ਕੇਂਦਰ ਸਰਕਾਰ ਭਾਖੜਾ ਬਿਆਸ ਮੈਨੇਜਮੈਂਟ ਵਿਚੋਂ ਪੰਜਾਬ ਦੀ ਨੁਮਾਇੰਦਗੀ ਖ਼ਤਮ ਕਰਨ ਦੇ ਫੈਸਲੇ ਨੂੰ ਵਾਪਿਸ ਲਵੇ : ਭੋਮਾ
ਚੰਡੀਗੜ੍ਹ,2 ਮਾਰਚ(ਵਿਸ਼ਵ ਵਾਰਤਾ)- ਸ਼੍ਰੋਮਣੀ ਅਕਾਲੀ ਦਲ ਸੰਯੁਕਤ ਦੇ ਜਨਰਲ ਸਕੱਤਰ ਤੇ ਮਨਜੀਤ ਸਿੰਘ ਭੋਮਾ ਨੇ ਕਿਹਾ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਵਿੱਚੋਂ ਪੰਜਾਬ ਦੀ ਹਿੱਸੇਦਾਰੀ ਖ਼ਤਮ ਕਰਕੇ ਕੇਂਦਰ ਸਰਕਾਰ ਨੇ ਪੰਜਾਬ ਨਾਲ ਇੱਕ ਹੋਰ ਧੱਕਾ ਕੀਤਾ ਹੈ । ਬੀ ਬੀ ਐਮ ਬੀ ਵਿੱਚ ਇੱਕ ਚੈਅਰਮੈਨ ਤੋਂ ਇਲਾਵਾ ਇੱਕ ਮੈਂਬਰ (ਪਾਵਰ) ਪੰਜਾਬ ਤੋਂ ਅਤੇ ਇੱਕ ਮੈਂਬਰ (ਸਿੰਚਾਈ)ਹਰਿਆਣੇ ਤੋਂ ਲਿਆ ਜਾਂਦਾ ਸੀ । ਦੋ ਮੈਂਬਰ ਕੇਂਦਰ ਸਰਕਾਰ ਦੇ ਨੁਮਾਇੰਦੇ , ਚਾਰ ਅਫ਼ਸਰ ਪੰਜਾਬ , ਹਰਿਆਣਾ , ਹਿਮਾਚਲ ਤੇ ਰਾਜਿਸਥਾਨ ਤੋਂ ਲਏ ਜਾਂਦੇ ਸਨ । ਉਹਨਾਂ ਕਿਹਾ ਇਸ ਧੱਕੇਸ਼ਾਹੀ ਤੇ ਵਿਤਕਰੇ ਵਿਰੁੱਧ ਸ ਸੁਖਦੇਵ ਸਿੰਘ ਢੀਂਡਸਾ ਸਹਿਬ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਤੇ ਗ੍ਰਹਿ ਮੰਤਰੀ ਸ੍ਰੀ ਅਮਿਤ ਸ਼ਾਹ ਨੂੰ ਮਿਲ ਰਹੇ ਹਨ । ਕੇਂਦਰ ਸਰਕਾਰ ਪੰਜਾਬ ਦੀ ਨੁਮਾਇੰਦਗੀ ਖਤਮ ਕਰਕੇ ਹਰਿਆਣਾ ਤੇ ਰਾਜਸਥਾਨ ਨੂੰ ਆਪਣੀ ਮਰਜ਼ੀ ਨਾਲ ਬਿਜਲੀ ਤੇ ਪਾਣੀ ਮੁਹਾਈਆਂ ਕਰਵਾਉਣਾ ਚਾਹੁੰਦੀ ਹੈ । ਇਸ ਸਮੇਂ ਵੀ ਹਰੀਕੇ ਹੈੱਡ ਵਰਕਸ ਤੇ ਪੰਜਾਬ ਦਾ ਕੋਈ ਅਫ਼ਸਰ ਨਾ ਹੋਣ ਕਰਕੇ ਰਾਜਿਸਥਾਨ ਨੂੰ ਲੋੜੋਂ ਵੱਧ ਪਾਣੀ ਛੱਡਿਆ ਜਾ ਰਿਹਾ ਹੈ । ਅਤੇ ਦੂਸਰੇ ਪਾਸੇ ਪੰਜਾਬ ਦੀਆਂ ਨਹਿਰਾਂ ਨੌਂ ਮਹੀਨੇ ਸੁਕੀਆਂ ਰਹਿੰਦੀਆਂ ਹਨ ਧਰਤੀ ਹੇਠਲਾ ਪਾਣੀ ਵੀ ਖ਼ਤਮ ਹੋ ਰਿਹਾ ਹੈ । ਕੇਂਦਰ ਸਰਕਾਰ ਦੀ ਇਸ ਧੱਕੇਸ਼ਾਹੀ ਕਰਕੇ ਪੰਜਾਬ ਦੀ ਧਰਤੀ ਬੰਜ਼ਰ ਰਾਜਿਸਥਾਨ ਬਣ ਜਾਵੇਗੀ ਅਤੇ ਰਾਜਿਸਥਾਨ ਦੀ ਧਰਤੀ ਉਪਜਾਊ ਪੰਜਾਬ ਬਣ ਜਾਵੇਗੀ । ਕੇਂਦਰ ਸਰਕਾਰ ਰਾਜਾਂ ਦੇ ਅਧਿਕਾਰ ਖ਼ਤਮ ਕਰਕੇ ਫੈਡਰਲ ਢਾਂਚੇ ਨੂੰ ਬਰਬਾਦ ਕਰਨ ਦੇ ਰਾਹ ਤੁਰ ਪਈ ਹੈ ।
ਉਹਨਾਂ ਕਿਹਾ ਇਸ ਤੋਂ ਪਹਿਲਾਂ ਵੀ ਕਾਂਗਰਸ ਸਰਕਾਰਾਂ ਪਹਿਲਾਂ ਹੀ ਪੰਜਾਬ ਪ੍ਰਤੀ ਮਤਰੇਈ ਮਾਂ ਵਾਲਾ ਸਲੂਕ ਕਰਦੀਆਂ ਰਹੀਆਂ ਹਨ। ਜਿਵੇਂ ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਪੰਜਾਬ ਨੂੰ ਨਾ ਦੇਣਾ ਅਤੇ ਚੰਡੀਗੜ੍ਹ ਵਿੱਚੋਂ 60/ 40 ਦੀ ਅਨੁਪਾਤ ਖ਼ਤਮ ਕਰਨਾ , ਪੰਜਾਬੀ ਬੋਲਦੇ ਇਲਾਕੇ ਪੰਜਾਬ ਨੂੰ ਨਾ ਦੇਣੇ , ਪੰਜਾਬ ਦੇ ਦਰਿਆਈਂ ਪਾਣੀਆਂ ਦੀ ਲੁੱਟ ਖਸੁੱਟ ਕਰਨੀ , ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਨੂੰ ਹਮੇਸ਼ਾ ਕੇਂਦਰ ਸਰਕਾਰ ਵਲੋਂ ਹੜੱਪਣ ਦੀ ਕੋਸ਼ਿਸ਼ ਕਰਨੀ ਆਦਿ ।























