮਨੁੱਖੀ ਜੀਵਨ ਦੇ ਹਰ ਪੱਖ ਨੂੰ ਬੜਾ ਪ੍ਰਭਾਵਿਤ ਕੀਤਾ ਹੈ। ਮਨੁੱਖ ਦੀ ਜ਼ਿੰਦਗੀ ਦੀ ਰਫ਼ਤਾਰ ਵਿਚ ਤੇਜ਼ੀ ਆਉਣਾ ਵਿਸ਼ਵੀਕਰਨ ਦਾ ਹੀ ਨਤੀਜਾ ਹੈ।
ਕਿਸ਼ਤਾਂ, ਕਰਜ਼ੇ ਤੇ ਕਾਹਲੀ, ਏਥੇ ਵੱਸਦੇ ਨੇ ਜਿਹੜੇ,
ਕਿੱਥੇ ਚੜ੍ਹਿਐਂ ਚੰਨਾ ਵੇ ਤੂੰ ਬੇਕਦਰਾਂ ਦੇ ਵਿਹੜੇ” 6
ਕਿਸ਼ਤਾਂ, ਕਰਜ਼ੇ ਅਤੇ ਕਾਹਲੀ ਨੇ ਪੰਜਾਬੀਆਂ ਦੇ ਜੀਵਨ ਵਿਚ ਬਹੁਤ ਉੱਥਲ – ਪੁੱਥਲ ਪੈਦਾ ਕੀਤੀ ਹੈ। ਪ੍ਰਵਾਸ ਵੱਲ ਜ਼ਿਆਦਾ ਰੁਚਿਤ ਹੋਣ ਕਾਰਨ ਕਰਜ਼ੇ ਅਤੇ ਕਿਸ਼ਤਾਂ ਨੇ ਪੰਜਾਬੀਆਂ ਨੂੰ ਆਰਥਿਕ ਤੌਰ ’ਤੇ ਕਮਜ਼ੋਰ ਕੀਤਾ ਹੈ। ਕਵੀ ਇਸ ਵਰਤਾਰੇ ਤੋਂ ਬਾਖ਼ੂਬੀ ਜਾਣੂ ਹੈ। ਉਹ ਨਸ਼ਿਆਂ ਵਿਚ ਗ਼ਲਤਾਨ ਹੋ ਚੁੱਕੀ ਪੰਜਾਬ ਦੀ ਜਵਾਨੀ ਨੂੰ ਮੁੜ ਹੱਸਦੇ ਵੱਸਦੇ ਅਤੇ ਕਿਰਤ ਕਰਦੇ ਵੇਖਣਾ ਚਾਹੁੰਦਾ ਹੈ। ਤਨਜ਼ , ਵਿਅੰਗ ਅਤੇ ਫ਼ਿਕਰਮੰਦੀ ਭਰੇ ਲਹਿਜ਼ੇ ਵਿਚ ਨਸ਼ਿਆਂ ਦੇ ਖਿਲਾਫ਼ ਕਵੀ ਮਨ ਲਿਖਦਾ ਹੈ:
“ ਵੈਲੀਆਂ ਨਾਲ ਮੁਲਾਹਜ਼ੇ ਛੱਡ ਦੇ ਠੇਕੇ ਅੱਗੇ ਬਹਿਣਾ
ਕਿਰਤ ਕਮਾਈਆਂ ਕਰਿਆ ਕਰ ਤੂੰ, ਮੰਨ ਲੈ ਮੇਰਾ ਕਹਿਣਾ
ਸੋਨੇ ਵਰਗੀ ਕੰਚਨ ਦੇਹੀ, ਭੰਗ ਦੇ ਭਾਅ ਨਾ ਗਾਲ਼ ” 7
“ਪੁੱਤ ਪੰਜ ਦਰਿਆਵਾਂ ਦੇ, ਭਲਾ ਕਿਉਂ ਨਸ਼ਿਆਂ ਜੋਗੇ ਰਹਿ ਗਏ ?
ਮਾਏ ਵਰਜ ਨੀ ਪੁੱਤਰਾਂ ਨੂੰ,ਇਹ ਤਾਂ ਰਾਹ ਸਿਵਿਆਂ ਦੇ ਪੈ ਗਏ ?” 8
ਕਵੀ ਸਾਕਾਰਾਤਮਕ ਬਦਲਾਅ ਦਾ ਹਾਮੀ ਹੈ। ਵਿਸ਼ਵੀਕਰਨ ਦੇ ਪ੍ਰਭਾਵ ਹੇਠ ਜਿੱਥੇ ਪੰਜਾਬ ਦੀ ਜਵਾਨੀ ਦਾ ਪ੍ਰਵਾਸ ਕਰਨਾ ਚਿੰਤਾ ਦੀ ਗੱਲ ਵੀ ਹੈ , ਉਥੇ ਹੀ ਗੁਰਭਜਨ ਗਿੱਲ ਹੁਰਾਂ ਨੇ ਕੈਨੇਡਾ ਦੀ ਧਰਤੀ ਦੀ ਖ਼ੂਬ ਪ੍ਰਸੰਸਾ ਵੀ ਕੀਤੀ ਹੈ ਕਿਉਂਕਿ ਉਸ ਧਰਤੀ ਨੇ ਅਨੇਕਾਂ ਪਰਿਵਾਰਾਂ ਨੂੰ ਰੁਜ਼ਗਾਰ ਦੇ ਕੇ ਆਰਥਿਕ ਖੁਸ਼ਹਾਲੀ ਨਾਲ ਉਹਨਾਂ ਦਾ ਜੀਵਨ ਵੀ ਸੁਖਾਲਾ ਕੀਤਾ ਹੈ।
ਜਿਸ ਧਰਤੀ ਤੇ ਆਦਰ ਹੋਵੇ ਕਦੇ ਬੇਗਾਨਾ ਦੇਸ ਨਹੀਂ ਹੁੰਦਾ ।
ਮਨ ਦਾ ਮੋਰ ਜੇ ਪੈਲਾਂ ਪਾਵੇ ਕੋਈ ਵੀ ਥਾਂ ਪਰਦੇਸ ਨਹੀਂ ਹੁੰਦਾ।
ਤੇਰੀ ਵੰਨ -ਸੁਵੰਨਤਾ ਵਾਲਾ ਗੂੰਜੇ ਅਨਹਦ ਨਾਦ ਕੈਨੇਡਾ ।
ਤੇਰੀਆਂ ਖ਼ੁਸ਼ੀਆਂ ਵਿਚ ਮੈਂ ਸ਼ਾਮਿਲ….। 9
ਪੰਜਾਬ ਦੇ ਬਦਲਦੇ ਹਾਲਾਤ ਵਿਚ ਗੁਰਭਜਨ ਗਿੱਲ ਨੇ ਧੀਆਂ ਵਿਚ ਪੈਦਾ ਹੋਈ ਅਸੁਰੱਖਿਆ ਦੀ ਭਾਵਨਾ ਨੂੰ ਸੰਬੋਧਨੀ ਸੁਰ ਵਿਚ ਬਿਆਨ ਕਰਦੇ ਲਿਖਿਆ ਹੈ:
ਪੜ੍ਹਨ ਸਕੂਲੇ ਜਦ ਵੀ ਜਾਈਏ , ਡਰੀਏ ਜ਼ਾਲਮ ਡਾਰਾਂ ਤੋਂ,
ਇੱਜ਼ਤ ਪੱਤ ਦੀ ਰਾਖੀ ਵਾਲੀ ਆਸ ਨਹੀਂ ਸਰਕਾਰਾਂ ਤੋਂ,
ਕਿਉਂ ਨਹੀਂ ਸਾਡੀ ਸ਼ਕਤੀ ਬਣਦੇ , ਪੁੱਤਰੋ ਦੇਸ ਪੰਜਾਬ ਦਿਉ । 10
