ਕੇਂਦਰੀ ਬਜਟ ਦਿਸ਼ਾਹੀਣ, ਗ਼ਰੀਬ,ਕਿਸਾਨ,ਮਜ਼ਦੂਰ ਮਾਰੂ ‘ਤੇ ਅਮੀਰ–ਪੱਖੀ : ਰਾਜਿੰਦਰ ਸਿੰਘ ਬਡਹੇੜੀ

ਚੰਡੀਗੜ੍ਹ , 1 ਫਰਵਰੀ 2021 (ਵਿਸ਼ਵ ਵਾਰਤਾ)-ਸਿੱਖ ਕਿਸਾਨ ਆਗੂ, ਆਲ ਇੰਡੀਆ ਜੱਟ ਮਹਾਂਸਭਾ ਦੇ ਚੰਡੀਗੜ੍ਹ ਸਟੇਟ ਪ੍ਰਧਾਨ ਤੇ ਮਹਾਂਸਭਾ ਦੇ ਰਾਸ਼ਟਰੀ ਡੈਲੀਗੇਟ ਸ. ਰਾਜਿੰਦਰ ਸਿੰਘ ਬਡਹੇੜੀ ਨੇ ਅੱਜ ਕੇਂਦਰ ਸਰਕਾਰ ਵੱਲੋਂ ਸੰਸਦ ’ਚ ਪੇਸ਼ ਕੀਤੇ ਗਏ 2021–22 ਦੇ ਸਾਲਾਨਾ ਬਜਟ ਨੂੰ ਦਿਸ਼ਾਹੀਣ, ਗ਼ਰੀਬ–ਮਾਰੂ ਤੇ ਅਮੀਰ–ਪੱਖੀ ਕਰਾਰ ਦਿੱਤਾ ਹੈ। ਅੱਜ ਇੱਥੇ ਜਾਰੀ ਇੱਕ ਬਿਆਨ ’ਚ ਉਨ੍ਹਾਂ ਕਿਹਾ ਕਿ ਇਹ ਬਜਟ ਯਕੀਨੀ ਤੌਰ ਉੱਤੇ ਨਵੀਂਆਂ ਬੋਤਲਾਂ ’ਚ ਪੁਰਾਣੀ ਸ਼ਰਾਬ ਵਾਂਗ ਹੀ ਹੈ।
ਸ. ਬਡਹੇੜੀ ਨੇ ਕਿਹਾ ਕਿ ਸਰਕਾਰ ਦਾ ਖ਼ਾਸਾ ਤੇ ਉਸ ਦੀ ਮਾਨਸਿਕਤਾ ਪਹਿਲਾਂ ਹੀ ਕਿਸਾਨ ਅੰਦੋਲਨ ਦੌਰਾਨ ਜ਼ਾਹਿਰ ਹੋ ਚੁੱਕੀ ਹੈ। ਇਹ ਸਰਕਾਰ ਕਦੇ ਵੀ ਗ਼ਰੀਬਾਂ ਤੇ ਕਿਸਾਨਾਂ ਦੇ ਹੱਕ ਵਿੱਚ ਕੋਈ ਫ਼ੈਸਲਾ ਨਹੀਂ ਲੈ ਸਕਦੀ। ਇਸ ਦੇ ਸਾਰੇ ਹੀ ਫ਼ੈਸਲੇ ਸਦਾ ਵੱਡੇ ਸਨਅਤੀ ਤੇ ਕਾਰਪੋਰੇਟ ਅਦਾਰਿਆਂ ਤੇ ਅਮੀਰ ਕਾਰੋਬਾਰੀਆਂ ਦੇ ਹੱਕ ਵਿੱਚ ਹੀ ਭੁਗਤਦੇ ਆਏ ਹਨ।
ਕਿਸਾਨ ਆਗੂ ਨੇ ਅੱਗੇ ਕਿਹਾ ਕਿ ਇਸ ਬਜਟ ਵਿੱਚ ਜਦੋਂ ਹੀ ਕੇਂਦਰੀ ਵਿੱਤ ਮੰਤਰੀ ਨੇ ਕੇਂਦਰ ਸਰਕਾਰ ਨੂੰ ‘ਕਿਸਾਨ–ਪੱਖੀ’ ਦੱਸਣ ਦਾ ਜਤਨ ਕੀਤਾ, ਤਿਵੇਂ ਹੀ ਸਦਨ ’ਚ ਹੰਗਾਮਾ ਖੜ੍ਹਾ ਹੋ ਗਿਆ। ਦਰਅਸਲ, ਹੁਣ ਇਸ ਸਰਕਾਰ ਦੀ ਅਸਲੀਅਤ ਤੇ ਕੰਮ ਕਰਨ ਦੇ ਤੌਰ–ਤਰੀਕੇ ਤੋਂ ਸਾਰੇ ਵਾਕਫ਼ ਹੋ ਚੁੱਕੇ ਹਨ।
ਸ. ਬਡਹੇੜੀ ਨੇ ਇਹ ਵੀ ਕਿਹਾ ਕਿ ਪੈਟਰੋਲ ਤੇ ਡੀਜ਼ਲ ਨੂੰ ‘ਖੇਤੀ ਸੈੱਸ’ ਦਾ ਨਾਂਅ ਦੇ ਕੇ ਬਿਨਾ ਵਜ੍ਹਾ ਮਹਿੰਗਾ ਕਰ ਦਿੱਤਾ ਗਿਆ ਹੈ; ਇਸ ਨਾਲ ਪੂਰੇ ਦੇਸ਼ ਵਿੱਚ ਮਹਿੰਗਾਈ ਹੋਰ ਵੀ ਜ਼ਿਆਦਾ ਵਧ ਜਾਵੇਗੀ ਤੇ ਪਹਿਲਾਂ ਤੋਂ ਹੀ ਆਰਥਿਕ ਔਕੜਾਂ ਦਾ ਸਾਹਮਣਾ ਕਰ ਰਹੇ ਆਮ ਲੋਕਾਂ ਦਾ ਲੱਕ ਹੋਰ ਵੀ ਟੁੱਟ ਜਾਵੇਗਾ।






















