
*ਸਾਬਕਾ ਵਿਧਾਇਕਾਂ-ਸੰਸਦਾਂ ਦੀਆਂ ਇੱਕ ਤੋਂ ਵੱਧ ਪੈਨਸ਼ਨਾਂ ਬੰਦ ਕਰਨ ਕੈਪਟਨ ਅਮਰਿੰਦਰ ਸਿੰਘ-ਮੀਤ ਹੇਅਰ*
*’ਆਪ’ ਵੱਲੋਂ ਸਰਕਾਰੀ ਕਰਮਚਾਰੀਆਂ ਤੇ ਫ਼ੌਜੀਆਂ ਦੇ ਭੱਤਿਆਂ ਉੱਤੇ ਰੋਕ ਦਾ ਵਿਰੋਧ*
*ਚੰਡੀਗੜ੍ਹ, 25 ਅਪ੍ਰੈਲ 2020 (ਵਿਸ਼ਵ ਵਾਰਤਾ )- ਆਮ ਆਦਮੀ ਪਾਰਟੀ (ਆਪ) ਪੰਜਾਬ ਨੇ ਕੋਰੋਨਾ ਮਹਾਂਮਾਰੀ ਵਿਰੁੱਧ ਜੰਗ ਦੇ ਨਾਮ ‘ਤੇ ਨਰਿੰਦਰ ਮੋਦੀ ਸਰਕਾਰ ਵੱਲੋਂ ਕੇਂਦਰ ਸਰਕਾਰ ਅਧੀਨ ਆਉਂਦੇ ਕਰੀਬ 1.13 ਕਰੋੜ ਕੇਂਦਰੀ ਕਰਮਚਾਰੀਆਂ, ਫ਼ੌਜੀਆਂ ਅਤੇ ਪੈਨਸ਼ਨਰਾਂ ਦੇ ਭੱਤਿਆਂ ‘ਤੇ ਅਗਲੇ ਡੇਢ ਸਾਲ ਤੱਕ ਲਗਾਈ ਰੋਕ ਦਾ ਵਿਰੋਧ ਕਰਦੇ ਹੋਏ ਇਸ ਫ਼ੈਸਲੇ ਨੂੰ ਲੋਕ ਵਿਰੋਧੀ-ਦੇਸ਼ ਵਿਰੋਧੀ ਤੁਗ਼ਲਕੀ ਫ਼ਰਮਾਨ ਕਰਾਰ ਦਿੱਤਾ ਹੈ। ਇਸ ਦੇ ਨਾਲ ਹੀ ਪਾਰਟੀ ਨੇ ਕਈ-ਕਈ ਪੈਨਸ਼ਨਾਂ ਲੈ ਕੇ ਸਾਬਕਾ ਵਿਧਾਇਕਾਂ ਅਤੇ ਸਾਬਕਾ ਸੰਸਦ ਮੈਂਬਰਾਂ ਦੀਆਂ ਇੱਕ ਤੋਂ ਵੱਧ ਪੈਨਸ਼ਨਾਂ ਤੁਰੰਤ ਬੰਦ ਕਰਨ ਦੀ ਜ਼ੋਰਦਾਰ ਵਕਾਲਤ ਕੀਤੀ ਹੈ।
‘ਆਪ’ ਹੈੱਡਕੁਆਟਰ ਵੱਲੋਂ ਸ਼ਨੀਵਾਰ ਨੂੰ ਜਾਰੀ ਬਿਆਨ ਰਾਹੀਂ ਪਾਰਟੀ ਦੀ ਕੋਰ ਕਮੇਟੀ ਦੇ ਚੇਅਰਮੈਨ ਵਿਧਾਇਕ ਪ੍ਰਿੰਸੀਪਲ ਬੁੱਧ ਰਾਮ ਅਤੇ ਬੁਲਾਰੇ ਅਤੇ ਵਿਧਾਇਕ ਮੀਤ ਹੇਅਰ ਨੇ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਸਰਕਾਰੀ ਮੁਲਾਜਮਾਂ-ਪੈਨਸਰਾਂ ਅਤੇ ਫ਼ੌਜੀਆਂ-ਸਾਬਕਾ ਫ਼ੌਜੀਆਂ ਦੀਆਂ ਜੇਬਾਂ ਕੱਟੇ ਜਾਣਾ ਕਿਸੇ ਵੀ ਲਿਹਾਜ਼ ਤੋਂ ਦਰੁਸਤ ਫ਼ੈਸਲਾ ਨਹੀਂ ਹੈ ਅਤੇ ਮੋਦੀ ਸਰਕਾਰ ਇਸ ਫ਼ੈਸਲੇ ਨੂੰ ਤੁਰੰਤ ਵਾਪਸ ਲਵੇ। ‘ਆਪ’ ਨੇ ਮੋਦੀ ਸਰਕਾਰ ਦੇ ਇਸ ਫ਼ੈਸਲੇ ਨੂੰ ਬਚਕਾਨਾ ਅਤੇ ਪੂਰੀ ਤਰਾਂ ਅਨੈਤਿਕ ਅਸੰਵੇਦਨਸ਼ੀਲ ਦੱਸਿਆ।
ਪ੍ਰਿੰਸੀਪਲ ਬੁੱਧ ਰਾਮ ਨੇ ਕਿਹਾ ਕਿ ਇਸ ਤੁਗ਼ਲਕੀ ਫ਼ਰਮਾਨ ਨੇ ਮੋਦੀ ਸਰਕਾਰ ਦੇ ਚਰਮਰਾਈ ਵਿੱਤੀ ਹਾਲਤਾਂ ਦੀ ਪੋਲ ਖੋਲ੍ਹ ਕੇ ਰੱਖ ਦਿੱਤੀ ਹੈ। ਕੀ ਦੇਸ਼ ਦੀ ਆਰਥਿਕ ਸਥਿਤੀ ਐਨੀ ਡਾਵਾਂਡੋਲ ਹੈ ਕਿ ਕੋਰੋਨਾ ਵਿਰੁੱਧ ਇੱਕ-ਦੋ ਮਹੀਨਿਆਂ ਦੀ ਜੰਗ ਵੀ ਸਰਕਾਰ ਆਪਣੇ ਦਮ ‘ਤੇ ਨਹੀਂ ਲੜ ਸਕੀ ਕਿ ਉਸ ਨੂੰ ਸੈਨਿਕ ਵੀਰਾਂ ਸਮੇਤ ਸਾਰੀ ਉਮਰ ਦੇਸ਼ ਲਈ ਨੌਕਰੀ ਕਰਨ ਵਾਲੇ ਬਜ਼ੁਰਗਾਂ ਦੀਆਂ ਜੇਬਾਂ ਕੱਟਣੀਆਂ ਪੈ ਰਹੀਆਂ ਹਨ।
ਨੌਜਵਾਨ ਵਿਧਾਇਕ ਮੀਤ ਹੇਅਰ ਨੇ ਕਿਹਾ ਕਿ ਕੋਰੋਨਾ ਵਿਰੁੱਧ ਲੜਾਈ ਲਈ ਮੁਲਾਜ਼ਮਾਂ-ਪੈਨਸ਼ਨਰਾਂ-ਸੈਨਿਕਾਂ ਦੇ ਭੱਤੇ ਕੱਟਣ ਦੀ ਥਾਂ ਫਿਜੂਲ ਖ਼ਰਚਿਆਂ ਅਤੇ ਗੈਰ ਜ਼ਰੂਰੀ ਪ੍ਰੌਜੈਕਟਾਂ ਨੂੰ ਟਾਲ ਦੇਣਾ ਬਿਹਤਰ ਰਹੇਗਾ।
ਮੀਤ ਹੇਅਰ ਨੇ ਸਾਰੇ ਸਾਬਕਾ ਵਿਧਾਇਕਾਂ ਅਤੇ ਸਾਬਕਾ ਸੰਸਦ ਮੈਂਬਰਾਂ ਨੂੰ ਇੱਕ ਤੋਂ ਵੱਧ ਮਿਲ ਰਹੀਆਂ ਲੱਖਾਂ ਰੁਪਏ ਪ੍ਰਤੀ ਮਹੀਨਾ ਪੈਨਸ਼ਨਾਂ ਪੱਕੇ ਤੌਰ ‘ਤੇ ਬੰਦ ਕਰ ਦੇਣੀਆਂ ਚਾਹੀਦੀ ਹੈ।
