ਕੇਂਦਰ ਦੇ ਕਾਲੇ ਖੇਤੀ ਕਾਨੂੰਨਾਂ ਵਿਰੁੱਧ 26-27 ਨੂੰ ਦਿੱਲੀ ਚੱਲੋ ਦੀ ਤਿਆਰੀ ਜ਼ੋਰਾਂ ‘ਤੇ ਭਾਕਿਯੂ (ਏਕਤਾ ਉਗਰਾਹਾਂ) ਵੱਲੋਂ 10 ਜਿਲ੍ਹਿਆਂ ਦੇ 351 ਪਿੰਡਾਂ ਵਿੱਚ ਔਰਤਾਂ ਨੇ ਕੀਤੇ ਰੋਹ ਭਰਪੂਰ ਮੁਜ਼ਾਹਰੇ, ਜਾਇਜ਼ਾ ਮੀਟਿੰਗ ਅਤੇ ਪ੍ਰੈਸ ਕਾਨਫ਼ਰੰਸ 24 ਨੂੰ ਚੰਡੀਗੜ੍ਹ ‘ਚ ਹੋਵੇਗੀ
ਚੰਡੀਗੜ੍ਹ 22 ਨਵੰਬਰ( ਵਿਸ਼ਵ ਵਾਰਤਾ) ਕੇਂਦਰ ਦੇ ਤਿੰਨੇ ਕਾਲੇ ਖੇਤੀ ਕਾਨੂੰਨ, ਬਿਜਲੀ ਬਿੱਲ 2020 ਅਤੇ ਪਰਾਲ਼ੀ ਆਰਡੀਨੈਂਸ ਰੱਦ ਕਰਾਉਣ ਲਈ 26-27 ਨਵੰਬਰ ਨੂੰ ਦਿੱਲੀ ਚੱਲੋ ਦੀ ਜ਼ੋਰਦਾਰ ਤਿਆਰੀ ਲਈ ਭਾਕਿਯੂ (ਏਕਤਾ ਉਗਰਾਹਾਂ)ਵੱਲੋਂ “ਪਿੰਡ ਜਗਾਓ, ਪਿੰਡ ਹਿਲਾਓ ਮੁਹਿੰਮ” ਦੌਰਾਨ ਕੱਲ੍ਹ ਤੇ ਅੱਜ 10 ਜਿਲ੍ਹਿਆਂ ਦੇ 351 ਪਿੰਡਾਂ ਵਿੱਚ ਔਰਤ ਮੁਜ਼ਾਹਰੇ ਗਲ਼ੀ ਗਲ਼ੀ ਕੀਤੇ ਗਏ ਅਤੇ ਦੇਰ ਸ਼ਾਮ ਨੂੰ ਨੌਜਵਾਨਾਂ ਦੇ ਮਸ਼ਾਲ ਮਾਰਚ ਵੀ ਕੀਤੇ ਜਾ ਰਹੇ ਹਨ। ਜਥੇਬੰਦੀ ਦੇ ਜਨਰਲ ਸਕੱਤਰ ਸੁਖਦੇਵ ਸਿੰਘ ਕੋਕਰੀ ਕਲਾਂ ਵੱਲੋਂ ਇਹ ਜਾਣਕਾਰੀ ਦਿੰਦੇ ਹੋਏ ਦੱਸਿਆ ਗਿਆ ਕਿ ਪਿੰਡਾਂ ਅੰਦਰ ਮੋਦੀ ਭਾਜਪਾ ਹਕੂਮਤ ਵਿਰੁੱਧ ਅੰਤਾਂ ਦਾ ਰੋਹ ਅਤੇ ਦਿੱਲੀ ਚੱਲੋ ਲਈ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ। ਧਰਨਾਕਾਰੀਆਂ ਲਈ ਸੰਘਰਸ਼ ਫੰਡ, ਰਾਸ਼ਨ/ਬਾਲਣ ਅਤੇ ਕੰਬਲ ਵਗੈਰਾ ਵੀ ਵਿਤ ਮੂਜਬ ਸਭਨਾਂ ਵੱਲੋਂ ਦਿਲ ਖੋਲ੍ਹ ਕੇ ਦਿੱਤੇ ਜਾ ਰਹੇ ਹਨ। 26 ਨਵੰਬਰ ਨੂੰ12 ਵਜੇ ਤੱਕ ਇਕੱਠੇ ਹੋ ਕੇ ਦਿੱਲੀ ਵੱਲ ਕੂਚ ਕਰਨ ਲਈ ਮਿਥੀਆਂ ਗਈਆਂ ਥਾਂਵਾਂ ਡੱਬਵਾਲੀ ਤੇ ਖਨੌਰੀ ਵਿਖੇ ਦੋ ਲੱਖ ਦੀ ਗਿਣਤੀ ਦਾ ਟੀਚਾ ਵਧਣ ਦੇ ਅੰਦਾਜ਼ੇ ਬਣ ਰਹੇ ਹਨ। ਪੰਜਾਬ ਭਰ ਦੀਆਂ ਤਿਆਰੀਆਂ ਦੇ ਠੋਸ ਜਾਇਜ਼ੇ 24 ਨਵੰਬਰ ਨੂੰ ਕਿਸਾਨ ਭਵਨ ਚੰਡੀਗੜ੍ਹ ਵਿਖੇ ਕੀਤੀ ਜਾ ਰਹੀ ਸੂਬਾਈ ਪ੍ਰੈੱਸ ਕਾਨਫਰੰਸ ਵਿੱਚ ਨਸ਼ਰ ਕੀਤੇ ਜਾਣਗੇ। ਜਥੇਬੰਦੀ ਵੱਲੋਂ ਹਰਿਆਣਾ ਸਰਕਾਰ ਨੂੰ ਈਮੇਲ ਰਾਹੀਂ ਲਿਖਤੀ ਅਪੀਲ 20 ਨਵੰਬਰ ਨੂੰ ਭੇਜ ਕੇ ਮੰਗ ਕੀਤੀ ਗਈ ਹੈ ਕਿ 26 ਨੂੰ ਡੱਬਵਾਲੀ ਤੇ ਖਨੌਰੀ ਤੋਂ ਦਿੱਲੀ ਜਾਣ ਵਾਲੇ ਸ਼ਾਂਤਮਈ ਕਿਸਾਨ ਕਾਫਲਿਆਂ ਨੂੰ ਹਰਿਆਣੇ ਵਿੱਚ ਦੀ ਬੇਰੋਕ-ਟੋਕ ਲੰਘਣ ਦਿੱਤਾ ਜਾਵੇ, ਜਿਸ ਦਾ ਅਜੇ ਤੱਕ ਕੋਈ ਜੁਆਬ ਨਹੀਂ ਮਿਲਿਆ।























