ਚੰਡੀਗੜ, 19 ਨਵੰਬਰ:(ਵਿਸ਼ਵ ਵਾਰਤਾ )
ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਸਮੁੱਚੇ ਸਿੱਖ ਜਗਤ ਨੂੰ ਪੰਜ ਪਿਆਰਿਆਂ ਵਿੱਚ ਸ਼ਾਮਲ ਭਾਈ ਸਾਹਿਬ ਸਿੰਘ ਦੇ ਪਵਿੱਤਰ ਜਨਮ ਦਿਹਾੜੇ ਦੀ ਵਧਾਈ ਦਿੰਦੇ ਹੋਏ ਕਿਹਾ ਕਿ ਭਾਈ ਸਾਹਿਬ ਨੇ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵੱਲੋਂਖਾਲਸਾ ਪੰਥ ਦੀ ਸਾਜਨਾ ਮੌਕੇ ਆਪਣਾ ਸੀਸ ਭੇਟ ਕਰ ਕੇ ਆਪਣੇ ਆਪ ਨੂੰ ਸਦਾ ਲਈ ਅਮਰ ਕਰ ਲਿਆ ਹੈ।ਮੁੱਖ ਮੰਤਰੀ ਨੇ ਕਿਹਾ ਕਿ ਕਰਨਾਟਕਾ ਦੇ ਸ਼ਹਿਰ ਬਿਦਰ ਵਿਚ ਜਨਮੇ ਸਾਹਿਬ ਸਿੰਘ ਗੁਰੂ ਘਰ ਦੇ ਅਨਿਨ ਸੇਵਕ ਸਨ ਜਿਨਾਂ ਨੇ ਚਮਕੌਰ ਸਾਹਿਬ ਦੇ ਜੰਗ ਵਿੱਚ ਸ਼ਹਾਦਤ ਦਾ ਜਾਮ ਪੀ ਕੇ ਖਾਲਸਾ ਪੰਥ ਦੇ ਮਹਿਲ ਦੀ ਰੱਖੀ ਜਾ ਰਹੀ ਨੀਂਹ ਵਿੱਚ ਆਪਣਾ ਸਿਰਰੱਖਿਆ। ਉਹਨਾਂ ਕਿਹਾ ਕਿ ਭਾਈ ਸਾਹਿਬ ਸਿੰਘ ਬਹਾਦਰੀ, ਗੁਰੂ ਘਰ ਦੀ ਪ੍ਰੇਮਾ ਭਗਤੀ ਅਤੇ ਸੇਵਾ-ਸਿਮਰਨ ਦੀ ਸਾਕਾਰ ਮੂਰਤ ਸਨ। ਉਹਨਾਂ ਨੇ ਆਪਣੀ ਸਾਰੀ ਜ਼ਿੰਦਗੀ ਗੁਰੂ ਘਰ ਦਾ ਅਨਿਨ ਸੇਵਕ ਬਣ ਕੇ ਬਤੀਤ ਕੀਤੀ।ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਭਾਈ ਸਾਹਿਬ ਸਿੰਘ ਵਰਗੇ ਯੋਧਿਆਂ ਦੀਆਂ ਕੁਰਬਾਨੀਆਂ ਸਦਕਾ ਦੀ ਅੱਜ ਅਸੀਂ ਅਮੀਰ ਇਤਿਹਾਸਕ ਤੇ ਸਭਿਆਚਾਰਕ ਵਿਰਸੇ ਦੇ ਮਾਲਕ ਹਾਂ। ਉਹਨਾਂ ਕਿਹਾ ਕਿ ਭਾਈ ਸਾਹਿਬ ਦੀ ਜ਼ਿੰਦਗੀ ਇਸ ਸਮਾਜ ਵਿੱਚੋਂ ਜਬਰ, ਜ਼ੁਲਮ ਅਤੇ ਬੇਇਨਸਾਫੀ ਵਿਰੁੱਧ ਲੜਣ ਵਾਲੇ ਯੋਧਿਆਂ ਲਈ ਚਾਨਣ ਮੁਨਾਰਾ ਬਣੀ ਰਹੇਗੀ।