ਕਵੀ ਲੜਕੀਆਂ ਦੀ ਸੁਰੱਖਿਆ ਖ਼ਤਰੇ ’ਚ ਵੇਖ ਕੇ ਪੰਜਾਬੀਆਂ ਤੇ ਵਿਅੰਗ ਕਰਦਾ ਹੈ, ਕਿਉਂਕਿ ਪਰੰਪਰਾ ਵਿਚ ਪੰਜਾਬੀ ਔਰਤ ਜਾਤ ਦੀ ਰੱਖਿਆ ਕਰਨਾ ਆਪਣਾ ਪਰਮ ਧਰਮ ਸਮਝਦੇ ਸਨ । ਅੱਜ ਵੀ ਪੰਜਾਬ ਦੀਆਂ ਜਾਈਆਂ ਆਪਣੇ ਲਈ ਉਸੇ ਤਰ੍ਹਾਂ ਦੀ ਸੁਰੱਖਿਆ ਲਈ ਆਸਵੰਦ ਹਨ । ਕਵੀ ਮਨ ਪੁੱਤਰ , ਧੀਆਂ ਨੂੰ ਬਰਾਬਰਤਾ ਮਿਲਦੀ ਵੇਖਣ ਲਈ ਬਿਹਬਲ ਹੈ। ਰੁੱਖਾਂ ਅਤੇ ਕੁੱਖਾਂ ਦੀ ਸੁਰੱਖਿਆ ਲਈ ਕਵੀ ਪੰਜਾਬੀ ਮਾਨਸਿਕਤਾ ਨੂੰ ਹਲੂਣਾ ਦਿੰਦਾ ਹੈ, ਲੋੜ ਇਸ ਹਲੂਣੇ ਤੋਂ ਜਾਗਣ ਦੀ ਹੈ। ਕਵੀ ਨੇ ਬੜੀ ਸੁਹਿਰਦਤਾ ਨਾਲ ਕੁਦਰਤ ਪ੍ਰਤੀ ਆਪਣਾ ਮੋਹ ਪ੍ਰਗਟਾਇਆ ਹੈ। ਉਸਨੇ ਸੰਬੋਧਨੀ ਸੁਰ ਵਿਚ ਧਰਤੀ ਪੁੱਤਰਾਂ ਨੂੰ ਕੁਦਰਤ ਦੀ ਬੇਕਦਰੀ ਕਰਨ ਤੋਂ ਵਰਜਿਆ ਹੈ :
ਧਰਤੀ ਮਾਤ ਨਾਰਾਜ਼ ਨਾ ਹੋਵੇ, ਐਸਾ ਜਗਤ ਉਸਾਰੋ, ਆਗਿਆਕਰੋ ।
ਜਿਸਦੇ ਖੇਤ ’ਚ ਧੂੰਆਂ ਵੇਖੋ, ਜਾ ਕੇ ਅਰਜ਼ ਗੁਜ਼ਾਰੋ , ਕਸ਼ਟ ਨਿਵਾਰੋ । 11
ਵਿਸ਼ਿਆਂ ਦੀ ਵੰਨ- ਸੁਵੰਨਤਾ ਵਿਚ ਸੌੜੀ ਸਿਆਸਤ ਅਤੇ ਕਿਸਾਨ ਵਿਰੋਧੀ ਨੀਤੀਆਂ ਉੱਤੇ ਵੀ ਗੁਰਭਜਨ ਗਿੱਲ ਨੇ ਬਹੁਤ ਪ੍ਰਭਾਵਸ਼ਾਲੀ ਢੰਗ ਨਾਲ ਕਾਵਿਕ ਵਿਅੰਗ ਕੀਤਾ ਹੈ। ਉਹ ਕਿਸਾਨਾਂ ਦੇ ਸਬਰ ਤੋਂ ਸਮੇਂ ਦੀ ਹਕੂਮਤ ਨੂੰ ਬੜੀ ਬੇਬਾਕੀ ਨਾਲ ਸੁਚੇਤ ਕਰਦਾ ਹੈ :
“ਸਾਡਾ ਸਬਰ ਪਰਖਣਾ ਛੱਡ ਦੇ, ਸਿੱਧੇ ਮੱਥੇ ਮਿਲ ਯਾਰ ਨੂੰ,
ਅਸੀਂ ਸੱਤ ਪੱਤਣਾਂ ਦੇ ਤਾਰੂ, ਬੈਠੇ ਭਾਵੇਂ ਪੱਤਣਾਂ ’ਤੇ ,
ਸੀਸ ਤਲੀ ’ਤੇ ਟਿਕਾਉਣਾ ਸਿੱਖਿਆ, ਨੱਚ ਨੱਚ ਖੰਡਿਆਂ ’ਤੇ” 12
ਕਿਰਸਾਨੀ ਸੰਘਰਸ਼ ਦੀ ਗੱਲ ਕਰਦਿਆਂ ਕਵੀ ਮਨ ਪੰਜਾਬੀਆਂ ਵਿਚ ਕੁਝ ਠਾਣ ਕੇ ਪੂਰਾ ਕਰਨ ਦੀ ਜ਼ਿੱਦ ਅਤੇ ਆਪਣੇ ਹੱਕਾਂ ਪ੍ਰਤੀ ਆਵਾਜ਼ ਉਠਾਉਣ ਲਈ ਪੈਦਾ ਹੋਏ ਉਤਸ਼ਾਹ ਨੂੰ ਕਲਮਬੱਧ ਕਰਦਾ ਹੈ। ‘ਕਲੀ ਕਿਸਾਨ ਦੀ’ ਗੀਤ ਵਿਚ ਹਕੂਮਤ ਦੁਆਰਾ ਕਿਰਸਾਨ ਵਿਰੋਧੀ ਕਾਨੂੰਨਾਂ ਦਾ ਵਿਰੋਧ ਨਜ਼ਰ ਆਉਂਦਾ ਹੈ ਅਤੇ ਪੰਜਾਬੀਆਂ ਵਿਚਲੇ ਜੁਝਾਰੂਪਣ ਦੀ ਤੇ ਹੱਕ ਸੱਚ ਲਈ ਆਵਾਜ਼ ਬੁਲੰਦ ਕਰਨ ਦੀ ਸਲਾਹੁਤਾ ਨਜ਼ਰ ਆਉਂਦੀ ਹੈ। ਕਾਰਪੋਰੇਟ ਘਰਾਣਿਆਂ ਵੱਲੋਂ ਨਿੱਤ ਮੁਨਾਫ਼ੇ ਲਈ ਸਿਆਸਤਦਾਨਾਂ ਦੀ ਹੱਲਾਸ਼ੇਰੀ ਨਾਲ ਨਵੀਆਂ ਨੀਤੀਆਂ ਘੜਨੀਆਂ ਕਿਰਸਾਨੀ ਅਤੇ ਆਮ ਜਨਤਾ ਲਈ ਮਾਰੂ ਸਾਬਿਤ ਹੁੰਦੀਆਂ ਹਨ। ਪੰਜਾਬ ਦੀ ਧਰਤੀ ਤੇ ਗੁਰੂ ਸਾਹਿਬਾਨ ਨੇ ਸ਼ਾਨਦਾਰ ਇਤਿਹਾਸ ਅਤੇ ਸਿਹਤਮੰਦ ਜੀਵਨ ਜਾਚ ਦੀ ਪਿਰਤ ਪਾਈ ਹੈ । ਗੁਰਭਜਨ ਗਿੱਲ ਨੇ ਇਤਿਹਾਸ, ਗੁਰੂ ਸਾਹਿਬਾਨ ਦੇ ਸਿਧਾਂਤਾਂ, ਸ਼ਹੀਦਾਂ ਦੀਆਂ ਸ਼ਹਾਦਤਾਂ ਨੂੰ ਨਤਮਸਤਕ ਹੋ ਕੇ ਉਹਨਾਂ ਦੀ ਘਾਲਣਾ ਨੂੰ ਜੀਵਨ ਦੀ ਪ੍ਰੇਰਨਾ ਬਣਾਇਆ ਹੈ। ਕਵੀ ਨਰੋਈ ਸੋਚ ਵਾਲਾ ਸਮਾਜ ਵੇਖਣ ਦਾ ਚਾਹਵਾਨ ਹੈ, ਅਜਿਹਾ ਤਾਂ ਹੀ ਹੋ ਸਕਦਾ ਹੈ, ਜੇਕਰ ਸਮਾਜ ਆਪਣੇ ਪੁਰਖ਼ਿਆਂ, ਗੁਰੂਆਂ ਅਤੇ ਸ਼ਹੀਦਾਂ ਦੀ ਜੀਵਨ ਜਾਚ ਨੂੰ ਆਪਣੀ ਜ਼ਿੰਦਗੀ ਦੀ ਤਰਜ਼ ਬਣਾ ਲਏ।
ਗੁਰਭਜਨ ਗਿੱਲ ਦੀਆਂ ਕਵਿਤਾਵਾਂ ਵਿਚ ਫ਼ਿਕਰਮੰਦੀ ਵੀ ਹੈ, ਵੰਗਾਰ ਤੇ ਪ੍ਰੇਰਨਾ ਵੀ ਹੈ । ਅਗਾਂਹ ਲਈ ਸੁਚੇਤਤਾ ਪੈਦਾ ਕਰਨ ਦਾ ਯਤਨ , ਇਤਿਹਾਸਕ ਚੇਤਨਾ ਤੇ ਗੂੜ੍ਹ ਗਿਆਨ ਵੀ ਸ਼ਾਮਿਲ ਹੈ। ਉਹਨਾਂ ਅੰਦਰ ਸਾਂਝੀ ਸਰਜ਼ਮੀਨ ਪ੍ਰਤੀ ਬੇਅੰਤ ਮੋਹ ਹੈ। ਕਵੀ ਨੂੰ ਸਰਹੱਦੋਂ ਪਾਰ ਵੱਸਦੇ ਲੋਕਾਂ ਦੇ ਦੁੱਖ ਵੀ ਆਪਣੇ ਹੀ ਦੁੱਖਾਂ ਵਰਗੇ ਮਹਿਸੂਸ ਹੁੰਦੇ ਹਨ। ਇਹਨਾਂ ਦੁੱਖਾਂ ਦਾ ਕਾਰਨ ਬਣੀ ਸਰਹੱਦ ਤੋਂ ਆਰ ਪਾਰ ਦੀ ਹਕੂਮਤ ਨੂੰ ਉਹ ਆੜੇ ਹੱਥੀਂ ਲੈਂਦਾ ਹੈ :
“ਤੇਰੇ ਸ਼ਹਿਰ ਦੇ ਹਾਕਮ ਵਾਂਗੂੰ ਹਾਕਮ ਸਾਡਾ ਚੰਦਰਾ ।
ਤਾਹੀਉਂ ਤੇਰੇ ਹੋਠਾਂ ਵਾਂਗੂੰ ਮੇਰੇ ਹੋਠੀਂ ਜੰਦਰਾ।
ਲੱਖ ਜੰਜ਼ੀਰਾਂ ਹੋਵਣ ਭਾਵੇਂ ਸਾਨੂੰ ਕੀ ਪਰਵਾਹ”। 13
ਕਵੀ ਨੇ ਆਪਣੀਆਂ ਭਾਵਨਾਵਾਂ ਨੂੰ ਬੜੀ ਸੰਜੀਦਗੀ ਨਾਲ ਬਿਆਨ ਕੀਤਾ ਹੈ , ਸਰਹੱਦ ਤੋਂ ਆਰ ਪਾਰ ਵੱਸਦੀ ਆਵਾਮ ਦੀਆਂ ਭਾਵਨਾਵਾਂ, ਦੋਨਾਂ ਹਕੂਮਤਾਂ ਦੀਆਂ ਇਕੋ ਜਿਹੀਆਂ ਨੀਤੀਆਂ, ਆਵਾਮ ਦੀ ਹਕੂਮਤ ਸਾਹਮਣੇ ਲਾਚਾਰਗੀ ਅਤੇ ਫ਼ਿਰ ਇਸ ਲਾਚਾਰਗੀ ਤੇ ਪਾਬੰਦੀਆਂ ਦੇ ਹੁੰਦਿਆਂ ਵੀ ਇਕ- ਦੂਸਰੇ ਪ੍ਰਤੀ ਮੋਹ ਕਾਇਮ ਰੱਖਣ ਦੀ ਪੇਸ਼ਕਾਰੀ ਬਹੁਤ ਭਾਵੁਕ ਕਰਨ ਵਾਲੀ ਹੈ।
ਕਵੀ ਨੇ ਮਨੁੱਖੀ ਮਨ ਵਿਚਲੀਆਂ ਸੂਖ਼ਮ ਤੇ ਕੋਮਲ ਭਾਵਨਾਵਾਂ ਨੂੰ ਸ਼ਬਦਾਂ ਰਾਹੀਂ ਗੁੰਦਿਆ ਹੈ। ਉਸਨੇ ਕੋਮਲ ਭਾਵਨਾਵਾਂ, ਰੀਝਾਂ-ਪ੍ਰੀਤਾਂ ਅਤੇ ਮੋਹ ਨੂੰ ਬੜੇ ਭਾਵੁਕ ਢੰਗ ਨਾਲ ਬਿਆਨ ਕੀਤਾ ਹੈ :
“ ਧੁੱਪੇ ਸਿਰ ਤੇ ਛਾਵਾਂ ਬਣ ਜਾ।
ਤੂੰ ਮੇਰਾ ਸਿਰਨਾਵਾਂ ਬਣ ਜਾ।
ਰੀਝਾਂ ਤਾਂ ਪਰਦੇਸਣ ਕੂੰਜਾਂ,
ਯਾਦਾਂ ਵਰਗੀ ਡਾਰ।” 14
ਕਵੀ ਨੇ ਪੰਜਾਬੀ ਸਮਾਜ ਸਭਿਆਚਾਰ ਦੇ ਬਦਲ ਰਹੇ ਮੁਹਾਂਦਰੇ ਨੂੰ ਵੀ ਸਾਡੇ ਰੂ- ਬ- ਰੂ ਕੀਤਾ ਹੈ। ਪੰਜਾਬ ਦੇ ਪਿੰਡਾਂ ਦੀ ਬਦਲੀ ਹੋਈ ਨੁਹਾਰ ਅਤੇ ਸਭਿਆਚਾਰਕ ਤੇ ਨੈਤਿਕ ਕਦਰਾਂ- ਕੀਮਤਾਂ ਵਿਚ ਆ ਰਹੇ ਨਿਘਾਰ ਤੋਂ ਜਾਣੂੰ ਕਰਵਾਉਂਦੇ ਲਿਖਿਆ ਹੈ :
“ਕਿੱਕਲੀ ਤੇ ਗਿੱਧਾ ਮੁਟਿਆਰਾਂ ਪਾਉਂਦੀਆਂ,
ਪੀਂਘ ਦੇ ਹੁਲਾਰੇ ਸੀ ਆਕਾਸ਼ ਗਾਹੁੰਦੀਆਂ ,
ਖ਼ਤਰੇ ’ਚ ਕੂੰਜਾਂ ਵਾਲੀ ਡਾਰ ਵੇਖ ਲੈ।
ਬਲਦਾਂ ਦੇ ਗਲ਼ਾਂ ਵਿਚ ਗੁੰਮ ਟੱਲੀਆਂ।
ਲੱਗਦੈ ਬਹਾਰਾਂ ਏਥੋਂ ਉੱਡ ਚੱਲੀਆਂ।
ਫ਼ਸਲਾਂ ਤੇ ਕਰਜ਼ੇ ਦਾ ਭਾਰ ਵੇਖ ਲੈ।
ਜਣਾ ਖਣਾ ਆਖੇ ਮੈਂ ਤਾਂ ਬਾਹਰ ਚੱਲਿਆ।
ਵੱਖਰੀ ਬੇਗਾਨਗੀ ਬਨੇਰਾ ਮੱਲਿਆ।
ਦਿੱਲੀ ਵਿਚ ਲੱਗੀ ਤੂੰ ਕਤਾਰ ਵੇਖ ਲੈ।
ਆ ਜਾ ਮੇਰੇ ਪਿੰਡ ਦੀ ਨੁਹਾਰ ਵੇਖ ਲੈ ।
ਥੁੜਾਂ ਮਾਰੀ ਓਦਰੀ ਬਹਾਰ ਵੇਖ ਲੈ।” 15
“ਆ ਜਾ ਮੇਰੇ ਪਿੰਡ ਦੀ ਨੁਹਾਰ ਵੇਖ ਲੈ” ਗੀਤ ਅਜੋਕੇ ਪੰਜਾਬ ਦੀ ਤ੍ਰਾਸਦਿਕ ਸਥਿਤੀ ਅਤੇ ਪੰਜਾਬ ਦੀ ਧਰਤ ਦਾ ਕੌੜਾ ਸੱਚ ਬਿਆਨ ਕਰਦਾ ਹੈ। ਵਿਸ਼ਵੀਕਰਨ ਤੇ ਪੂੰਜੀਵਾਦੀ ਬਿਰਤੀ ਨੇ ਵਿੱਤੋਂ ਬਾਹਰੀ ਚੀਜ਼ਾਂ ਨੂੰ ਜ਼ਿੰਦਗੀ ਦਾ ਹਿੱਸਾ ਬਣਾ ਦਿੱਤਾ ਹੈ, ਜਿਸ ਨਾਲ ਸਾਦਗੀ ਦੀ ਜਗ੍ਹਾ ਬਨਾਵਟੀਪਨ ਨੇ ਲੈ ਲਈ ਹੈ।
“ ਹੱਟੀ ਦੀ ਥਾਂ ਮਾਲ ਤੇ ਪਲਾਜ਼ੇ ਆ ਗਏ।
ਪੱਕੇ ਤੇ ਪਕਾਏ ਬਾਹਰੋਂ ਖਾਜੇ ਆ ਗਏ।
ਤੂੰਬੀ ਅਲਗੋਜ਼ੇ ਦੀ ਥਾਂ ਵਾਜੇ ਆ ਗਏ।
ਮਹਿਕਦਾ ਉਹ ਸੁੱਚੜਾ ਗੁਲਾਬ ਕਿੱਥੇ ਹੈ?
ਬਾਣੀ ਨਾਲ ਵੱਜਦੀ…..।” 16
ਏਸੇ ਬਦਲਦੀ ਨੁਹਾਰ ਨੇ ਵਿਸ਼ਵੀਕਰਨ ਦੇ ਤਹਿਤ ਪੰਜਾਬੀਆਂ ਦੀ ਜ਼ਿੰਦਗੀ ਦੀ ਰਫ਼ਤਾਰ ਵਿਚ ਵੀ ਤੇਜ਼ੀ ਨਾਲ ਬਦਲਾਅ ਲਿਆਂਦਾ ਹੈ। ਏਸੇ ਤੇਜ਼ ਰਫ਼ਤਾਰ ਨੇ ਜ਼ਿਆਦਾਤਰ ਪੰਜਾਬੀ ਪੁੱਤਰਾਂ ਵਿਚ ਇਖ਼ਲਾਕੀ ਨਿਘਾਰ ਵੀ ਪੈਦਾ ਕੀਤਾ ਹੈ। ਪਰਵਾਸ ਧਾਰਨ ਕਰ ਚੁੱਕੇ ਪੰਜਾਬੀ ਪੁੱਤਰਾਂ ਦੀਆਂ ਮਾਂਵਾਂ, ਬੇਗਾਨੇ ਦੇਸ਼ ਵਿਚਲੇ ਪੁੱਤਰ ਦੇ ਘਰ ਵਿਚ ਖ਼ੁਦ ਨੂੰ ਬੇਘਰ ਹੋਇਆ ਸਮਝਦੀਆਂ ਹਨ :
“ ਦੇਸ ਬੇਗਾਨੇ ਕੀਹਦਾ ਡਰ ਹੈ ?
ਵਹੁਟੀ ਆਖੇ ਮੇਰਾ ਵਰ ਹੈ।
ਇਹ ਤਾਂ ਬੁੱਢੀਏ ਮੇਰਾ ਘਰ ਹੈ।
ਦੱਸ ਵੇ ਪੁੱਤਰਾ ! ਕਿੱਥੇ ਮੇਰੀ ਥਾਂ ਪੁੱਛਦੀ।
ਪੁੱਤਰ ਦੇ ਘਰ ਬੇਘਰ ਹੋਈ ਮਾਂ ਪੁੱਛਦੀ”। 17
ਜ਼ਿੰਦਗੀ ਦੀ ਵਧਦੀ ਰਫ਼ਤਾਰ ਨੇ ਜੀਵਨ ਦੇ ਹਰੇਕ ਪੱਖ ਨੂੰ ਪ੍ਰਭਾਵਿਤ ਕੀਤਾ ਹੈ। ਪਰਿਵਾਰ ਤੋਂ ਲੈ ਕੇ ਪੂਰਾ ਸਮਾਜ ਸਭਿਆਚਾਰ ਇਸ ਤੇਜ਼ ਰਫ਼ਤਾਰ ਦੀ ਚਪੇਟ ਵਿਚ ਆਇਆ ਹੈ। ਗੁਰਭਜਨ ਗਿੱਲ ਨੇ ਬਾਬਾ ਗੁਰੂ ਨਾਨਕ ਸਾਹਿਬ ਅਤੇ ਉਹਨਾਂ ਦੀ ਕਰਮ ਭੂਮੀ ਕਰਤਾਰਪੁਰ ਸਾਹਿਬ ਦੀ ਮਹਿਮਾ ਨੂੰ ਬਿਆਨਿਆ ਹੈ। ਗੁਰੂ ਨਾਨਕ ਸਾਹਿਬ ਨਾਮ ਜਪਣ ਦੇ ਨਾਲ ਨਾਲ ਹੱਥੀਂ ਕਿਰਤ ਕਰਨ ਦਾ ਉਪਦੇਸ਼ ਦਿੰਦੇ ਰਹੇ ਹਨ। ਗੁਰੂ ਸਾਹਿਬ ਦੇ ਸਿਧਾਂਤਾਂ ਅਤੇ ਉਪਦੇਸ਼ਾਂ ਤੋਂ ਕਿਨਾਰਾ ਕਰੀ ਬੈਠੇ ਲੋਕ ਕੂੜ , ਰੂਹਾਨੀ ਭਟਕਣਾ ਵਿਚ ਗ੍ਰਸਦੇ ਜਾ ਰਹੇ ਹਨ।
