ਦਮਨਵੀਰ ਸਿੰਘ ਫਿਲੌਰ ਨੇ ਸ਼੍ਰੋਮਣੀ ਕਮੇਟੀ ਪ੍ਰਧਾਨ ਨੂੰ ਖੁੱਲ੍ਹਾ ਪੱਤਰ ਲਿਖ ਕੇ ਉਠਾਏ ਸਵਾਲ
ਮੋਹਾਲੀ , 26 ਮਈ, 2023: ਸ਼੍ਰੋਮਣੀ ਅਕਾਲੀ ਦਲ-ਸੰਯੁਕਤ ਦੇ ਕੌਮੀ ਜਨਰਲ ਸਕੱਤਰ ਦਮਨਵੀਰ ਸਿੰਘ ਫਿਲੌਰ ਨੇ ਇਕ ਚੈਨਲ ਵੱਲੋਂ ਸ੍ਰੀ ਹਰਿਮੰਦਰ ਸਾਹਿਬ ਤੋਂ ਗੁਰਬਾਣੀ ਦੇ ਪ੍ਰਸਾਰਣ ਦੀ ਕਥਿਤ ਵਪਾਰਕ ਵਰਤੋਂ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਵਸੂਲੀ ਜਾਣ ਵਾਲੀ ਫ਼ੀਸ ਬਾਰੇ ਵਾਈਟ ਪੇਪਰ ਦੀ ਮੰਗ ਕੀਤੀ ਹੈ। ਉਨ੍ਹਾਂ ਸਬੰਧਿਤ ਚੈਨਲ ਕੋਲੋਂ ਐਸਜੀਪੀਸੀ ਕੋਲ ਟੈਲੀਕਾਸਟ ਤੋਂ ਆਈ ਰਾਸ਼ੀ ਦੀ ਪੰਥ ਦੇ ਭਲੇ ਲਈ ਕੀਤੀ ਗਈ ਵਰਤੋਂ ਬਾਰੇ ਵੀ ਜਾਣਕਾਰੀ ਜਨਤਕ ਕਰਨ ਦੀ ਮੰਗ ਕੀਤੀ ਹੈ। ਦਮਨਵੀਰ ਸਿੰਘ ਫਿਲੌਰ ਨੇ ਆਪਣੀ ਇਸ ਮੰਗ ਸਬੰਧੀ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਨੂੰ ਖੁੱਲ੍ਹਾ ਪੱਤਰ ਲਿਖਿਆ ਹੈ।
ਸ੍ਰੀ ਫਿਲੌਰ ਨੇ ਖੁੱਲੇ ਪੱਤਰ ਵਿੱਚ ਲਿਖਿਆ ਹੈ, ਕਿ ‘‘ਇਹ ਸਭ ਨੂੰ ਪਤਾ ਹੈ ਕਿ ਜੀ-ਨੈਕਸਟ ਮੀਡੀਆ ਪ੍ਰਾਈਵੇਟ ਲਿਮਟਿਡ (ਪੀ.ਟੀ.ਸੀ. ਚੈਨਲ)ਕੋਲ, ਜੋ ਕਿ ਬਾਦਲ ਪਰਿਵਾਰ ਦੀ ਮਲਕੀਅਤ ਹੈ, ਹਰਿਮੰਦਰ ਸਾਹਿਬ ਤੋਂ ਗੁਰਬਾਣੀ ਦੇ ਪ੍ਰਸਾਰਣ ਦਾ ਇੱਕੋ-ਇੱਕ ਅਧਿਕਾਰ ਹੈ। ਉਨ੍ਹਾਂ ਕਿਹਾ ਕਿ ਇਹ ਵੀ ਦੋਸ਼ ਹਨ ਕਿ ਚੈਨਲ ਨੇ ਗੁਰਬਾਣੀ ਦਾ ਵਪਾਰੀਕਰਨ ਕੀਤਾ ਅਤੇ ਇਸ ਨੂੰ ਵੇਚ ਕੇ ਫੰਡ ਇਕੱਠੇ ਕੀਤੇ। ਉਨ੍ਹਾਂ ਕਿਹਾ ਕਿ ਹੁਣ ਸਮਾਂ ਆ ਗਿਆ ਹੈ ਕਿ ਇਸ ਮੁੱਦੇ ’ਤੇ ਤੱਥਾਂ ਨੂੰ ਜਨਤਕ ਡੋਮੇਨ ਵਿੱਚ ਲਿਆਂਦਾ ਜਾਵੇ ਕਿਉਂਕਿ ਪਵਿੱਤਰ ਗੁਰਬਾਣੀ ਨੂੰ ਵਪਾਰਕ ਮੰਤਵਾਂ ਲਈ ਵਰਤਣਾ ਪਾਪ ਹੈ।
