ਨਵਾਂਸ਼ਹਿਰ, 19 ਜੂਨ (ਵਿਸ਼ਵ ਵਾਰਤਾ ):-
ਡਿਪਟੀ ਕਮਿਸ਼ਨਰ ਡਾ. ਸ਼ੇਨਾ ਅਗਰਵਾਲ ਨੇ ਅੱਜ ਇਥੇ ਕੋਵਿਡ-19 ਸੰਕਟ ਦੌਰਾਨ ਮਾਨਵਤਾ ਦੀ ਸੇਵਾ ਕਰਨ ਵਾਲੀਆਂ ਸੰਸਥਾਵਾਂ ਨੂੰ ਸਨਮਾਨ ਵਜੋਂ ਮਿਸ਼ਨ ਫ਼ਤਿਹ ਦੇ ਬੈਜ ਲਾਏ। ਉਨ੍ਹਾਂ ਇਸ ਮੌਕੇ ਕਿਹਾ ਕਿ ਕੋਵਿਡ-19 ਸੰਕਟ ਦੌਰਾਨ ਕੇਵਲ ਇੱਕ ਬਿਮਾਰੀ ਹੀ ਚੁਣੌਤੀ ਨਹੀਂ ਸੀ, ਬਲਕਿ ਗਰੀਬ ਤੇ ਕਮਜ਼ੋਰ ਵਰਗਾ ਲਈ ਲਾਕਡਾਊਨ ਦੌਰਾਨ ਰੋਜ਼ੀ-ਰੋਟੀ ਵੀ ਵੱਡੀ ਚਿੰਤਾ ਬਣ ਗਈ ਸੀ। ਭਾਵੇਂ ਕਿ ਸਰਕਾਰ ਵਲੋਂ ਆਪਣੇ ਪੱਧਰ ’ਤੇ ਹਰ ਸੰਭਵ ਕੌਸ਼ਿਸ ਕੀਤੀ ਗਈ ਕਿ ਕੋਈ ਵੀ ਨਾਗਰਿਕ ਭੁੱਖਾ ਨਾ ਸੋਵੇ ਪ੍ਰੰਤੂ ਬਹੁਤ ਸਾਰੀਆਂ ਥਾਵਾਂ ਅਜਿਹੀਆਂ ਵੀ ਸਨ, ਜਿਥੇ ਇਨ੍ਹਾਂ ਸੰਸਥਾਵਾਂ ਨੇ ਆਪਣੀ ਨਿਰੰਤਰ ਸੇਵਾ ਜਾਰੀ ਰੱਖੀ।
ਉਨ੍ਹਾਂ ਨੇ ਹੈਲਪਿੰਗ ਹੈਡ ਐਸ.ਬੀ.ਐਸ. ਨਗਰ ਪੁਲਿਸ ਨਾਲ ਜੁੜੀਆਂ ਸੰਸਥਾਵਾਂ, ਯੂਥ ਕਲੱਬਾਂ ਵਲੋਂ ਇਨ੍ਹਾਂ ਦਿਨਾਂ ਦੌਰਾਨ ਨਿਭਾਈਆਂ ਮਾਨਤਵਾ ਪ੍ਰਤੀ ਸੇਵਾਵਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਸ਼ਹੀਦ ਭਗਤ ਸਿੰਘ ਨਗਰ ਜ਼ਿਲ੍ਹੇ ਨੂੰ ਇਸ ਗੱਲ ਦਾ ਹਮੇਸ਼ਾਂ ਮਾਣ ਰਹੇਗਾ ਕਿ ਜਦੋਂ ਵੀ ਕੋਈ ਸੰਕਟ ਆਉਂਦਾ ਹੈ ਤਾਂ ਦਾਨੀ ਸੱਜਣ ਅਤੇ ਸੰਸਥਾਵਾਂ ਹਮੇਸ਼ਾਂ ਆਪ ਮੁਹਾਰੇ ਅੱਗੇ ਆ ਕੇ ਮੁਸ਼ਕਿਲ ’ਚ ਫ਼ਸੇ ਲੋਕਾਂ ਦੀ ਸੇਵਾ ਕਰਦੇ ਹਨ। ਉਨ੍ਹਾਂ ਨੇ ਇਨ੍ਹਾਂ ਸੰਸਥਾਵਾਂ ਨੂੰ ਲੋਕ ਸੇਵਾ ਦੇ ਨਾਲ ਨਾਲ ਲੋਕਾਂ ’ਚ ਕੋਰੋਨਾ ਸਾਵਧਾਨੀਆਂ ਪ੍ਰਤੀ ਜਾਗਰੂਕਤਾ ਪੈਦਾ ਕਰਨ ਲਈ ਵੀ ਕਿਹਾ ਤਾਂ ਜੋ ਬਿਮਾਰੀ ਪ੍ਰਤੀ ਲੋਕਾਂ ਨੂੰ ਖਬਰਦਾਰ ਕਰਕੇ ਜ਼ਿਲ੍ਹੇ ਨੂੰ ਕੋਵਿਡ ਮੁਕਤ ਬਣਾਇਆ ਜਾ ਸਕੇ।