ਮੀਤ ਹੇਅਰ ਅਨੁਸਾਰ, ”ਇਹ ਕਿਥੋਂ ਦਾ ਇਨਸਾਫ਼ ਹੈ ਕਿ ਇੱਕ ਪਾਸੇ ਮੁਲਾਜ਼ਮਾਂ ਦੇ ਡੀਏ ਕੱਟੇ ਜਾ ਰਹੇ ਹਨ। ਵਾਅਦਾ ਕਰਕੇ ਬਜ਼ੁਰਗਾਂ ਤੇ ਵਿਧਵਾਵਾਂ ਨੂੰ 2500 ਰੁਪਏ ਦੀ ਥਾਂ 750 ਰੁਪਏ ਪੈਨਸ਼ਨ ਦੀ ਸਮੇਂ ਸਿਰ ਨਹੀਂ ਦਿੱਤੀ ਜਾ ਰਹੀ। ਉੱਚ ਵਿੱਦਿਅਕ ਯੋਗਤਾ ਰੱਖਣ ਵਾਲੇ ਮਾਮੂਲੀ ਤਨਖ਼ਾਹਾਂ ‘ਤੇ ਕੰਮ ਕਰਨ ਲਈ ਮਜਬੂਰ ਹਨ। ਬੇਰੁਜ਼ਗਾਰੀ ਭੱਤੇ ਤੱਕ ਨਹੀਂ ਦਿੱਤਾ ਜਾ ਰਿਹਾ। ਦੂਜੇ ਪਾਸੇ ਸਾਬਕਾ ਵਿਧਾਇਕ ਤੇ ਸੰਸਦ ਮੈਂਬਰ ਕਈ ਕਈ ਲੱਖ ਰੁਪਏ ਮਹੀਨਾ ਇੱਕ ਤੋਂ ਵੱਧ ਪੈਨਸ਼ਨਾਂ ਲੈ ਰਹੇ ਹਨ।
ਮੀਤ ਹੇਅਰ ਨੇ ਕਿਹਾ ਕਿ ਕੋਰੋਨਾ ਨਾ ਹੁੰਦਾ ਤਾਂ ਵੀ ਕਈ-ਕਈ ਪੈਨਸ਼ਨਾਂ ਦਾ ਫ਼ੈਸਲਾ ਗ਼ਲਤ ਹੈ। ਉਨ੍ਹਾਂ ਕਿਹਾ ਕਿ ਨੈਤਿਕ ਤੌਰ ‘ਤੇ ਇਨ੍ਹਾਂ ਸਾਬਕਾ ਸੰਸਦਾਂ-ਵਿਧਾਇਕਾਂ ਨੂੰ ਇੱਕ ਵੱਧ ਪੈਨਸ਼ਨਾਂ ਛੱਡ ਦੇਣੀਆਂ ਚਾਹੀਦੀਆਂ ਹਨ। ਉਨ੍ਹਾਂ ਲੋਕਾਂ ਨੂੰ ਵੀ ਅਪੀਲ ਕੀਤੀ ਕਿ ਉਹ ਆਪਣੇ ਇਨ੍ਹਾਂ ਸਿਆਸੀ ਆਗੂਆਂ ‘ਤੇ ਨੈਤਿਕ ਤੌਰ ‘ਤੇ ਇੱਕ ਤੋਂ ਵੱਧ ਪੈਨਸ਼ਨਾਂ ਛੱਡਣ ਲਈ ਦਬਾਅ ਬਣਾਉਣ।
‘ਆਪ’ ਆਗੂਆਂ ਨੇ ਮੁੱਖ ਮੰਤਰੀ ਨੂੰ ਅਪੀਲ ਕੀਤੀ ਕਿ ਉਹ ਕੇਂਦਰ ਸਰਕਾਰ ਦੇ ਪਿੱਛੇ ਲੱਗ ਕੇ ਸਰਕਾਰੀ ਕਰਮਚਾਰੀਆਂ ਪੈਨਸ਼ਨਾਂ ਦੇ ਡੀਏ ‘ਤੇ ਰੋਕ ਨਾ ਲਗਾਉਣ ਅਤੇ ਇੱਕ ਤੋਂ ਵੱਧ ਪੈਨਸ਼ਨਾਂ ਲੈ ਰਹੇ ਵਿਧਾਇਕਾਂ ਅਤੇ ਸੰਸਦਾਂ ਦੀਆਂ ਪੈਨਸ਼ਨਾਂ ਬੰਦ ਕਰਨ।





















