ਕੇਜਰੀਵਾਲ ਅਤੇ ਚੰਨੀ ਤੋਂ ਬਾਅਦ ਹੁਣ ਸੁਖਬੀਰ ਬਾਦਲ ਵੀ ਮਿਲੇ ਸੋਨੂੰ ਸੂਦ ਨੂੰ
ਆਖਰਕਾਰ ਕਿਹੜੀ ਪਾਰਟੀ ਨੂੰ ਮਿਲੇਗਾ ਸੋਨੂੰ ਸੂਦ ਦਾ ਸਾਥ!
ਚੰਡੀਗੜ੍ਹ,19 ਨਵੰਬਰ(ਵਿਸ਼ਵ ਵਾਰਤਾ)- ਕੋਰੋਨਾ ਮਹਾਮਾਰੀ ਦੌਰਾਨ ਲੋਕਾਂ ਦੀ ਸੇਵਾ ਕਰਨ ਅਤੇ ਪ੍ਰਵਾਸੀ ਮਜਦੂਰਾਂ ਨੂੰ ਉਹਨਾਂ ਦੇ ਘਰ ਪਹੁੰਚਾਉਣ ਕਾਰਨ ਸੁਰਖੀਆਂ ‘ਚ ਆਏ ਅਭਿਨੇਤਾ ਸੋਨੂੰ ਸੂਦ ਅੱਜ ਪੰਜਾਬ ਦੀ ਰਾਜਨੀਤੀ ਵਿੱਚ ਵੀ ਖਾਸੇ ਛਾਏ ਹੋਏ ਹਨ। ਸਭ ਤੋਂ ਪਹਿਲਾਂ ਤਾਂ ਉਹਨਾਂ ਨੂੰ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਆਪਣੀ ਸਰਕਾਰ ਦਾ ਬਰਾਂਡ ਅੰਬੈਸਡਰ ਬਣਾਇਆ। ਜਿਸ ਤੋਂ ਬਾਅਦ ਇਹ ਕਿਆਫੇ ਲੱਗਣ ਲੱਗ ਗਏ ਕਿ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਲਈ ਆਮ ਆਦਮੀ ਪਾਰਟੀ ਸੋਨੂੰ ਸੂਦ ਨੂੰ ਵੱਡੇ ਚਿਹਰੇ ਵਜੋਂ ਪੰਜਾਬ ਵਿੱਚ ਚੋਣਾਂ ਵਿੱਚ ਉਤਾਰ ਸਕਦੀ ਹੈ। ਹਾਲਾਂਕਿ ਸੋਨੂੰ ਸੂਦ ਨੇ ਇਹਨਾਂ ਖਬਰਾਂ ਦਾ ਇਹ ਕਹਿ ਕੇ ਖੰਡਨ ਕਰ ਦਿੱਤਾ ਸੀ ਕਿ ਉਹਨਾਂ ਨੇ ਇਸ ਬਾਰੇ ਸੋਚਿਆ ਨਹੀਂ ਹੈ। ਇਸ ਤੋਂ ਬਾਅਦ ਪਿਛਲੇ ਹਫਤੇ ਹੀ ਸੂਦ ਅਤੇ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਚੰਨੀ ਦਰਮਿਆਨ ਚੰਡੀਗੜ੍ਹ ਦੇ ਹੋਟਲ ਵਿਚ ਢਾਈ ਘੰਟੇ ਲੰਮੀ ਮੀਟਿੰਗ ਨੇ ਵੀ ਕਾਫੀ ਸੁਰਖੀਆਂ ਬਟੋਰੀਆਂ। ਜਿਸ ਤੋਂ ਕੁੱਝ ਦਿਨ ਬਾਅਦ ਅਭਿਨੇਤਾ ਨੇ ਪ੍ਰੈੱਸ ਕਾਨਫਰੰਸ ਕਰਕੇ ਇਹ ਐਲਾਨ ਕੀਤਾ ਕਿ ਉਹਨਾਂ ਦੀ ਭੈਣ ਮੋਗੇ ਤੋਂ ਵਿਧਾਨ ਸਭਾ ਦੀ ਚੋਣ ਲੜੇਗੀ। ਪਾਰਟੀ ਦੇ ਨਾਮ ਦਾ ਕੋਈ ਖੁਲਾਸਾ ਉਦੋਂ ਵੀ ਨਹੀਂ ਕੀਤਾ ਗਿਆ।
ਕੱਲ੍ਹ ਫਿਰ ਤੋਂ ਸੋਨੂੰ ਸੂਦ ਦਾ ਨਾਮ ਚਰਚਾ ਵਿੱਚ ਆ ਗਿਆ ਜਦੋਂ ਸ਼੍ਰੋਮਣੀ ਅਕਾਲੀ ਦਲ ਪ੍ਰਧਾਨ ਸੁਖਬੀਰ ਬਾਦਲ ਨੇ ਉਹਨਾਂ ਨਾਲ ਮੁਲਾਕਾਤ ਦੀਆਂ ਫੋਟੋਆਂ ਆਪਣੇ ਸ਼ੋਸ਼ਲ ਮੀਡੀਆ ਤੇ ਪਾਈਆਂ ।
ਜਿਵੇਂ ਜਿਵੇਂ ਚੋਣਾਂ ਨੇੜੇ ਆ ਰਹੀਆਂ ਹਨ , ਪਾਰਟੀਆਂ ਨੇ ਸੋਨੂੰ ਸੂਦ ਵਰਗੇ ਫਿਲਮੀ,ਗਾਇਕ ਅਤੇ ਸਮਾਜਸੇਵਾ ਨਾਲ ਜੁੜੇ ਵੱਡੇ ਚਿਹਰਿਆਂ ਦੀ ਭਾਲ ਵੀ ਤੇਜ ਕਰ ਦਿੱਤੀ ਹੈ। ਹੁਣ ਤਾਂ ਸਮਾਂ ਆਉਣ ਤੇ ਹੀ ਪਤਾ ਚੱਲੇਗਾ ਕਿ ਸੋਨੂੰ ਸੂਦ ਨਾਲ ਹੋਈਆਂ ਇਹਨਾਂ ਮਿਲਣੀਆਂ ਵਿੱਚ ਕਿਸਦੀ ਮਿਲਣੀ ਨੂੰ ਬੂਰ ਪੈਂਦਾ ਹੈ।