ਉਨ੍ਹਾਂ ਨੇ ਪੰਜਾਬ ਸਰਕਾਰ ਦੇ ਮਿਸ਼ਨ ਫ਼ਤਿਹ ਦਾ ਉਦੇਸ਼ ਦੱਸਦਿਆਂ ਕਿਹਾ ਕਿ ਇਸ ਮੁਹਿੰਮ ਰਾਹੀਂ ਸਰਕਾਰ ਅਤੇ ਜ਼ਿਲ੍ਹਾ ਪ੍ਰਸ਼ਾਸਨ ਹਰ ਜ਼ਿੰਮੇਂਵਾਰ ਨਾਗਰਿਕ ਅਤੇ ਸੰਸਥਾਂ ਦੀ ਜਾਗਰੂਕਤਾ ਮੁਹਿੰਮ ’ਚ ਹਿੱਸੇਦਾਰੀ ਯਕੀਨੀ ਬਣਾ ਕੇ, ਰਾਜ ਅਤੇ ਜ਼ਿਲ੍ਹੇ ਨੂੰ ਕੋਵਿਡ ਮੁਕਤ ਕਰਨਾ ਹੈ, ਉਨ੍ਹਾਂ ਕਿਹਾ ਕਿ ਜੇਕਰ ਅਸੀਂ ਘਰ ਤੋਂ ਬਾਹਰ ਨਿਕਲਣ ਲੱਗੇ ਮਾਸਕ ਪਹਿਨਾਗੇ, ਆਪਣੇ ਹੱਥਾਂ ਦੀ ਸਫ਼ਾਈ ਦਾ ਖਿਆਲ ਰੱਖਾਂਗੇ ਅਤੇ ਭੀੜ-ਭੜੱਕਾ ਨਾ ਕਰਕੇ ਸਮਾਜਿਕ ਦੂਰੀ ਦੀ ਪਾਲਣਾ ਕਰਾਂਗੇ ਤਾਂ ਅਸੀਂ ਜਿਥੇ ਕੋਰੋਨਾ ਦੇ ਖਤਰੇ ਤੋਂ ਬਚਾਂਗੇ, ਉਥੇ ਆਪਣੇ ਆਲੇ-ਦੁਆਲੇ ਨੂੰ ਵੀ ਸੁਰੱਖਿਅਤ ਰੱਖਾਂਗੇ। ਉਨ੍ਹਾਂ ਆਸ ਪ੍ਰਗਟਾਈ ਕਿ ਮਾਨਵਤਾ ਦੀ ਸੇਵਾ ਵਿੱਚ ਲੱਗੀਆਂ ਜ਼ਿਲ੍ਹੇ ਦੀਆਂ ਸਮੂਹ ਸੰਸਥਾਵਾਂ ਲੋਕਾਂ ਨੂੰ ਉਕਤ ਤਿੰਨ ਜ਼ਰੂਰੀ ਸੁਚਤੇਤਾਵਾਂ ਪ੍ਰਤੀ ਵੀ ਪੂਰੀ ਤਨਦੇਹੀ ਨਾਲ ਜਾਗਰੂਕ ਕਰਨਗੀਆਂ।
ਉਨ੍ਹਾਂ ਇਸ ਮੌਕੇ ਡੀ.ਐਸ.ਪੀ. ਰਾਜ ਕੁਮਾਰ, ਗੁਰੂ ਨਾਨਕ ਮਿਸ਼ਨ, ਪ੍ਰੇਮ ਨਗਰ ਵੈਲਫੇਅਰ ਐਸੋਸੀਏਸ਼ਨ, ਆਵਾਜ਼ ਸੁਸਾਇਟੀ, ਸ਼੍ਰੀ ਮਹਾਵੀਰ ਜੈਨ ਯੁਵਕ ਮੰਡਲ, ਡਾ. ਮਨਦੀਪ ਕੌਰ ਡੀ.ਐਚ.ਐਮ.ਐਸ., ਨੇਤਰ ਦਾਨ ਸੰਸਥਾ ਨਵਾਂਸ਼ਹਿਰ, ਦੋਆਬਾ ਸੇਵਾ ਸੰਮਤੀ, ਵਰਧਮਾਨ ਜੈਨ ਸੇਵਾ ਸੰਘ, ਭੂ ਵਰਥ ਚਾਈਲਡ ਕੇਅਰ, ਯੰਗ ਨਮਨ ਸੇਵਾ ਸੁਸਾਇਟੀ, ਆਰਟ ਆਫ਼ ਲੀਵਿੰਗ, ਸ਼੍ਰੀ ਗੁਰੂ ਰਾਮਦਾਸ ਸੇਵਾ ਸੁਸਾਇਟੀ, ਕਮੇਟੀ ਗੁਰਦੁਆਰਾ ਸ਼੍ਰੀ ਗੁਰੂ ਸਿੰਘ ਸਭਾ, ਨਵਾਂਸ਼ਹਿਰ ਵੈਲਫੇਅਰ ਐਸੋਸੀਏਸ਼ਨ, ਗੁਰੂ ਨਾਨਕ ਸਪੋਰਟਸ ਕਲੱਬ ਨੰਗਲ ਜੱਟਾਂ, ਮੀਰੀ ਪੀਰੀ ਕਲੱਬ ਉਟਾਲ ਮਜਾਰਾ, ਡਾ. ਬੀ.ਆਰ. ਅੰਬੇਦਕਰ ਕਲੱਬ ਤਾਜਪੁਰ ਦੇ ਪ੍ਰਤੀਨਿੱਧਾਂ ਅਤੇ ਬਲਾਚੌਰ ਤੋਂ ਜਸਬੀਰ ਸਿੰਘ ਔਲੀਆਪੁਰ ਨੂੰ ਮਿਸ਼ਨ ਫ਼ਤਿਹ ਤਹਿਤ ਉਨ੍ਹਾਂ ਦੀਆਂ ਸੇਵਾਵਾਂ ਲਈ ਬੈਜ ਲਾ ਕੇ ਸਨਮਾਨਿਤ ਕੀਤਾ।





















