ਕੇਂਦਰ ਸਰਕਾਰ ਅੱਜ ਕਰ ਸਕਦੀ ਹੈ ਐਮਐਸਪੀ ‘ਚ ਵਾਧੇ ਦਾ ਐਲਾਨ, ਕੈਬਨਟ ਮੀਟਿੰਗ ਚ ਅੱਜ ਲਿਆ ਜਾ ਸਕਦਾ ਵੱਡਾ ਫੈਸਲਾ
ਨਵੀਂ ਦਿੱਲੀ 19 ਜੂਨ (ਵਿਸ਼ਵ ਵਾਰਤਾ) : ਕੇਂਦਰ ਵੱਲੋਂ ਅੱਜ ਦਾਲਾਂ ਸੋਇਆਬੀਨ ਸੂਰਜਮੁਖੀ ਦਾ ਤੇਲ ਅਤੇ ਹੋਰ ਕਈ ਫਸਲਾਂ ‘ਤੇ ਸੱਤ ਫੀਸਦ ਦੇ ਵਾਧੇ ਦੇ ਨਾਲ ਐਮਐਸਪੀ ਦਾ ਐਲਾਨ ਕੀਤਾ ਜਾ ਸਕਦਾ ਹੈ। ਮੀਡੀਆ ਵਿੱਚ ਆ ਰਹੀਆਂ ਖਬਰਾਂ ਤੋਂ ਇਹ ਗੱਲ ਸਾਹਮਣੇ ਆਈ ਹੈ,ਅੱਜ ਸ਼ਾਮ ਨੂੰ ਕੇਂਦਰੀ ਕੈਬਨਟ ਦੀ ਮੀਟਿੰਗ ਹੋਣ ਜਾ ਰਹੀ ਹੈ। ਇਸ ਮੀਟਿੰਗ ਦੇ ਵਿੱਚ ਵਿਚਾਰ ਵਟਾਂਦਰੇ ਤੋਂ ਬਾਅਦ ਐਮਐਸਪੀ ਦਾ ਐਲਾਨ ਕੀਤਾ ਜਾ ਸਕਦਾ ਹੈ। ਇਹ ਵੀ ਉਮੀਦ ਕੀਤੀ ਜਾ ਰਹੀ ਹੈ ਕਿ ਝੋਨੇ ਦੀ ਫਸਲ ਤੇ 5 ਫੀਸਦ ਵਾਧੇ ਦੇ ਨਾਲ ਐਮਐਸਪੀ ਦਾ ਐਲਾਨ ਕੇਂਦਰ ਵੱਲੋਂ ਕੀਤਾ ਜਾ ਸਕਦਾ ਹੈ। ਕੇਂਦਰ ਸਰਕਾਰ ਵੱਲੋਂ 22 ਫਸਲਾਂ ਦੇ ਉੱਪਰ ਸੀਏਸੀਪੀ ਦੀਆਂ ਸਿਫਾਰਿਸ਼ਾਂ ਮੁਤਾਬਕ ਐਮਐਸਪੀ ਦਿੱਤੀ ਜਾਂਦੀ ਹੈ। ਉਹ ਫਸਲਾਂ ਜਿਨਾਂ ਉੱਪਰ ਐਮਐਸਪੀ ਕੇਂਦਰ ਵੱਲੋਂ ਦਿੱਤੀ ਜਾਂਦੀ ਹੈ, ਉਹਨਾਂ ਦੇ ਵਿੱਚ ਝੋਨਾ, ਜਵਾਰ, ਬਾਜਰਾ ,ਰਾਗੀ ,ਮੱਕਾ, ਅਰਹਰ, ਮੂੰਗ, ਮਾਂਹ, ਮੂੰਗਫਲੀ, ਸੂਰਜਮੁਖੀ, ਸੋਇਆਬੀਨ, ਤਿਲ ਨਾਈਜਰ ਸੀਡ,ਅਤੇ, ਕਪਾਹ ਸ਼ਾਮਿਲ ਹੈ। ਇਸੇ ਤਰ੍ਹਾਂ ਕਣਕ ਜੋਂ ਚਣਾ ਮਸਰ ਰੇਪਸੀਡ ਸਰੋਂ ਕੋਪਰਾ ਅਤੇ ਜੂਟ ਦੀਆਂ ਫਸਲਾਂ ਉੱਤੇ ਵੀ ਕੇਂਦਰ ਵੱਲੋਂ ਐਮਐਸਪੀ ਦਿੱਤੀ ਜਾਂਦੀ ਹੈ। ਕਿਸਾਨਾਂ ਵੱਲੋਂ ਲਗਾਤਾਰ ਕਿਸਾਨ ਪ੍ਰਦਰਸ਼ਨਾਂ ਅਤੇ ਅੰਦੋਲਨਾਂ ਵਿੱਚ ਐਮਐਸਪੀ ਦੇ ਵਾਧੇ ਦੀ ਮੰਗ ਕੀਤੀ ਜਾ ਰਹੀ ਹੈ। ਜੇਕਰ ਕੇਂਦਰ ਵੱਲੋਂ ਇਹਨਾਂ ਫਸਲਾਂ ਦੇ ਉੱਪਰ ਵਾਧੇ ਦੇ ਨਾਲ ਐਮਐਸਪੀ ਦਿੱਤੀ ਜਾਂਦੀ ਹੈ, ਤਾਂ ਕਿਸਾਨਾਂ ਲਈ ਰਾਹਤ ਵਾਲੀ ਗੱਲ ਹੋਵੇਗੀ। ਹੁਣ ਦੇਖਣਾ ਇਹ ਹੋਵੇਗਾ , ਕਿ ਕੈਬਨਟ ਦੀ ਮੀਟਿੰਗ ਤੋਂ ਬਾਅਦ ਕੇਂਦਰ ਸਰਕਾਰ ਵੱਲੋਂ ਕਿੰਨੇ ਫੀਸਦ ਵਾਧੇ ਦੇ ਨਾਲ ਐਮਐਸਪੀ ਦਾ ਐਲਾਨ ਕੀਤਾ ਜਾਂਦਾ ਹੈ।






















