
*ਪੈਟਰੋਲ ‘ਤੇ 23 ਰੁਪਏ ਅਤੇ ਡੀਜ਼ਲ ‘ਤੇ ਪ੍ਰਤੀ ਲੀਟਰ 19 ਰੁਪਏ ਟੈਕਸ ਲੈਂਦੀ ਹੈ ਕੇਂਦਰ ਸਰਕਾਰ*
*ਪ੍ਰਧਾਨ ਮੰਤਰੀ ਦੀ ਮੁੱਖ ਮੰਤਰੀ ਨਾਲ ਬੈਠਕ ਲਈ ‘ਆਪ’ ਵਿਧਾਇਕ ਨੇ ਦਿੱਤੇ ਕਈ ਸੁਝਾਅ*
*ਚੰਡੀਗੜ੍ਹ, 26 ਅਪ੍ਰੈਲ 2020 (ਵਿਸ਼ਵ ਵਾਰਤਾ )- ਆਮ ਆਦਮੀ ਪਾਰਟੀ (ਆਪ) ਦੇ ਸੀਨੀਅਰ ਆਗੂ ਅਤੇ ਵਿਧਾਇਕ ਅਮਨ ਅਰੋੜਾ ਨੇ ਮੁੱਖ ਮੰਤਰੀ ਕੈਪਟਨ ਨੂੰ ਸੁਝਾਅ ਦਿੱਤਾ ਹੈ ਕਿ ਉਹ ਸੋਮਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਰਾਜਾਂ ਦੇ ਮੁੱਖ ਮੰਤਰੀਆਂ ਨਾਲ ਬੈਠਕ ਮੌਕੇ ਸੈਂਟਰਲ ਅਕਸਾਇਜ ਡਿਊਟੀ ‘ਚੋਂ ਪੰਜਾਬ ਦੇ ਅਨੁਪਾਤ ਮੁਤਾਬਿਕ 50 ਫ਼ੀਸਦੀ ਹਿੱਸਾ ਮੰਗਣ ਤਾਂ ਕਿ ਪਹਿਲਾ ਹੀ 2.5 ਲੱਖ ਕਰੋੜ ਰੁਪਏ ਦੇ ਕਰਜ਼ਾਈ ਪੰਜਾਬ ਦੇ ਸਰਕਾਰੀ ਖ਼ਜ਼ਾਨੇ ਨੂੰ ਲੌਕਡਾਊਨ (ਕਰਫ਼ਿਊ) ਕਰਕੇ ਹੋ ਰਹੇ ਭਾਰੀ ਵਿੱਤੀ ਨੁਕਸਾਨ ਦੀ ਥੋੜ੍ਹੀ ਬਹੁਤ ਭਰਪਾਈ ਹੋ ਸਕੇ।
ਅਮਨ ਅਰੋੜਾ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਚਿੱਠੀ ਲਿਖ ਕੇ ਕਈ ਸੁਝਾਅ ਦਿੱਤੇ ਤਾਂ ਕਿ ਉਹ (ਮੁੱਖ ਮੰਤਰੀ) ਸੋਮਵਾਰ ਨੂੰ ਪ੍ਰਧਾਨ ਮੰਤਰੀ ਨਾਲ ਹੋਣ ਜਾ ਰਹੀ ਬੈਠਕ ਦੌਰਾਨ ਉਠਾ ਸਕਣ।
‘ਆਪ’ ਹੈੱਡਕੁਆਟਰ ਰਾਹੀਂ ਮੁੱਖ ਮੰਤਰੀ ਨੂੰ ਲਿਖਿਆ ਪੱਤਰ ਜਾਰੀ ਕਰਦੇ ਹੋਏ ਅਮਨ ਅਰੋੜਾ ਨੇ ਕਿਹਾ ਕਿ ਕੋਰੋਨਾ ਕਾਰਨ ਵਿਸ਼ਵ ਵਿਆਪੀ ਲੌਕਡਾਊਨ ਕਾਰਨ ਅੱਜ ਕੱਲ੍ਹ ਅੰਤਰਰਾਸ਼ਟਰੀ ਬਾਜ਼ਾਰ ‘ਚ ਕੱਚੇ ਤੇਲ ਦੀਆਂ ਕੀਮਤਾਂ ਇਤਿਹਾਸਿਕ ਗਿਰਾਵਟ ‘ਤੇ ਹਨ। ਨਤੀਜੇ ਵਜੋਂ ਰਿਲਾਇੰਸ, ਐਸ.ਆਰ. ਵਰਗੀਆਂ ਨਿੱਜੀ ਤੇਲ ਕੰਪਨੀਆਂ ਸਮੇਤ ਜਨਤਕ ਖੇਤਰ ਦੀਆਂ ਸਰਕਾਰੀ ਕੰਪਨੀਆਂ (ਪੀਐਸਯੂਜ਼) ਅਰਬਾਂ ਰੁਪਏ ਦਾ ਮੁਨਾਫ਼ਾ ਕਮਾ ਰਹੀਆਂ ਹਨ। ਇਸ ਔਖੀ ਘੜੀ ‘ਚ ਲੋਕਾਂ ਨੂੰ ਰਾਹਤ ਦੇਣ ਲਈ ਸਭ ਤੋਂ ਪਹਿਲਾਂ ਇਨ੍ਹਾਂ ਤੇਲ ਕੰਪਨੀਆਂ ਦੇ ਅੰਨ੍ਹੇ, ਮੁਨਾਫ਼ੇ ਦੀ ਸੀਮਾ ਤੈਅ (ਸੀਲਿੰਗ/ਕੈਂਪਿੰਗ) ਕੀਤੀ ਜਾਵੇ ਅਤੇ ਵਾਧੂ ਮੁਨਾਫੇ ਨਾਲ ਲੋਕਾਂ ਨੂੰ ਰਾਹਤ ਦਿੱਤੀ ਜਾਵੇ।
ਅਮਨ ਅਰੋੜਾ ਨੇ ਕਿਹਾ, ”ਚੂੰਕਿ ਪੈਟਰੋਲੀਅਮ ਪਦਾਰਥਾਂ ਨੂੰ ਭਾਰਤ ਸਰਕਾਰ ਨੇ ਜੀਐਸਟੀ ਪ੍ਰਣਾਲੀ ਤੋਂ ਬਾਹਰ ਰੱਖਿਆ ਹੋਇਆ ਹੈ ਅਤੇ ਪੈਟਰੋਲੀਅਮ ਪਦਾਰਥਾਂ ਦੀ ਵਿੱਕਰੀ ਤੋਂ ਜੋ ਵੈਟ ਇਕੱਠਾ ਹੁੰਦਾ ਹੈ, ਉਸ ਵਿਚੋਂ ਪੰਜਾਬ ਨੂੰ ਸਾਲਾਨਾ ਤਕਰੀਬਨ 4500 ਕਰੋੜ ਦਾ ਹਿੱਸਾ ਮਿਲਦਾ ਹੈ, ਪਰੰਤੂ ਕੋਰੋਨਾ ਕਾਰਨ ਡੀਜ਼ਲ-ਪੈਟਰੋਲ ਦੀ 60 ਪ੍ਰਤੀਸ਼ਤ ਵਰਤੋਂ ਘੱਟ ਹੋਣ ਕਾਰਨ ਇਸ ਵੈਟ ਰਾਸ਼ੀ ‘ਚੋਂ ਪੰਜਾਬ ਨੂੰ 2000 ਕਰੋੜ ਰੁਪਏ ਦਾ ਘਾਟਾ ਹੋਵੇਗਾ।
ਅਮਨ ਅਰੋੜਾ ਨੇ ਇਸ ਘਾਟੇ ਦੀ ਪੂਰਤੀ ਲਈ ਕੇਂਦਰ ਸਰਕਾਰ ਵੱਲੋਂ ਪੈਟਰੋਲੀਅਮ ਪਦਾਰਥਾਂ ਉੱਤੇ ‘ਸੈਂਟਰਲ ਅਕਸਾਇਜ਼ ਡਿਊਟੀ’ ਦੇ ਰੂਪ ‘ਚ ਜੋ ਪ੍ਰਤੀ ਲੀਟਰ 23 ਰੁਪਏ ਪੈਟਰੋਲ ਅਤੇ 19 ਰੁਪਏ ਪ੍ਰਤੀ ਲੀਟਰ ਡੀਜ਼ਲ ਵਸੂਲੀ ਕੀਤੀ ਜਾਂਦੀ ਹੈ, ਜੋ ਸਲਾਨਾ 2 ਲੱਖ ਕਰੋੜ ਰੁਪਏ ਦੇ ਕਰੀਬ ਬਣਦਾ ਹੈ, ਇਸ ਵਿਚੋਂ ਆਪਣੇ ਅਨੁਪਾਤ ਮੁਤਾਬਿਕ ਪੰਜਾਬ ਉਸ ‘ਚੋਂ ਆਈ.ਜੀ.ਐਸ.ਟੀ ਦੀ ਤਰਜ਼ ‘ਤੇ 50 ਫ਼ੀਸਦੀ ਹਿੱਸਾ ਮੰਗੇ।
ਇਸ ਤੋਂ ਇਲਾਵਾ ਅਮਨ ਅਰੋੜਾ ਨੇ ਕਿਹਾ ਕਿ ਕੈਪਟਨ ਪ੍ਰਧਾਨ ਮੰਤਰੀ ਮੋਦੀ ਨੂੰ ਸੁਝਾਅ ਦੇਣ ਕਿ ਨਿੱਜੀ ਅਤੇ ਸਰਕਾਰੀ ਤੇਲ ਕੰਪਨੀਆਂ ਸਮੇਤ ਨਿਵੇਸ਼ ਕਰਨ ਦੀ ਸਮਰੱਥਾ ਰੱਖਦੇ ਆਮ ਲੋਕਾਂ ਲਈ ਸਰਕਾਰ ਤੇਲ ਭੰਡਾਰ ਮੁਲਕਾਂ ਅਤੇ ਕੰਪਨੀਆਂ ਨਾਲ ਇਕਰਾਰ ਕਰਕੇ ‘ਤੇਲ ਬਾਂਡ’ ਜਾਰੀ ਕਰਨ ਤਾਂ ਕਿ ਭਵਿੱਖ ‘ਚ ਜਦੋਂ ਕੋਰੋਨਾ ਮਹਾਂਮਾਰੀ ਹਰਾ ਕੇ ਜਦ ਤੇਲ ਦੀਆਂ ਕੀਮਤਾਂ ‘ਚ ਭਾਰੀ ਉਛਾਲ ਆਏ ਤਾਂ ਮੌਜੂਦਾ ਘਾਟੇ ਦੀ ਪੂਰਤੀ ਅਤੇ ਲੋਕਾਂ ਨੂੰ ਰਾਹਤ ਦਿੱਤੀ ਜਾ ਸਕੇ।
ਅਮਨ ਅਰੋੜਾ ਨੇ ਕਿਹਾ ਕਿ ਮੁੱਖ ਮੰਤਰੀ ਸ਼ਰਾਬ ਦੀ ਵਿੱਕਰੀ ਖੋਲ੍ਹਣ ‘ਤੇ ਜ਼ੋਰ ਦੇਣ ਦੀ ਥਾਂ ਇਨ੍ਹਾਂ ਸੁਝਾਵਾਂ ‘ਤੇ ਜ਼ੋਰ ਦੇਣ। ਅਮਨ ਮੁਤਾਬਿਕ ਕਰਫ਼ਿਊ ਦੌਰਾਨ ਸ਼ਰਾਬ ਦੀ ਵਿੱਕਰੀ ਦੀ ਖੁੱਲ ਦੇਣ ਨਾਲ ਸਰਕਾਰੀ ਮਾਲੀਆ ਤਾਂ ਵਧ ਸਕਦਾ ਹੈ ਪਰੰਤੂ ਇਸ ਫ਼ੈਸਲੇ ਕਾਰਨ ਲੋਕਾਂ ਦੇ ਘਰਾਂ ‘ਚ ਕਲੇਸ਼ ਵਧਣਗੇ ਅਤੇ ਪਹਿਲਾਂ ਹੀ ਆਰਥਿਕ ਦਿੱਕਤਾਂ ਦਾ ਸਾਹਮਣਾ ਕਰ ਰਹੇ ਆਮ ਲੋਕਾਂ ਦਾ ਘਰੇਲੂ ਬਜਟ ਹੋਰ ਜ਼ਿਆਦਾ ਵਿਗੜੇਗਾ।





