ਪੰਜਾਬੀ ਸਮਾਜ ਸਭਿਆਚਾਰ ਵਿਚ ਪਿੱਪਲ ਦੇ ਰੁੱਖ ਨੂੰ ਜੀਵਨਦਾਨ ਦੇਣ ਵਾਲਾ ਪਵਿੱਤਰ ਰੁੱਖ ਮੰਨਿਆ ਗਿਆ ਹੈ, ਕਿਉਂਕਿ ਇਹ ਦਿਨ ਰਾਤ ਆਕਸੀਜਨ ਪ੍ਰਦਾਨ ਕਰਨ ਵਾਲਾ ਸਰੋਤ ਹੈ।“ਪਿੱਪਲ ਅਜਿਹਾ ਦਰੱਖ਼ਤ ਹੈ ਜੋ ਆਪਣੇ ਆਕਾਰ ਪੱਖੋਂ ਹੀ ਨਹੀਂ ਸਗੋਂ ਆਪਣੇ ਨਾਲ ਜੁੜੀਆਂ ਸਭਿਆਚਾਰਕ- ਲੋਕਧਾਰਾਈ ਕੀਮਤਾਂ ਪੱਖੋਂ ਵੀ ਰੁੱਖਾਂ ਦੀ ਸਭ ਤੋਂ ਉੱਤਮ ਜਾਤ ਵਿਚ ਗਿਣਿਆ ਜਾਂਦਾ ਹੈ। ਪਿੱਪਲ ਦੇ ਦਰੱਖ਼ਤ ਵਿਚ ਤ੍ਰੈਮੂਰਤੀ ਦਾ ਨਿਵਾਸ ਮੰਨਿਆ ਜਾਂਦਾ ਹੈ।ਜੜ੍ਹ ਵਿਚ ਬ੍ਰਹਮਾ, ਤਣੇ ਵਿਚ ਵਿਸ਼ਨੂੰ ਤੇ ਟਹਿਣੀਆਂ ਵਿਚ ਸ਼ਿਵਜੀ ਦਾ ਨਿਵਾਸ ਮੰਨਿਆ ਜਾਂਦਾ ਹੈ।” 18
ਇਹਨਾਂ ਸਭਿਆਚਾਰਕ- ਲੋਕਧਾਰਾਈ ਅਤੇ ਧਾਰਮਿਕ ਕਦਰਾਂ ਕੀਮਤਾਂ ਦੇ ਤਹਿਤ ਪਿੱਪਲ ਦੇ ਰੁੱਖ ਨੂੰ ਪੂਜਿਆ ਜਾਂਦਾ ਹੈ ਅਤੇ ਲੋਕਾਂ ਨੂੰ ਮੰਨਤਾਂ ਮੰਗਦੇ ਵੇਖਿਆ ਜਾ ਸਕਦਾ ਹੈ। ਇਸ ਤਰ੍ਹਾਂ ਧਾਰਮਿਕ ਰਹੁ ਰੀਤਾਂ ਜਾਂ ਫਿਰ ਸਭਿਆਚਾਰਕ, ਵਿਗਿਆਨਕ ਪੱਖਾਂ ਤੋਂ ਵੇਖਿਆਂ ਪਿੱਪਲ ਜੀਵਨ ਦਾਨ ਦੇਣ ਵਾਲਾ ਅਤੇ ਪਵਿੱਤਰ ਰੁੱਖ ਹੈ। ਵਣਜਾਰਾ ਬੇਦੀ ਨੇ ਪੰਜਾਬੀ ਲੋਕਧਾਰਾ ਵਿਸ਼ਵਕੋਸ਼ ਵਿਚ ਪਿੱਪਲ ਪੱਤੀਆਂ ਦੀ ਜਗ੍ਹਾ ਪਿੱਪਲ ਪੱਤਰਾ ਸ਼ਬਦ ਵਰਤਿਆ ਹੈ। ਉਸਨੇ ਲਿਖਿਆ ਹੈ- “ਪਿੱਪਲ ਪੱਤਰਾ , ਪਿੱਪਲ ਦੇ ਪੱਤੇ ਵਰਗਾ ਇਕ ਗਹਿਣਾ, ਇਹ ਬੜਾ ਸ਼ੁਭ ਗਹਿਣਾ ਹੈ ਤੇ ਇਸ ਨੂੰ ਪਹਿਨਣ ਨਾਲ ਜੋ ਬੰਦੇ ਚੰਗੇ ਲੱਗਣ ਉਹਨਾਂ ਦੀ ਆਯੂ ਦੀਰਘ ਹੁੰਦੀ ਹੈ:
ਇਹ ਲੈ ਨਤੀਆਂ ਘੜਾ ਲੈ ਪਿਪਲ ਪਤੀਆਂ
ਕਿਸੇ ਕੋਲ ਗਲ ਨਾ ਕਰੀਂ ।” 19
ਪਿੱਪਲ ਪੱਤੀਆਂ ਪੰਜਾਬਣ ਮੁਟਿਆਰਾਂ ਦਾ ਕੰਨੀਂ ਪਹਿਨਣ ਵਾਲਾ ਗਹਿਣਾ ਹੈ। ਪਿੱਪਲ ਦਾ ਰੁੱਖ ਪੰਜਾਬੀ ਸਭਿਆਚਾਰ ਵਿਚ ਵਿਭਿੰਨ ਮਹੱਤਵਾਂ ਵਾਲਾ ਰੁੱਖ ਹੈ। ਸੋ, ਕਾਵਿ ਸੰਗ੍ਰਹਿ ਦਾ ਸਿਰਲੇਖ ‘ਪਿੱਪਲ ਪੱਤੀਆਂ’ ਇਕ ਢੁਕਵਾਂ ਸਿਰਲੇਖ ਹੈ, ਜਿਵੇਂ ਪਿੱਪਲ ਦੇ ਰੁੱਖ ਨਾਲ ਵਿਭਿੰਨ ਮਾਨਤਾਵਾਂ ਜੁੜੀਆਂ ਹੋਈਆਂ ਹਨ, ਠੀਕ ਇਸੇ ਤਰ੍ਹਾਂ ਹੀ ਗੁਰਭਜਨ ਗਿੱਲ ਦਾ ਗੀਤ-ਸੰਗ੍ਰਹਿ ਵਿਭਿੰਨ ਵਿਸ਼ਿਆਂ ਨਾਲ ਜੁੜਿਆ ਹੈ। ਇਹ ਸੰਗ੍ਰਹਿ ਪੰਜਾਬੀ ਸਭਿਆਚਾਰ, ਇਸਦੀ ਰਹਿਤਲ ਅਤੇ ਪੰਜਾਬੀ ਆਵਾਮ ਦੇ ਜੀਵਨ ਨਾਲ ਜੁੜੇ ਵਿਭਿੰਨ ਪਹਿਲੂਆਂ ਨੂੰ ਪਾਠਕਾਂ ਦੇ ਸਨਮੁੱਖ ਰੱਖਦਾ ਹੈ। ਜੇਕਰ ਇਸ ਗੀਤ ਸੰਗ੍ਰਹਿ ਵਿਚ ਸੁਝਾਈਆਂ ਗਈਆਂ ਚੰਗਿਆਈਆਂ ਨੂੰ ਪੰਜਾਬੀ ਨੌਜਵਾਨ ਆਪਣੇ ਜੀਵਨ ਦਾ ਹਿੱਸਾ ਬਣਾ ਲੈਣ ਤਾਂ ਨਿਰਸੰਦੇਹ ਇਹ ਗੀਤ ਸੰਗ੍ਰਹਿ ‘ਪਿੱਪਲ ਪੱਤੀਆਂ’ ਵੀ ਪਿੱਪਲ ਦੀਆਂ ਪੱਤੀਆਂ ਵਾਂਗ ਜੀਵਨ ਦਾਨ ਦੇਣ ਵਾਲਾ ਪਵਿਤਰ ਰੁੱਖ ਅਤੇ ਸ਼ੁੱਭ ਗਹਿਣਾ ਹੀ ਸਾਬਿਤ ਹੋਵੇਗਾ।