ਦਮਨਵੀਰ ਸਿੰਘ ਫਿਲੌਰ ਨੇ ਸ਼੍ਰੋਮਣੀ ਕਮੇਟੀ ਪ੍ਰਧਾਨ ਨੂੰ ਲਿਖੇ ਖੁੱਲ੍ਹੇ ਪੱਤਰ ਵਿੱਚ ਇਸ ਮਾਮਲੇ ਬਾਰੇ ਵਾਈਟ ਪੇਪਰ ਦੀ ਮੰਗ ਕੀਤੀ ਹੈ, ਕਿ ਕੀ ਚੈਨਲ ਨੇ ਗੁਰਬਾਣੀ ਦਾ ਵਪਾਰੀਕਰਨ ਕੀਤਾ ਹੈ ਅਤੇ ਜੇਕਰ ਅਜਿਹਾ ਕੀਤਾ ਹੈ ਤਾਂ ਪਿਛਲੇ ਕਈ ਸਾਲਾਂ ਵਿੱਚ ਅਜਿਹਾ ਕਰਕੇ ਚੈਨਲ ਨੂੰ ਕਿੰਨਾ ਮੁਨਾਫ਼ਾ ਹੋਇਆ ਹੈ। ਉਨ੍ਹਾਂ ਲਿਖਿਆ ਕਿ ਸ਼੍ਰੋਮਣੀ ਕਮੇਟੀ ਸਬੰਧਿਤ ਨੈੱਟਵਰਕ ਨੂੰ ਸਾਰੇ ਤੱਥ ਅਤੇ ਅੰਕਡ਼ੇ ਆਪਣੇ ਸਾਹਮਣੇ ਪੇਸ਼ ਕਰਨ ਲਈ ਨਿਰਦੇਸ਼ ਦੇਵੇ ਅਤੇ ਇਸ ਮਗਰੋਂ ਕਮੇਟੀ ਵੱਲੋਂ ਸਾਰੀ ਜਾਣਕਾਰੀ ਨੂੰ ਜਨਤਕ ਕੀਤਾ ਜਾਵੇ।
ਸਯੁੰਕਤ ਅਕਾਲੀ ਦਲ ਦੇ ਆਗੂ ਨੇ ਲਿਖਿਆ ਕਿ ਜੇਕਰ ਚੈਨਲ ਵੱਲੋਂ ਆਪਣੇ ਲਈ ਪੈਸਾ ਇਕੱਠਾ ਕੀਤਾ ਗਿਆ ਹੈ, ਤਾਂ ਸ਼੍ਰੋਮਣੀ ਕਮੇਟੀ ਨੂੰ ਚਾਹੀਦਾ ਹੈ ਕਿ ਉਹ ਚੈਨਲ ਨੂੰ ਗੁਰਬਾਣੀ ਦਾ ਵਪਾਰੀਕਰਨ ਕਰਕੇ ਇਕੱਠੇ ਕੀਤੇ ਫੰਡ ਵਾਪਸ ਦੇਣ ਲਈ ਕਹੇ। ਉਨ੍ਹਾਂ ਪੱਤਰ ਵਿੱਚ ਕਿਹਾ ਕਿ ਪ੍ਰਾਪਤ ਹੋਏ ਪੈਸੇ ਦੀ ਵਰਤੋਂ ਪੰਥ ਦੀ ਸੇਵਾ ਵਾਲੇ ਵਿਕਾਸ ਕੰਮਾਂ ਲਈ ਕੀਤੀ ਜਾ ਸਕਦੀ ਹੈ।
ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਨੂੰ ਇਸ ਗੱਲ ’ਤੇ ਵੀ ਚਾਨਣਾ ਪਾਉਣਾ ਚਾਹੀਦਾ ਹੈ ਕਿ ਜੀ-ਨੈਕਸਟ ਮੀਡੀਆ ਤੋਂ ਸ਼੍ਰੋਮਣੀ ਕਮੇਟੀ ਵੱਲੋਂ ਲਈ ਜਾਂਦੀ ਫੀਸ ਨੂੰ ਪੰਥ ਦੇ ਭਲੇ ਲਈ ਕਿਵੇਂ ਵਰਤਿਆ ਗਿਆ ਹੈ। ਉਨ੍ਹਾਂ ਕਿਹਾ ਕਿ ਜੇਕਰ ਵਾਈਟ ਪੇਪਰ ਸਾਹਮਣੇ ਨਾ ਆਇਆ ਤਾਂ ਪੰਜਾਬ ਅਤੇ ਪੰਥ ਦੇ ਨੁਮਾਇੰਦੇ ਹੋਣ ਦੇ ਨਾਤੇ ਸਾਡੇ ਕੋਲ ਮਨੀ ਟਰੇਲ ਦਾ ਪਤਾ ਲਗਾਉਣ ਲਈ ਅਦਾਲਤ ਜਾਂ ਕਿਸੇ ਪ੍ਰਮੁੱਖ ਜਾਂਚ ਏਜੰਸੀ ਕੋਲ ਜਾਣ ਤੋਂ ਇਲਾਵਾ ਕੋਈ ਚਾਰਾ ਨਹੀਂ ਹੋਵੇਗਾ।
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਗੁਰਬਾਣੀ ਦੇ ਪ੍ਰਸਾਰਣ ਲਈ ਸ਼੍ਰੋਮਣੀ ਕਮੇਟੀ ਵੱਲੋਂ ਜਲਦੀ ਹੀ ਖੁੱਲ੍ਹੇ ਟੈਂਡਰ ਮੰਗੇ ਜਾਣ ਦੇ ਫੈਸਲੇ ਦਾ ਜ਼ਿਕਰ ਕਰਦਿਆਂ ਸ੍ਰੀ ਫਿਲੌਰ ਨੇ ਪੱਤਰ ਵਿੱਚ ਕਿਹਾ, ਕਿ ‘‘ਇਹ ਸੱਚਮੁੱਚ ਬਹੁਤ ਵਧੀਆ ਉਪਰਾਲਾ ਹੈ। ਲੰਬੇ ਸਮੇਂ ਤੋਂ ਸ੍ਰੀ ਹਰਿਮੰਦਰ ਸਾਹਿਬ ਤੋਂ ਪਵਿੱਤਰ ਗੁਰਬਾਣੀ ਦੇ ਪ੍ਰਸਾਰਣ ਨੂੰ ਲੈ ਕੇ ਇਕ ਚੈਨਲ ਦਾ ਏਕਾਧਿਕਾਰ ਖਤਮ ਕਰਨ ਦੀ ਮੰਗ ਕੀਤੀ ਜਾ ਰਹੀ ਸੀ।”
ਪੱਤਰ ਵਿੱਚ ਸ੍ਰੀ ਫਿਲੌਰ ਨੇ ਇਹ ਵੀ ਪੁੱਛਿਆ ਹੈ, ‘‘ਕੀ ਐਸਜੀਪੀਸੀ ਪ੍ਰਬੰਧਨ ਪੂਰੀ ਪਾਰਦਰਸ਼ਤਾ ਨੂੰ ਯਕੀਨੀ ਬਣਾਉਣ ਦੇ ਯੋਗ ਹੋਵੇਗਾ ਤਾਂ ਜੋ ਟੈਂਡਰ ਵਿੱਚ ਭਾਗ ਲੈਣ ਵਾਲੇ ਸੱਚੇ ਲੋਕਾਂ ਨੂੰ ਗੁਰਬਾਣੀ ਦੇ ਪ੍ਰਸਾਰਣ ਕਰਨ ਦਾ ਮੌਕਾ ਮਿਲ ਸਕੇ? ਜੇਕਰ ਸ਼੍ਰੋਮਣੀ ਕਮੇਟੀ ਇਸ ਵੱਲ ਧਿਆਨ ਨਹੀਂ ਦਿੰਦੀ ਤਾਂ ਟੈਂਡਰ ਪ੍ਰਕਿਰਿਆ ਦੀ ਕੋਈ ਤੁਕ ਨਹੀਂ ਹੈ।”