ਚੰਡੀਗੜ੍ਹ, 27: ਖੁਰਾਕ, ਸਿਵਲ ਸਪਲਾਈ ਤੇ ਖਪਤਕਾਰ ਮਾਮਲਿਆਂ ਬਾਰੇ ਮੰਤਰੀ ਸ੍ਰੀ ਭਾਰਤ ਭੂਸ਼ਣ ਆਸ਼ੂ ਨੇ ਕਿਹਾ ਕਿ ਉਨ੍ਹਾਂ ਦਾ ਟੀਚਾ ਵਿਭਾਗ ਨੂੰ ਸਨਅਤ ਪੱਖੀ ਬਣਾਉਣਾ ਹੈ ਤਾਂ ਜੋ ਇਹ ਵਿਭਾਗ ਪੰਜਾਬ ਦੀ ਉਦਯੋਗਿਕ ਤਰੱਕੀ ਦਾ ਰਾਹ ਦਸੇਰਾ ਬਣ ਸਕੇ। ਇਹ ਗੱਲ ਉਨ੍ਹਾਂ ਅੱਜ ਇਥੇ ਪੰਜਾਬ ਭਵਨ ਵਿਖੇ ਰਾਈਸ ਮਿੱਲਰਜ਼ ਐਸੋਸੀਏਸ਼ਨ ਅਤੇ ਆੜ੍ਹਤੀਆ ਐਸੋਸੀਏਸ਼ਨ ਵੱਲੋਂ ਸਨਮਾਨਤ ਕਰਨ ਮੌਕੇ ਕਹੀ। ਦੋਵਾਂ ਐਸੋਸੀਏਸ਼ਨਾਂ ਵੱਲੋਂ ਨਵੇਂ ਬਣੇ ਮੰਤਰੀ ਨੂੰ ਅੱਜ ਇਥੇ ਸਨਮਾਨਤ ਕੀਤਾ ਗਿਆ।
ਸ੍ਰੀ ਆਸ਼ੂ ਨੇ ਕਿਹਾ ਕਿ ਵਿਭਾਗ ਦੇ ਕੰਮਕਾਜ ਵਿੱਚ ਪੂਰੀ ਪਾਰਦਰਸ਼ਤਾ ਲਿਆਂਦੀ ਜਾਵੇਗੀ ਅਤੇ ਲੋਕਾਂ ਦੀ ਖੱਜਲ ਖੁਆਰੀ ਖਤਮ ਕਰਨ ਲਈ ਸ਼ਕਤੀਆਂ ਦਾ ਵਿਕੇਂਦਰੀਕਰਨ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਜ਼ਿਲਾ ਖੁਰਾਕ ਤੇ ਸਿਵਲ ਸਪਲਾਈ ਦਫਤਰਾਂ ਨੂੰ ਹੋਰ ਮਜ਼ਬੂਤ ਕੀਤਾ ਜਾਵੇਗਾ ਤਾਂ ਜੋ ਆਮ ਲੋਕਾਂ ਨੂੰ ਕਿਸੇ ਕੰਮ ਲਈ ਮੁੱਖ ਦਫਤਰ ਨਾ ਆਉਣਾ ਪਵੇ।
ਇਸ ਮੌਕੇ ਰਾਈਸ ਮਿੱਲਰਜ਼ ਐਸੋਸੀਏਸ਼ਨ ਪੰਜਾਬ ਦੇ ਪ੍ਰਧਾਨ ਸ੍ਰੀ ਗਿਆਨ ਚੰਦ ਭਾਰਦਵਾਜ ਤੇ ਸਕੱਤਰ ਸ੍ਰੀ ਅਸ਼ਵਨੀ ਸੰਗਰੂਰ ਅਤੇ ਆੜ੍ਹਤੀਆ ਐਸੋਸੀਏਸ਼ਨ ਦੇ ਪ੍ਰਧਾਨ ਰਵਿੰਦਰ ਸਿੰਘ ਚੀਮਾ ਹਾਜ਼ਰ ਸਨ।