ਕੇ.ਆਰ. ਨਰਾਇਣਨ ਵਾਂਗ ਸਵਿੰਧਾਨ ਤੇ ਦਬੇ ਕੁੱਚਲੇ ਵਰਗਾਂ ਦੇ ਪਹਿਰੇਦਾਰ ਬਣਨ ਨਵੇਂ ਰਾਸ਼ਟਰਪਤੀ – ਜਸਵੀਰ ਸਿੰਘ ਗੜ੍ਹੀ
ਚੰਡੀਗੜ੍ਹ, 23ਜੁਲਾਈ(ਵਿਸ਼ਵ ਵਾਰਤਾ)-ਬਹੁਜਨ ਸਮਾਜ ਪਾਰਟੀ, ਯੂਨਿਟ ਪੰਜਾਬ ਵੱਲੋਂ ਦੇਸ਼ ਦੇ 15ਵੇਂ ਰਾਸ਼ਟਰਪਤੀ ਅਤੇ ਆਦਿਵਾਸੀ ਕਬੀਲੇ (ਸ਼ਿਡਿਊਲ ਟ੍ਰਾਇਬ) ਨਾਲ ਸਬੰਧ ਰੱਖਦੇ ਦੇਸ਼ ਦੇ ਪਹਿਲੇ ਰਾਸ਼ਟਰਪਤੀ ਸ਼੍ਰੀਮਤੀ ਦਰੋਪਤੀ ਮੁਰਮੂ ਜੀ ਨੂੰ ਮੁਬਾਰਕਾਂ ਦਿੰਦੇ ਹੋਏ ਸੂਬਾ ਪ੍ਰਧਾਨ ਸਰਦਾਰ ਜਸਵੀਰ ਸਿੰਘ ਗੜ੍ਹੀ ਨੇ ਕਿਹਾ ਕਿ ਇਹ ਚਮਤਕਾਰ ਜਿੱਥੇ ਬਾਬਾ ਸਾਹਿਬ ਡਾ ਭੀਮ ਰਾਓ ਅੰਬੇਦਕਰ ਜੀ ਦੇ ਰਚਿਤ ਭਾਰਤੀ ਸੰਵਿਧਾਨ ਦਾ ਹੈ, ਉਥੇ ਇਸਤੋਂ ਵੀ ਵੱਡਾ ਚਮਤਕਾਰ ਸਾਹਿਬ ਕਾਂਸ਼ੀ ਰਾਮ ਜੀ ਦੇ ਖੜੇ ਕੀਤੇ ਬਹੁਜਨ ਸਮਾਜ ਪਾਰਟੀ ਦੇ ਅੰਦੋਲਨ ਦਾ ਚਮਤਕਾਰ ਹੈ, ਜਿਸ ਦੇ ਦਬਾਅ ਹੇਠਾਂ ਆਕੇ ਮਨੂੰਵਾਦੀ ਵਿਚਾਰਧਾਰਾ ਦੀਆਂ ਪੋਸ਼ਕ ਰਾਜਨੀਤਿਕ ਪਾਰਟੀਆਂ ਬਹੁਜਨ ਸਮਾਜ ਵਿੱਚ ਜਨਮੇ ਚਿਹਰਿਆਂ ਨੂੰ ਅੱਗੇ ਕਰਕੇ ਨੁਮਾਇੰਦਗੀ ਦੇਣ ਦਾ ਡਰਾਮਾ ਕਰਦੀਆਂ ਹਨ। ਜਿਸਦੀ ਤਾਜ਼ਾ ਉਦਾਹਰਨ 2021 ਵਿਚ ਪੰਜਾਬ ਵਿੱਚ ਰਾਜ ਕਰਦੀ ਕਾਂਗਰਸ ਪਾਰਟੀ ਨੇ ਅਨੁਸੂਚਿਤ ਜਾਤੀਆਂ ਵਿਚੋਂ ਮੁੱਖ ਮੰਤਰੀ ਚੇਹਰਾ ਦਿੱਤਾ ਅਤੇ 120 ਦਿਨਾਂ ਬਾਅਦ ਪੈਰਾਂ ਦੀਆ ਜੁੱਤੀਆਂ ਦੇ ਖਿਤਾਬ ਨਾਲ ਨਿਵਾਜਕੇ ਬੇਇੱਜ਼ਤ ਕੀਤਾ। ਸਰਦਾਰ ਗੜ੍ਹੀ ਨੇ ਕਿਹਾ ਕਿ ਹਾਲਾਂਕਿ ਦੇਸ਼ ਦੀਆਂ ਵਿਰੋਧੀ ਧਿਰਾਂ ਵਿਚ ਸਭ ਤੋਂ ਪਹਿਲੀ ਰਾਸ਼ਟਰੀ ਪਾਰਟੀ ਸਿਰਫ ਬਹੁਜਨ ਸਮਾਜ ਪਾਰਟੀ ਹੀ ਸੀ, ਜਿਸਦੇ ਰਾਸ਼ਟਰੀ ਪ੍ਰਧਾਨ ਭੈਣ ਕੁਮਾਰੀ ਮਾਇਆਵਤੀ ਜੀ ਨੇ ਸ਼੍ਰੀਮਤੀ ਦਰੋਪਤੀ ਮੁਰਮੂ ਜੀ ਨੂੰ ਰਾਜਨੀਤਿਕ ਵਿਰੋਧੀ ਪਾਰਟੀ ਦੇ ਉਮੀਦਵਾਰ ਹੋਣ ਦੇ ਬਾਵਜੂਦ ਸਭ ਤੋਂ ਪਹਿਲਾਂ ਸਮਰਥਨ ਦਾ ਐਲਾਨ ਕੀਤਾ ਸੀ, ਜਿਸ ਕਰਕੇ ਦੇਸ਼ ਵਿਚ ਬਾਕੀ ਰਾਜਨੀਤਿਕ ਪਾਰਟੀਆਂ ਉਪਰ ਵੀ ਦਬਾਅ ਬਣਿਆ ਅਤੇ ਦੇਸ਼ ਦੇ ਪਹਿਲੇ ਅਨੂਸੂਚਿਤ ਜਨਜਾਤੀਆਂ ਦੇ ਪਹਿਲੇ ਰਾਸ਼ਟਰਪਤੀ ਸ਼੍ਰੀਮਤੀ ਦਰੋਪਤੀ ਮੁਰਮੂ ਜੀ ਬਣੇ।
ਅਪੀਲ ਕਰਦੇ ਹਾਂ ਕਿ ਸਾਡੇ ਦੇਸ਼ ਦੇ ਨਵਨਿਯੁਕਤ ਨਵੇਂ ਰਾਸ਼ਟਰਪਤੀ ਸ਼੍ਰੀਮਤੀ ਦਰੋਪਤੀ ਮੁਰਮੂ ਜੀ ਸਾਬਕਾ ਰਾਸ਼ਟਰੀ ਕੇ.ਆਰ. ਨਰਾਇਣਨ ਜੀ ਦੇ ਨਕਸ਼ੇ ਕਦਮਾਂ ਤੇ ਚਲਦੇ ਹੋਏ ਦੇਸ਼ ਦੀ ਸੁਚੱਜੀ ਅਗਵਾਈ ਕਰਨਗੇ ਅਤੇ ਭਾਰਤੀ ਸੰਵਿਧਾਨ ਦੇ ਪਹਿਰੇਦਾਰ ਬਣਕੇ ਦੇਸ਼ ਵਿਚ ਜਿਥੇ ਲੋਕਤੰਤਰ ਅਤੇ ਦੱਬੇ ਕੁੱਚਲੇ ਵਰਗਾਂ ਦੀ ਰੱਖਿਆ ਕਰਨਗੇ।






















