ਪਿਛਲੇ 24 ਦਿਨਾਂ ਵਿੱਚ ਜ਼ਿਲਾ ਗੁਰਦਾਸਪੁਰ ਤੇ ਪਠਾਨਕੋਟ ਵਿੱਚ 977 ਕਾਲਾਂ ’ਤੇ 108 ਐਂਬੂਲੈਂਸ ਨੇ ਤੁਰੰਤ ਮਰੀਜ਼ਾਂ ਨੂੰ ਹਸਪਤਾਲਾਂ ਵਿੱਚ ਪਹੁੰਚਾਇਆ
ਸਿਵਲ ਹਸਪਤਾਲ ਬਟਾਲਾ ਵਿੱਚ 35 ਨਵ-ਜਨਮੇ ਬੱਚਿਆਂ ਦੀਆਂ ਕਿਲਕਾਰੀਆਂ ਗੂੰਜੀਆਂ
ਬਟਾਲਾ, 13 ਅਪ੍ਰੈਲ ( ਵਿਸ਼ਵ ਵਾਰਤਾ ) – ਕੋਰੋਨਾ ਵਾਇਰਸ ਦੀ ਮੈਡੀਕਲ ਐਮਰਜੈਂਸੀ ਦੌਰਾਨ ਸਿਹਤ ਵਿਭਾਗ ਦੀਆਂ 108 ਐਂਬੂਲੈਂਸ ਹੋਰ ਵੀ ਪ੍ਰਭਾਵਸ਼ਾਲੀ ਢੰਗ ਅਤੇ ਤੇਜ਼ੀ ਨਾਲ ਆਪਣੀਆਂ ਐਮਰਜੈਂਸੀ ਸੇਵਾਵਾਂ ਦੇ ਰਹੀਆਂ ਹਨ। ਪੰਜਾਬ ਹੈਲਥ ਸਿਸਟਮਜ਼ ਕਾਰਪੋਰੇਸ਼ਨ ਦੇ ਚੇਅਰਮੈਨ ਸ. ਅਮਰਦੀਪ ਸਿੰਘ ਚੀਮਾ ਨੇ 108 ਐਂਬੂਲੈਂਸ ਸਟਾਫ ਦੀਆਂ ਸੇਵਾਵਾਂ ਦੀ ਸਰਾਹਨਾ ਕਰਦਿਆਂ ਕਿਹਾ ਕਿ ਲੋਕਾਂ ਨੂੰ ਤੁਰੰਤ ਮੈਡੀਕਲ ਸੇਵਾਵਾਂ ਦੇਣ ਵਿੱਚ 108 ਐਂਬੂਲੈਂਸ ਸੇਵਾ ਦਾ ਵੱਡਾ ਯੋਗਦਾਨ ਹੈ ਅਤੇ ਇਸ ਨਾਲ ਲੋਕਾਂ ਦਾ ਸਰਕਾਰੀ ਸਿਹਤ ਸੇਵਾਵਾਂ ਵਿੱਚ ਵਿਸ਼ਵਾਸ ਹੋਰ ਵੀ ਵਧਿਆ ਹੈ।
ਚੇਅਰਮੈਨ ਸ. ਅਮਰਦੀਪ ਸਿੰਘ ਚੀਮਾ ਨੇ ਦੱਸਿਆ ਕਿ ਸੂਬੇ ਭਰ ਵਿੱਚ 262 ਸਰਕਾਰੀ ਐਂਬੂਲੈਂਸ ਚੱਲ ਰਹੀਆਂ ਹਨ, ਜਿਨਾਂ ਵਿਚੋਂ 21 ਐਂਬੂਲੈਂਸ ਜ਼ਿਲਾ ਗੁਰਦਾਸਪੁਰ ਤੇ ਪਠਾਨਕੋਟ ਵਿੱਚ ਚੱਲ ਰਹੀਆਂ ਹਨ। ਉਨਾਂ ਦੱਸਿਆ ਕਿ 22 ਮਾਰਚ 2020 ਤੋਂ ਬਾਅਦ ਜ਼ਿਲਾ ਗੁਰਦਾਸਪੁਰ ਤੇ ਪਠਾਨਕੋਟ ਵਿੱਚ 108 ਐਂਬੂਲੈਂਸ ਨੂੰ ਮੈਡੀਕਲ ਐਮਰਜੈਂਸੀ ਲਈ 977 ਤੋਂ ਵੱਧ ਕਾਲਾਂ ਆਈਆਂ ਹਨ ਅਤੇ ਸਾਰੀਆਂ ਕਾਲਾਂ ਉੱਪਰ 10 ਤੋਂ 15 ਮਿੰਟ ਵਿੱਚ ਪਹੁੰਚ ਕੇ ਮਰੀਜ਼ਾਂ ਨੂੰ ਸੇਵਾਵਾਂ ਦਿੱਤੀਆਂ ਗਈਆਂ ਹਨ। ਉਨਾਂ ਕਿਹਾ ਕਿ ਇਨਾਂ 977 ਕਾਲਾਂ ਵਿਚੋਂ 48 ਕਾਲਾਂ ਕੋਰੋਨਾ ਮਰੀਜ਼ਾਂ ਨਾਲ ਸਬੰਧਤ ਸਨ ਅਤੇ ਐਂਬੂਲੈਂਸ ਦੇ ਕਰਮਚਾਰੀਆਂ ਨੇ ਪੂਰੀ ਸਾਵਧਾਨੀ ਨਾਲ ਇਸ ਡਿਊਟੀ ਨੂੰ ਨਿਭਾਇਆ ਹੈ। ਸ. ਚੀਮਾ ਨੇ ਕਿਹਾ ਕਿ ਕਾਲ ਭਾਂਵੇ ਕਿਸੇ ਤਰਾਂ ਦੀ ਮੈਡੀਕਲ ਐਮਰਜੈਂਸੀ ਦੀ ਹੋਵੇ, 108 ਐਂਬੂਲੈਂਸ ਦਾ ਪਾਇਲਟ ਅਤੇ ਉਸ ਵਿੱਚ ਤਾਇਨਾਤ ਪੈਰਾ ਮੈਡੀਕਲ ਸਟਾਫ਼ ਮਰੀਜ਼ ਨੂੰ ਜਲਦ ਤੋਂ ਜਲਦ ਪੂਰੀ ਸੁਰੱਖਿਆ ਨਾਲ ਹਸਪਤਾਲ ਪਹੁੰਚਾਉਣ ਦੀ ਸੇਵਾ ਬੜੀ ਤਨਦੇਹੀ ਨਾਲ ਨਿਭਾ ਰਹੇ ਹਨ।
ਸ. ਅਮਰਦੀਪ ਸਿੰਘ ਚੀਮਾ ਨੇ ਦੱਸਿਆ ਕਿ 108 ਐਂਬੂਲੈਂਸ ਨੂੰ 20 ਮਾਰਚ ਤੋਂ ਬਾਅਦ 102 ਕਾਲਾਂ ਕੇਵਲ ਸਿਵਲ ਹਸਪਤਾਲ ਬਟਾਲਾ ਲਈ ਪ੍ਰਾਪਤ ਹੋਈਆਂ ਸਨ ਅਤੇ ਸਾਰੇ ਮਰੀਜ਼ਾਂ ਨੂੰ ਬਿਨਾਂ ਕਿਸੇ ਦੇਰੀ ਹਸਪਤਾਲ ਵਿੱਚ ਪਹੁੰਚਾਇਆ ਗਿਆ। ਉਨਾਂ ਦੱਸਿਆ ਕਿ ਸਿਵਲ ਹਸਪਤਾਲ ਬਟਾਲਾ ਵਿੱਚ ਕਰਫਿਊ ਦੌਰਾਨ 965 ਤੋਂ ਵੱਧ ਓ.ਪੀ.