ਕੇਂਦਰੀ ਮੰਤਰੀ ਰਵਨੀਤ ਸਿੰਘ ਬਿੱਟੂ ਕਰਨਗੇ ਭਾਈ ਅੰਮ੍ਰਿਤ ਪਾਲ ਸਿੰਘ ਦੇ ਪਰਿਵਾਰ ਦੇ ਨਾਲ ਮੁਲਾਕਾਤ
ਨਵੀਂ ਦਿੱਲੀ 15 ਜੂਨ (ਵਿਸ਼ਵ ਵਾਰਤਾ): ਕੇਂਦਰ ਦੇ ਵਿੱਚ ਰਾਜ ਮੰਤਰੀ ਬਣਨ ਤੋਂ ਬਾਅਦ ਰਵਨੀਤ ਸਿੰਘ ਬਿੱਟੂ ਦੇ ਵਿਚਾਰਾਂ ਦੇ ਵਿੱਚ ਵੱਡਾ ਬਦਲਾਅ ਦੇਖਣ ਨੂੰ ਮਿਲਿਆ ਹੈ। ਖਾਸ ਕਰਕੇ ਬੰਦੀ ਸਿੰਘਾਂ ਦੀ ਰਿਹਾਈ ਬਾਬਤ ਦਿੱਤੇ ਗਏ ਰਵਨੀਤ ਸਿੰਘ ਬਿੱਟੂ ਦੇ ਬਿਆਨ ਨੇ ਸਭ ਨੂੰ ਹੈਰਾਨ ਕਰ ਦਿੱਤਾ ਸੀ। ਬਿੱਟੂ ਨੇ ਕਿਹਾ ਸੀ ਕਿ ਉਹ ਬੰਦੀ ਸਿੰਘਾਂ ਦੀ ਰਿਹਾਈ ਦੇ ਵਿੱਚ ਕੋਈ ਵੀ ਅੜਿਕਾ ਨਹੀਂ ਬਣਨਗੇ, ਤੇ ਜੇਕਰ ਕੇਂਦਰ ਸਰਕਾਰ ਬੰਦੀ ਸਿੰਘਾਂ ਦੀ ਰਿਹਾਈ ਦਾ ਕੋਈ ਫੈਸਲਾ ਕਰਦੀ ਹੈ ਤਾਂ ਬਿੱਟੂ ਉਸਦਾ ਵਿਰੋਧ ਨਹੀਂ ਕਰਨਗੇ ,ਤੇ ਹੁਣ ਰਵਨੀਤ ਸਿੰਘ ਬਿੱਟੂ ਨੇ ਇੱਕ ਹੋਰ ਹੈਰਾਨ ਕਰਨ ਵਾਲਾ ਬਿਆਨ ਦਿੱਤਾ, ਬਿੱਟੂ ਨੇ ਕਿਹਾ ਕਿ ਅਸਾਮ ਦੀ ਡਿਬਰੂਗੜ ਜੇਲ ਦੇ ਵਿੱਚ ਬੰਦ ਖਡੂਰ ਸਾਹਿਬ ਤੋਂ ਐਮਪੀ ਅੰਮ੍ਰਿਤਪਾਲ ਸਿੰਘ ਦੇ ਪਰਿਵਾਰ ਦੇ ਨਾਲ ਉਹ ਮੁਲਾਕਾਤ ਕਰਨਗੇ। ਉਹਨਾਂ ਕਿਹਾ ਕਿ ਕੇਂਦਰ ਦੇ ਮੰਤਰੀ ਹੋਣ ਦੇ ਨਾਤੇ ਉਹ ਅੰਮ੍ਰਿਤ ਪਾਲ ਸਿੰਘ ਦੇ ਪਰਿਵਾਰ ਦੇ ਨਾਲ ਮੁਲਾਕਾਤ ਕਰਨਗੇ। ਇਸ ਦੇ ਨਾਲ ਹੀ ਉਹਨਾਂ ਕਿਹਾ ਕਿ ਅੰਮ੍ਰਿਤ ਪਾਲ ਸਿੰਘ ਦੀ ਰਿਹਾਈ ਬਾਰੇ ਉਹਨਾਂ ਦੀ ਕੀ ਰਣਨੀਤੀ ਹੈ ਇਸ ਦੇ ਬਾਰੇ ਵੀ ਉਹ ਗੱਲਬਾਤ ਕਰਨਗੇ। ਅੱਗੋਂ ਗੱਲਬਾਤ ਕਰਦੇ ਹੋਏ ਰਵਨੀਤ ਸਿੰਘ ਬਿੱਟੂ ਨੇ ਕਿਹਾ ਕਿ ਉਹ ਪੰਜਾਬ ਦੇ ਕਿਸੇ ਵੀ ਮਸਲੇ ਦੇ ਵਿੱਚ ਰੋੜਾ ਨਹੀਂ ਬਣਨਗੇ ਉਹਨਾਂ ਕਿਹਾ ਕਿ ਮੈਂ ਪੰਜਾਬ ਦੇ ਮਸਲੇ ਹੱਲ ਕਰਨ ਦੇ ਲਈ ਬੀਜੇਪੀ ਜੁਆਇਨ ਕੀਤੀ ਹੈ। ਮੈਂ ਕੇਂਦਰ ਦੇ ਨਾਲ ਪੰਜਾਬੀਆਂ ਦੀ ਕੁੜੱਤਣ ਖਤਮ ਕਰਨਾ ਚਾਹੁੰਦਾ ਹਾਂ। ਜੇ ਲੋਕ ਚਾਹੁਣ ਕਿ ਮੈਂ ਬੰਦੀ ਸਿੰਘਾਂ ਦੀ ਰਿਹਾਈ ਦਾ ਮਸਲਾ ਚੁੱਕਾਂ ਤਾਂ ਮੈਂ ਪੰਜਾਬ ਦਾ ਹਰ ਮਸਲਾ ਕੇਂਦਰ ਦੇ ਅੱਗੇ ਰੱਖਣ ਦੇ ਲਈ ਤਿਆਰ ਹਾਂ। ਉਹਨਾਂ ਕਿਹਾ ਕਿ ਮੈਂ ਹੁਣ ਕੇਂਦਰ ਸਰਕਾਰ ਦੇ ਵਿੱਚ ਹਾਂ ਤੇ ਹਰ ਇੱਕ ਦੀ ਗੱਲ ਸੁਣਾਗਾ।