“ਗੀਤ-ਲੇਖਕ ਜਦੋਂ ਕਵਿਤਾ ਦੀ ਰਚਨਾ ਗਾਏ ਜਾਣ ਲਈ ਕਰਦਾ ਹੈ ਤਾਂ ਉਸਨੂੰ ਬਾਕੀ ਕਵੀਆਂ ਦੇ ਮੁਕਾਬਲੇ ਤੇ ਜ਼ਿਆਦਾ ਔਖਾ ਕੰਮ ਕਰਨਾ ਪੈਂਦਾ ਹੈ।“ 20
ਸੋ, ਗੁਰਭਜਨ ਗਿੱਲ ਨੇ ਔਖੇ ਕੰਮ ਦੀ ਹੀ ਚੋਣ ਕੀਤੀ ਹੈ। ਸਤਿੰਦਰ ਸਿੰਘ ‘ਆਧੁਨਿਕ ਪੰਜਾਬੀ ਕਾਵਿ :ਰੂਪ ਅਧਿਐਨ’ ਵਿਚ ਲਿਖਦੇ ਹਨ , “ਗੀਤ ਦੇ ਦੋ ਵਰਗ ਹੋ ਸਕਦੇ ਹਨ। ਸੰਗੀਤ ਪ੍ਰਧਾਨ ਗੀਤ ਤੇ ਸਾਹਿਤਕ ਗੀਤ। ਪਹਿਲਾ ਵਰਗ ਉਹਨਾਂ ਗੀਤਾਂ ਦਾ ਹੈ ਜੋ ਸਚਮੁਚ ਗਾਏ ਜਾਂਦੇ ਹਨ। ਇਹਨਾਂ ਦੇ ਗਾਏ ਜਾਣ ਲਈ ਸੰਗੀਤਕ ਸਾਜ਼ ਦਾ ਸਾਥ ਜ਼ਰੂਰੀ ਹੁੰਦਾ ਹੈ। ਇਹਨਾਂ ਵਿੱਚ ਕਵਿਤਾ ਤੇ ਸੰਗੀਤ ਦਾ ਅਨਿੱਖੜ ਸਬੰਧ ਦੇਖਿਆ ਜਾ ਸਕਦਾ ਹੈ। ਦੂਜਾ ਵਰਗ ਉਹਨਾਂ ਗੀਤਾਂ ਦਾ ਹੈ, ਜਿਹੜੇ ਛੰਦਮਈ ਸਰੂਪ ਕਾਰਣ ਆਪਣੇ ਆਪ ਵਿਚ ਸੰਗੀਤਮਈ ਹੁੰਦੇ ਹਨ। ਇਹਨਾਂ ਦੀ ਰਚਨਾ ਨਾ ਤਾਂ ਬਾਹਰੀ ਸੰਗੀਤ ਦੇ ਆਧਾਰ ’ਤੇ ਅਤੇ ਨਾ ਹੀ ਗਏ ਜਾਣ ਦੇ ਉਦੇਸ਼ ਨਾਲ ਕੀਤੀ ਜਾਂਦੀ ਹੈ। ਇਸ ਵਰਗ ਦੇ ਗੀਤਾਂ ਵਿਚ ਸੰਗੀਤ ਉਹਨਾਂ ਦੀ ਆਤਮਾ ਵਿਚ ਮੌਜੂਦ ਹੁੰਦਾ ਹੈ , ਜੋ ਸ਼ਬਦ ਲੈਅ ਤੇ ਉਤਾਰ-ਚੜ੍ਹਾ ਦੁਆਰਾ ਪ੍ਰਗਟ ਹੁੰਦਾ ਹੈ। ਇਹ ਸੰਗੀਤ ਹਿਰਦੇ ਵਿਚ ਗੂੰਜਦਾ ਹੈ ਅਤੇ ਇਹਨਾਂ ਨੂੰ ਕੋਈ ਪਾਠਕ ਇਕਾਂਤ ਵਿਚ ਬੈਠ ਕੇ ਵੀ ਗਾ ਸਕਦਾ ਹੈ” । 21
ਗੁਰਭਜਨ ਗਿੱਲ ਦੇ ਗੀਤ ਆਪਣੇ ਆਪ ਵਿਚ ਸੰਗੀਤਮਈ ਹਨ, ਉਸਦੇ ਗੀਤਾਂ ਨੂੰ ਸੰਗੀਤ ਦੇ ਬਿਨ੍ਹਾਂ ਵੀ ਇਕਾਂਤ ਵਿਚ ਗਾ ਕੇ ਵੀ ਮਾਣਿਆ ਜਾ ਸਕਦਾ ਹੈ, ਕਿਉਂਕਿ ਸੰਗੀਤ ਉਸਦੇ ਗੀਤਾਂ ਦੀ ਆਤਮਾ ਵਿਚ ਮੌਜੂਦ ਹੈ। ਉਸਦੇ ਗੀਤ ਸਾਹਿਤਕ ਸ਼ੈਲੀ ਦੇ ਹਨ । ਉਸਦੇ ਗੀਤਾਂ ਵਿਚ ਸਰੋਦੀ ਅੰਸ਼ ਵੀ ਮੌਜੂਦ ਹੈ। ਗੀਤਾਂ ਵਿਚ ਗਹਿਰ – ਗੰਭੀਰ ਭਾਵਾਂ ਦੀ ਅਭਿਵਿਅੰਜਨਾ ਬਹੁਤ ਸੰਜੀਦਾ ਢੰਗ ਨਾਲ ਹੋਈ ਹੈ। ਗੁਰਭਜਨ ਗਿੱਲ ਨੇ ਪੁਸਤਕ ‘ਪਿੱਪਲ ਪੱਤੀਆਂ’ ਵਿਚ ਲੋਕ ਕਾਵਿ ਰੂਪ ਟੱਪਾ ਅਤੇ ਬੋਲੀਆਂ ਵਿਚ ਨਿਵੇਕਲੇ ਭਾਵਾਂ ਦੀ ਪੇਸ਼ਕਾਰੀ ਕੀਤੀ ਹੈ। ਟੱਪਾ ਇਕਹਿਰੀ ਤੁਕ ਦਾ ਹੁੰਦਾ ਹੈ। ਇਸਨੂੰ ਇਕਹਿਰੀ ਬੋਲੀ ਵੀ ਕਿਹਾ ਜਾਂਦਾ ਹੈ। ਸੰਜਮ, ਸਹਿਜ ਨਾਲ ਇਕਹਿਰਾ ਭਾਵ ਪੇਸ਼ ਕੀਤਾ ਜਾਂਦਾ ਹੈ। ਉਦਾਹਰਨ ਦੇ ਤੌਰ ’ਤੇ,
ਡੱਗਾ ਢੋਲ ਉੱਤੇ ਲਾ ਢੋਲੀਆ।
ਸਾਡੇ ’ਚੋਂ ਪੰਜਾਬ ਨਾ ਮਰੇ,
ਤੂੰ ਹਲੂਣ ਕੇ ਜਗਾ ਢੋਲੀਆ। 22