ਡੀ. ਕੀਤੀਆਂ ਗਈਆਂ ਅਤੇ ਵੱਖ-ਵੱਖ ਬੀਮਾਰੀਆਂ ਨਾਲ ਪੀੜਤ 119 ਮਰੀਜ਼ਾਂ ਨੂੰ ਹਸਪਤਾਲ ਵਿੱਚ ਦਾਖਲ ਕੀਤਾ ਗਿਆ। ਉਨਾਂ ਦੱਸਿਆ ਕਿ ਕੋਰਨਾ ਦੇ ਦਹਿਸ਼ਤ ਦੇ ਮਹੌਲ ਵਿੱਚ ਸਿਵਲ ਹਸਪਤਾਲ ਬਟਾਲਾ ਵਿੱਚ ਨਵ-ਜਨਮੇ ਬੱਚਿਆਂ ਦੀਆਂ ਕਿਲਕਾਰੀਆਂ ਵੀ ਗੂੰਜੀਆਂ ਹਨ ਅਤੇ 35 ਸੁਰੱਖਿਅਤ ਜਣੇਪੇ ਸਿਵਲ ਹਸਪਤਾਲ ਬਟਾਲਾ ਵਿਖੇ ਕੀਤੇ ਗਏ ਹਨ।
ਪੰਜਾਬ ਹੈਲਥ ਸਿਸਟਮਜ਼ ਕਾਰਪੋਰੇਸ਼ਨ ਦੇ ਚੇਅਰਮੈਨ ਸ. ਅਮਰਦੀਪ ਸਿੰਘ ਚੀਮਾ ਨੇ ਕਿਹਾ ਕਿ ਜਿਸ ਪੇਸ਼ੇਵਰ ਢੰਗ ਨਾਲ ਸਰਕਾਰੀ ਹਸਪਤਾਲਾਂ ਵਿੱਚ ਲੋਕਾਂ ਨੂੰ ਸਿਹਤ ਸੇਵਾਵਾਂ ਮਿਲ ਰਹੀਆਂ ਹਨ ਅਤੇ ਜਿਨੀ ਜਲਦੀ ਲੋਕਾਂ ਨੂੰ ਐਮਰਜੈਂਸੀ ਐਂਬੂਲੈਂਸ ਦੀ ਸਹੂਲਤ ਮਿਲ ਰਹੀ ਹੈ ਇਸ ਨਾਲ ਲੋਕਾਂ ਦਾ ਸਰਕਾਰੀ ਸਿਹਤ ਸੇਵਾਵਾਂ ਵਿੱਚ ਵਿਸ਼ਵਾਸ ਹੋਰ ਵੀ ਵਧਿਆ ਹੈ। ਉਨਾਂ ਕਿਹਾ ਕਿ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਅਤੇ ਸੂਬੇ ਦੇ ਸਿਹਤ ਮੰਤਰੀ ਸ. ਬਲਬੀਰ ਸਿੰਘ ਸਿੱਧੂ ਨੇ ਵੀ ਇਸ ਮੈਡੀਕਲ ਐਮਰਜੈਂਸੀ ਵਿੱਚ ਡਾਕਟਰਾਂ, ਪੈਰਾ ਮੈਡੀਕਲ ਸਟਾਫ ਅਤੇ 108 ਐਂਬੂਲੈਂਸ ਦੇ ਕਰਮਚਾਰੀਆਂ ਵਲੋਂ ਨਿਭਾਈਆਂ ਜਾ ਰਹੀਆਂ ਸੇਵਾਵਾਂ ਦੀ ਸਰਾਹਨਾ ਕੀਤੀ ਹੈ ਅਤੇ ਉਮੀਦ ਜ਼ਾਹਰ ਕੀਤੀ ਹੈ ਕਿ ਡਾਕਟਰਾਂ ਅਤੇ ਸਿਹਤ ਕਰਮੀਆਂ ਦੇ ਉੱਦਮ ਸਦਕਾ ਸੂਬਾ ਪੰਜਾਬ ਜਲਦ ਹੀ ਕੋਰੋਨਾ ਦੇ ਸੰਕਟ ਵਿਚੋਂ ਬਾਹਰ ਆ ਜਾਵੇਗਾ।