ਕੋਟਕਪੂਰਾ ਗੋਲੀ ਕਾਂਡ ਦੇ ਦੋਸ਼ੀ ਅਤੇ ਸਾਜ਼ਿਸ਼ ਰਚਣ ਵਾਲਿਆਂ ਦੇ ਚਿਹਰੇ ਹੋਏ ਬੇਨਕਾਬ – ਮੁੱਖ ਮੰਤਰੀ ਭਗਵੰਤ ਮਾਨ
ਅੱਜ ਹੀ ADGP ਐੱਲ.ਕੇ ਯਾਦਵ ਦੀ ਅਗਵਾਈ ਵਾਲੀ SIT ਨੇ ਚਲਾਨ ਕੀਤਾ ਹੈ ਪੇਸ਼
ਚੰਡੀਗੜ੍ਹ, 24ਫਰਵਰੀ(ਵਿਸ਼ਵ ਵਾਰਤਾ)- ਮੁੱਖ ਮੰਤਰੀ ਭਗਵੰਤ ਮਾਨ ਨੇ ਕੋਟਕਪੂਰਾ ਗੋਲੀਕਾਂਡ ਮਾਮਲੇ ਨੂੰ ਲੈ ਕੇ ਟਵੀਟ ਕੀਤਾ ਹੈ। ਉਹਨਾਂ ਨੇ ਲਿਖਿਆ “ਕੋਟਕਪੂਰਾ ਗੋਲੀ ਕਾਂਡ ਦੇ ਦੋਸ਼ੀ ਅਤੇ ਸਾਜ਼ਿਸ਼ ਰਚਣ ਵਾਲਿਆਂ ਦੇ ਚਿਹਰੇ ਹੇਏ ਬੇਨਕਾਬ..ਕਰੋੜਾਂ ਲੋਕਾਂ ਦੀਆਂ ਭਾਵਨਾਵਾਂ ਨੂੰ ਸਕੂਨ ਮਿਲੇਗਾ .. ਅਸੀਂ ਇਨਸਾਫ਼ ਦਿਵਾਉਣ ਦੇ ਵਾਅਦੇ ਤੇ ਕਾਇਮ ਹਾਂ …ਮੰਤਰੀ ਜਾਂ ਸੰਤਰੀ ਕਾਨੂੰਨ ਸਭ ਲਈ ਇੱਕ ਹੈ..ਸੱਚ ਕਦੇ ਛੁਪਦਾ ਨਹੀਂ ..”
ਇਹ ਟਵੀਟ ਮੁੱਖ ਮੰਤਰੀ ਮਾਨ ਨੇ ਅੱਜ ਕੋਟਕਪੂਰਾ ਗੋਲੀਕਾਂਡ ਮਾਮਲੇ ‘ਚ ADGP ਐੱਲ.ਕੇ ਯਾਦਵ ਦੀ ਅਗਵਾਈ ਵਾਲੀ SIT ਨੇ ਚਲਾਨ ਪੇਸ਼ ਕੀਤੇ ਜਾਣ ਤੋਂ ਬਾਅਦ ਕੀਤਾ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਇਸ ਮਾਮਲੇ ਵਿੱਚ ਪ੍ਰਕਾਸ਼ ਸਿੰਘ ਬਾਦਲ, ਸੁਖਬੀਰ ਬਾਦਲ ਅਤੇ ਸਾਬਕਾ ਡੀਜੀਪੀ ਸੁਮੇਧ ਸੈਣੀ ਦਾ ਨਾਂ ਵੀ ਸ਼ਾਮਲ ਦੱਸੇ ਜਾ ਰਹੇ ਹਨ। ਚਲਾਨ ਅਨੁਸਾਰ, ਸਾਬਕਾ ਡੀ.ਜੀ.ਪੀ. ਸੁਮੇਧ ਸਿੰਘ ਸੈਣੀ ਅਤੇ ਸੁਖਬੀਰ ਸਿੰਘ ਬਾਦਲ ਸਾਬਕਾ ਗ੍ਰਹਿ ਮੰਤਰੀ, ਦੋਵੇਂ ਪਿੰਡ ਬੁਰਜ ਜਵਾਹਰਸਿੰਘਵਾਲਾ ਅਤੇ ਗੁਰਦੁਆਰਾ ਸਾਹਿਬ ਬਰਗਾੜੀ ਵਿਖੇ ਬੇਅਦਬੀ ਦੀਆਂ 3 ਘਟਨਾਵਾਂ ਦੀ ਲੜੀ ‘ਤੇ ਅਣਗਹਿਲੀ ਨੂੰ ਛੁਪਾਉਣ ਲਈ ਗੈਰ-ਕਾਨੂੰਨੀ ਅਤੇ ਵਾਧੂ ਤਾਕਤ ਦੀ ਵਰਤੋਂ ਕਰਨ ਦੀ ਸਾਜ਼ਿਸ਼ ਦੇ ਮਾਸਟਰਮਾਈਂਡ ਹਨ।
ਇਸ ਤੋਂ ਇਲਾਵਾ ਪ੍ਰਕਾਸ਼ ਸਿੰਘ ਬਾਦਲ ਸਾਬਕਾ ਮੁੱਖ ਮੰਤਰੀ ਨੂੰ ਵੀ ਸਾਜ਼ਿਸ਼ ਨੂੰ ਅੰਜਾਮ ਦੇਣ ਵਿੱਚ ਮਦਦ ਕਰਨ ਦੇ ਦੋਸ਼ ‘ਚ ਸ਼ਾਮਿਲ ਕੀਤਾ ਗਿਆ ਹੈ। ਇਸ ਤੋਂ ਇਲਾਵਾ ਆਈਜੀ ਪਰਮ ਰਾਜ ਉਮਰਾਨੰਗਲ (ਸਾਜ਼ਿਸ਼ ਨੂੰ ਅੰਜਾਮ),ਡੀਆਈਜੀ ਅਮਰ ਸਿੰਘ ਚਾਹਲ (ਸਾਜ਼ਿਸ਼ ਨੂੰ ਅੰਜਾਮ), ਐਸ.ਐਸ.ਪੀ ਸੁਖਮੰਦਰ ਸਿੰਘ ਮਾਨ (ਸਾਜ਼ਿਸ਼ ਨੂੰ ਅੰਜਾਮ ਦੇਣਾ/ ਤੋੜ-ਮਰੋੜ ਕੇ ਤੱਥਾਂ ਨੂੰ ਛੁਪਾਉਣਾ),ਐਸਐਸਪੀ ਚਰਨਜੀਤ ਸਿੰਘ (ਸਾਜ਼ਿਸ਼ ਨੂੰ ਅੰਜਾਮ), ਐਸ.ਐਚ.ਓ ਗੁਰਦੀਪ ਸਿੰਘ (ਤੱਥਾਂ ਨੂੰ ਤੋੜ-ਮਰੋੜ ਕੇ ਛੁਪਾਉਣਾ),ਮਨਤਾਰ ਸਿੰਘ ਬਰਾੜ ਸਾਬਕਾ ਅਕਾਲੀ ਵਿਧਾਇਕ ਕੋਟਕਪੁਰਾ ਦੇ ਨਾਮ ਸ਼ਾਮਿਲ ਹਨ।