ਉਪਰੋਕਤ ਟੱਪੇ ਵਿਚ ਪੰਜਾਬੀਆਂ ਦੇ ਮਨਾਂ ਵਿਚੋਂ ਪੰਜਾਬੀਅਤ ਕਦੇ ਖਤਮ ਨਾ ਹੋਣ ਦੀ ਕਾਮਨਾ ਕੀਤੀ ਹੈ। ਗੁਰਭਜਨ ਗਿੱਲ ਹੁਰਾਂ ਨੇ ਨਿਵੇਕਲੇ ਭਾਵਾਂ ਦੀ ਪੇਸ਼ਕਾਰੀ ਟੱਪਾ ਕਾਵਿ ਰੂਪ ਵਿਚ ਬੜੀ ਸਰਲਤਾ ਨਾਲ ਕੀਤੀ ਹੈ। ਗੁਰਭਜਨ ਗਿੱਲ ਨੇ ਭਾਵਾਂ ਦੀ ਪੇਸ਼ਕਾਰੀ ਕਰਦਿਆਂ ਤੋਲ- ਤੁਕਾਂਤ ਦਾ ਖ਼ਾਸਾ ਖ਼ਿਆਲ ਰੱਖਿਆ ਹੈ। ਇਹੋ ਤੋਲ-ਤੁਕਾਂਤ ਸੁਰ- ਤਾਲ ਪੈਦਾ ਕਰਦਾ ਹੈ।ਇਹਨਾਂ ਨਾਲ ਰਸ ਅਤੇ ਸੰਗੀਤਾਤਮਕਤਾ ਦਾ ਅੰਸ਼ ਵੀ ਉਭਰਦਾ ਹੈ। ਮਾਹੀਏ ਵਿਚੋਂ ਇਸ ਦੀ ਉਦਾਹਰਨ ਵੇਖੀ ਜਾ ਸਕਦੀ ਹੈ:
ਦਾਣੇ ਰਸ ਗਏ ਅਨਾਰਾਂ ਦੇ।
ਕਰਨ ਕਮਾਈਆਂ ਤੁਰ ਗਏ ,
ਯਾਰ ਕੱਚੇ ਸੀ ’ਕਰਾਰਾਂ ਦੇ। 23
ਗੁਰਭਜਨ ਗਿੱਲ ਨੇ ਥਾਂ ਪਰ ਥਾਂ ਸਿਸਟਮ, ਕਨੂੰਨ ਅਤੇ ਪੰਜਾਬ , ਪੰਜਾਬੀਅਤ ਤੋਂ ਮੂੰਹ ਮੋੜਦੀ ਜਵਾਨੀ ਨੂੰ ਵਿਅੰਗ ਹੇਠ ਲਿਆਂਦਾ ਹੈ। ਚਾਰੇ ਪਾਸੇ ਪਸਰੇ ਹੋਏ ਕੂੜ ਤੋਂ ਕਵੀ ਮਨ ਭਲੀਭਾਂਤ ਜਾਣੂੰ ਹੈ। ਹੇਠ ਲਿਖੀਆਂ ਕਾਵਿ ਸਤਰਾਂ ਵਿਚ ਵਿਅੰਗ ਵੀ ਹੈ ਅਤੇ ਲਿਆਕਤ ਵਾਲੀਆਂ ਸ਼ਖ਼ਸੀਅਤਾਂ ਦੀ ਤ੍ਰਾਸਦੀ ਵੀ ਹੈ :
ਵਿਹਲੀਆਂ ਲਿਆਕਤਾਂ ਨੇ , ਕੰਮਕਾਰ ਨਾ।
ਏਦਾਂ ਜਾਪੇ ਏਥੇ ਕੋਈ ਸਰਕਾਰ ਨਾ ।
ਗੱਡੇ ਜਿੰਨਾ ਮਨਾਂ ਉੱਤੇ ਭਾਰ ਵੇਖ ਲੈ । 24
ਗੁਰਭਜਨ ਗਿੱਲ ਦੀ ਕਾਵਿ ਭਾਸ਼ਾ ਲੋਕ ਮਨ ਦੇ ਨੇੜੇ ਹੈ। ਉਹ ਲੋਕ ਮੁਹਾਵਰੇ ਵਿਚ ਆਪਣੇ ਭਾਵਾਂ ਦੀ ਪੇਸ਼ਕਾਰੀ ਕਰਦਾ ਹੈ। ਉਸਦੀ ਪੁਸਤਕ ਪਿੱਪਲ ਪੱਤੀਆਂ ਵਿਚ ਲੋਕਧਾਰਾਈ ਵੇਰਵੇ ਅਤੇ ਸਭਿਆਚਾਰਕ ਵਰਤਾਰਿਆਂ ਦੀ ਪੇਸ਼ਕਾਰੀ ਉਸਨੂੰ ਲੋਕ ਮਨ ਦੇ ਨੇੜੇ ਕਰਦੀ ਹੈ। ਦਰੀਆਂ, ਸੂਤ, ਦਸੂਤੀ, ਖੱਦਰ, ਫੁਲਕਾਰੀ, ਪਰਾਲੀ, ਪੀਂਘਾਂ, ਪਿੱਪਲ, ਬੋਹੜ , ਕਿੱਕਲੀ, ਗਿੱਧਾ, ਕਬੱਡੀ, ਭੱਠੀ, ਕੀਰਨੇ, ਵੈਣ, ਸੁਹਾਗ- ਘੋੜੀਆਂ, ਪੱਗ, ਚੁੰਨੀ ਆਦਿ ਲੋਕਧਾਰਾਈ ਵੇਰਵਿਆਂ ਦੀ ਵਰਤੋਂ ਰਚਨਾ ਨੂੰ ਸਰਲਤਾ ਵੀ ਪ੍ਰਦਾਨ ਕਰਦੀ ਹੈ ਅਤੇ ਵਿਰਾਸਤੀ ਅਮੀਰੀ ਨਾਲ ਲਬਰੇਜ਼ ਵੀ ਕਰਦੀ ਹੈ । ਗੁਰਭਜਨ ਗਿੱਲ ਨੇ ਉਰਦੂ ਫ਼ਾਰਸੀ ਦੇ ਸ਼ਬਦਾਂ ਦੀ ਵਰਤੋਂ ਵੀ ਕੀਤੀ ਹੈ, ਜੋ ਪੰਜਾਬੀ ਵਿਚ ਰਚ – ਮਿਚ ਗਏ ਜਾਂ ਪੰਜਾਬੀ ਭਾਸ਼ਾ ਦਾ ਹਿੱਸਾ ਹੀ ਹੋ ਚੁੱਕੇ ਹਨ। ਗੁਰਭਜਨ ਗਿੱਲ ਦੇ ਗੀਤਾਂ ਵਿਚ ਬਿੰਬ ਵੀ ਗਹਿਨ ਰੂਪ ਵਿਚ ਰਚਨਾ ਨੂੰ ਅਰਥ ਪ੍ਰਦਾਨ ਕਰਦੇ ਹਨ :
“ ਬਹਿੰਦੇ ਜਦ ਆਣ ਬਨੇਰੇ , ਕਾਵਾਂ ਨੂੰ ਚੂਰੀ ਪਾਵਾਂ ।
ਸੂਤਰ ਦੇ ਖੇਸ ਉਣਾਵਾਂ, ਕੋਰੇ ਨਾ, ਪਿੜੀਆਂ ਪਾਵਾਂ।
ਤੇਰੇ ਲਈ ਸਾਂਭੇ ਨਵੇਂ ਨਕੋਰ ਵੇ ਪਰਦੇਸੀਆ”। 25
ਗੁਰਭਜਨ ਗਿੱਲ ਨੇ ਗੁਰਬਾਣੀ ਤੁਕਾਂ ਨੂੰ ਆਧਾਰ ਬਣਾ ਕੇ ਸੰਦੇਸ਼ ਦਾ ਬੜੀ ਆਸਾਨੀ ਨਾਲ ਪ੍ਰਵਾਹ ਕੀਤਾ ਹੈ। ਜਿਵੇਂ : “ ਗਿਆਨ ਵਿਹੂਣੀ ਅੰਧੀ ਰੱਯਤ”, ਅਰਬਦ ਨਰਬਦ ਧੁੰਦੂਕਾਰ, ਆਪਣਾ ਮੂਲ ਪਛਾਣ, ਪੌਣ ਗੁਰ, ਪਾਣੀ ਪਿਤਾ, ਧਰਤੀ ਮਾਤਾ।”
ਗੁਰਭਜਨ ਗਿੱਲ ਨੇ ਉਹ ਤਮਾਮ ਵਿਸ਼ੇ ਜੋ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਲਈ ਗੰਭੀਰ ਖ਼ਤਰਾ ਬਣ ਚੁੱਕੇ ਹਨ, ਬਾਰੇ ਹਕੂਮਤ ਅਤੇ ਆਵਾਮ ਨੂੰ ਆਗਾਹ ਕੀਤਾ ਹੈ, ਨਾਲ ਹੀ ਅਜਿਹੇ ਵਿਸ਼ੇ ਵੀ ਆਧਾਰ ਬਣੇ ਹਨ, ਜੋ ਪੰਜਾਬੀਆਂ ਨੂੰ ਮੁੜ ਲੀਹ ‘ਤੇ ਲਿਆਉਣ ਲਈ ਪ੍ਰੇਰਦੇ ਹਨ, ਜਿਵੇਂ ਗੁਰੂ ਸਾਹਿਬਾਨ ਦੇ ਸਿਧਾਂਤ, ਉਹਨਾਂ ਦੁਆਰਾ ਦੱਸੀ ਜੀਵਨ ਜਾਚ , ਸ਼ਹੀਦਾਂ ਦਾ ਇਤਿਹਾਸ ਅਤੇ ਪ੍ਰਕਿਰਤੀ ਪ੍ਰਤੀ ਸਤਿਕਾਰ ਮਨੁੱਖਾਂ ਵਿਚ ਨਵੀਂ ਰੌਂਅ ਭਰਦੇ ਨਜ਼ਰ ਆਉਂਦੇ ਹਨ। ਗੁਰਭਜਨ ਗਿੱਲ ਨੇ ਆਪਣੇ ਗੀਤਾਂ ਰਾਹੀਂ ਪ੍ਰਕਿਰਤੀ ਨੂੰ ਮਨੁੱਖ ਪੱਖੀ ਅਤੇ ਹਕੂਮਤ ਨੂੰ ਲੋਕ ਵਿਰੋਧੀ ਮੰਨਿਆ ਹੈ, ਉਸ ਅੰਦਰ ਵਿਸ਼ਵੀਕਰਨ ਦੇ ਬੁਰੇ ਪ੍ਰਭਾਵਾਂ ਕਾਰਨ ਵਿਰਸੇ ਪ੍ਰਤੀ ਇਕ ਚੀਸ ਵੀ ਪੈਦਾ ਹੁੰਦੀ ਹੈ ਪ੍ਰੰਤੂ ਉਹ ਵਿਸ਼ਵੀਕਰਨ ਦੇ ਚੰਗੇ ਪ੍ਰਭਾਵਾਂ ਤੋਂ ਮੁਨਕਰ ਵੀ ਨਹੀਂ ਹੈ, ਇਸੇ ਲਈ ਕੈਨੇਡਾ ਵਰਗੇ ਮੁਲਕਾਂ ਪ੍ਰਤੀ ਸਤਿਕਾਰ ਦੀ ਭਾਵਨਾ ਵੀ ਪੇਸ਼ ਕਰਦਾ ਹੈ।
ਗੁਰਭਜਨ ਗਿੱਲ ਦੇ ਗੀਤਾਂ ਵਿਚਲੇ ਵਿਸ਼ਿਆਂ ‘ਚ ਵੰਨ- ਸੁਵੰਨਤਾ ਤਾਂ ਹੈ ਪ੍ਰੰਤੂ ਵਿਸ਼ਿਆਂ ਦਾ ਦੁਹਰਾਅ ਵੀ ਹੋ ਰਿਹਾ ਹੈ। ਗੁਰਭਜਨ ਗਿੱਲ ਸਮਾਜਿਕ ਵਰਤਾਰਿਆਂ ਵਿਚ ਸ਼ਾਮਿਲ ਸਭਿਆਚਾਰਕ, ਰਾਜਨੀਤਕ, ਆਰਥਿਕ ਅਤੇ ਇਤਿਹਾਸਕ ਹਵਾਲਿਆਂ ਨੂੰ ਵੀ ਉਘਾੜਦੇ ਹਨ ਕਿਉਂਕਿ ਇਹ ਹਵਾਲੇ ਕਈ ਪੱਖਾਂ ਤੋਂ ਪੰਜਾਬੀ ਜਨ ਜੀਵਨ ਨੂੰ ਪ੍ਰਭਾਵਿਤ ਕਰਦੇ ਆ ਰਹੇ ਹਨ ਅਤੇ ਇਹ ਪੰਜਾਬੀ ਮਨ ਨੂੰ ਧੁਰ ਅੰਦਰ ਤੱਕ ਟੁੰਬਦੇ ਵੀ ਹਨ। ਗੁਰਭਜਨ ਗਿੱਲ ਦੇ ਕਲਾਮ ਵਿਚ ਆਏ ਸਾਰੇ ਵਿਸ਼ੇ ਸਾਬਿਤ ਕਰਦੇ ਹਨ ਕਿ ਉਹ ਹਰ ਪੰਜਾਬੀ ਮਨ ਨੂੰ ਪ੍ਰਭਾਵਿਤ ਕਰਨ ਵਾਲੇ ਪੱਖਾਂ ਤੋਂ ਕਿੰਨਾ ਨੇੜੇ ਤੋਂ ਨਾ ਸਿਰਫ ਜਾਣੂੰ ਹਨ ਸਗੋਂ ਉਹਨਾਂ ਨੇ ਇਹਨਾਂ ਪੱਖਾਂ ਨੂੰ ਖ਼ੁਦ ਤੇ ਹੰਢਾਇਆ, ਮਾਣਿਆ ਅਤੇ ਮਹਿਸੂਸ ਕੀਤਾ ਹੈ। ਸੋ, ਗੁਰਭਜਨ ਗਿੱਲ ਵੱਲੋਂ ਛੋਹੇ ਗਏ ਸਾਰੇ ਹੀ ਵਿਸ਼ੇ ਖ਼ਸੂਸੀ ਤਵੱਜੋਂ ਦੀ ਮੰਗ ਕਰਦੇ ਹਨ।
ਗੁਰਜੀਤ ਕੌਰ
ਖੋਜ ਵਿਦਿਆਰਥਣ
ਪੰਜਾਬੀ ਅਧਿਐਨ ਸਕੂਲ
ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