ਬਲਾਚੌਰ, 04 ਜੁਲਾਈ (ਵਿਸ਼ਵ ਵਾਰਤਾ)-
ਅੱਜ ਇੱਥੇ ਜਾਰੀ ਬਿਆਨ ਵਿੱਚ ਪੰਜਾਬ ਸੀਟੂ ਦੇ ਜਨਰਲ ਸਕੱਤਰ ਕਾਮਰੇਡ ਰਘੁਨਾਥ ਸਿੰਘ ਨੇ ਦੱਸਿਆ ਕਿ ਪੂੰਜੀਪਤੀਆਂ, ਠੇਕੇਦਾਰਾਂ ਅਤੇ ਜਗੀਰਦਾਰਾਂ ਦੇ ਦਬਾਅ ਹੇਠ ਪੰਜਾਬ ਦੀ ਕਾਂਗਰਸ ਸਰਕਾਰ ਵਲੋਂ ਪੰਜਾਬ ਦੇ ਮਜ਼ਦੂਰਾਂ ਦੀਆਂ ਘੱਟੋ ਘੱਟ ਉੱਜਰਤਾਂ ਵਿੱਚ ਸੋਧ ਕਰਕੇ ਵਾਧਾ ਨਹੀਂ ਕੀਤਾ ਜਾ ਰਿਹਾ। ਘੱਟੋ ਘੱਟ ੳੱੁਜਰਤਾਂ ਦੇ ਕਾਨੂੰਨ ਅਨੁਸਾਰ ਹਰ ਪੰਜ ਸਾਲ ਬਾਦ ਘੱਟੋ ਘੱਟ ੳੱੁਜਰਤਾਂ ਵਿੱਚ ਸੋਧ ਕਰਕੇ ਵਾਧਾ ਕਰਨਾ ਜ਼ਰੂਰੀ ਹੈ। ਪਿਛਲੀ ਵਾਰ ਇਹ ਵਾਧਾ ਸਤੰਬਰ 2012 ਵਿੱਚ ਕੀਤਾ ਗਿਆ ਸੀ। ਇਸ ਲਈ ਕਾਨੂੰਨ ਅਨੁਸਾਰ ਸਤੰਬਰ 2017 ਵਿੱਚ ਘੱਟੋ ਘੱਟ ਉੱਜਰਤਾਂ ਵਿੱਚ ਸੋਧ ਕਰਕੇ ਵਾਧਾ ਕੀਤਾ ਜਾਣਾ ਚਾਹੀਦਾ ਸੀ, ਪਰੰਤੂ ਇਹ ਬਹੁਤ ਹੀ ਦੁੱਖ ਅਤੇ ਅਫਸੋਸ ਦੀ ਗੱਲ ਹੈ ਕਿ 3 ਸਾਲ ਦਾ ਵਾਧੂ ਸਮਾਂ ਬੀਤ ਜਾਣ ਬਾਦ ਵੀ ਪੰਜਾਬ ਸਰਕਾਰ ਵਲੋਂ ਘੱਟੋ ਘੱਟ ਉੱਜਰਤਾਂ ਵਿੱੱਚ ਸੋਧ ਕਰਕੇ ਵਾਧਾ ਕਰਨ ਲਈ ਅਜੇ ਤੱਕ ਮੁਢਲੀ ਕਾਨੂੰਨੀ ਪ੍ਰਕਿਰਿਆ ਵੀ ਅਰੰਭ ਨਹੀ ਕੀਤੀ ਗਈ ਜੋ ਕਿ ਪੰਜਾਬ ਦੇ 60 ਲੱਖ ਕਿਰਤੀਆਂ ਨਾਲ ਘੋਰ ਅਨ੍ਹਿਆ ਹੈ। ਲਾਕਡਾਊਨ ਦੌਰਾਨ ਕੇਂਦਰ ਅਤੇ ਪੰਜਾਬ ਸਰਕਾਰ ਵਲੋਂ ਕਿਰਤੀਆਂ ਨੂੰ ਪੂਰੀਆਂ ਉੱਜਰਤਾਂ ਦੇਣ ਅਤੇ ਛਾਂਟੀਆਂ ਨਾ ਕਰਨ ਦਾ ਵਾਅਦਾ ਕੀਤਾ ਸੀ ਵੀ ਪੂਰਾ ਨਹੀਂ ਕੀਤਾ ਗਿਆ। ਸਭ ਤੋਂ ਦੁਖਦਾਈ ਗੱਲ ਇਹ ਹੈ ਕਿ ਪੰਜਾਬ ਦੀ ਕੈਪਟਨ ਸਰਕਾਰ ਵਲੋਂ ਫਰਵਰੀ 2020 ਵਿੱਚ ਖਤਮ ਹੋਈ ਛਿਮਾਹੀ ਦੋਰਾਨ ਕੀਮਤ ਸੂਚਕ ਅੰਕ ਵਿੱਚ ਹੋਏ ਵਾਧੇ ਦੇ ਅਧਾਰ ਤੇ ਡੀ.ਏ. ਵਿੱਚ ਹੋਏ 401.73 ਰੁਪਏ ਮਹੀਨਾ ਦੇ ਵਾਧੇ ਸਬੰਧੀ 1 ਮਈ 2020 ਨੂੰ ਜੋ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਸੀ ਉਹ ਨੋਟੀਫਿਕੇਸ਼ਨ ਵੀ ਪੂੰਜੀਪਤੀਆਂ, ਠੇਕੇਦਾਰਾਂ ਅਤੇ ਜਗੀਰਦਾਰਾਂ ਨੂੰ ਖੁਸ ਕਰਨ ਲਈ 9 ਮਈ ਨੂੰ ਵਾਪਿਸ ਲੈ ਲਿਆ ਗਿਆ, ਜਦੋਂ ਕਿ ਪੰਜਾਬ ਸਰਕਾਰ ਕੋਲ ਕੀਮਤ ਸੂਚਕ ਅੰਕ ਸਬੰਧੀ ਜਾਰੀ ਨੋਟੀਫਿਕੇਸਨ ਵਾਪਿਸ ਲੈਣ ਦਾ ਕੋਈ ਅਧਿਕਾਰ ਹੀ ਨਹੀਂ ਹੈ। ਰਘੁਨਾਥ ਸਿੰਘ ਨੇ ਕਿਹਾ ਕਿ ਦੁਰਲਾਨਤ ਹੈ ਇਸ ਸਰਕਾਰ ਨੂੰ ਜਿਸਨੇ ਮਜ਼ਦੂਰਾਂ ਨੂੰ ਕਰੋਨਾ ਕਾਰਨ ਪੈਦਾ ਹੋਈ ਸੰਕਟਮਈ ਹਾਲਤ ਵਿੱਚ ਕੁੱਝ ਦੇਣ ਦੀ ਬਜਾਏ ਉਹਨਾਂ ਦੀ ਘੱਟੋ ਘੱਟ ਉੱਜਰਤ ਵਿੱਚ ਵੀ ਕਟੌਤੀ ਕਰ ਦਿੱਤੀ ਹੈ ਜੋ ਇੱਕ ਵੱਡਾ ਅਪਰਾਧ ਹੈ। ਕੈਪਟਨ ਸਰਕਾਰ ਦਾ ਇਹ ਕਦਮ ਭੁੱਖਿਆਂ ਦੇ ਮੂੰਹ ਵਿੱਚੋਂ ਰੋਟੀ ਖੋਹਣ ਵਾਲਾ ਕਦਮ ਹੈ। ਰਘੁਨਾਥ ਸਿੰਘ ਨੇ ਪੰਜਾਬ ਸਰਕਾਰ ਅਤੇ ਕਿਰਤ ਵਿਭਾਗ ਨੂੰ ਚਿਤਾਵਨੀ ਦਿੱਤੀ ਕਿ ਜੇਕਰ 1 ਮਈ 2020 ਨੂੰ ਜਾਰੀ ਨੋਟੀਫਿਕੇਸਨ ਤੁਰੰਤ ਲਾਗੂ ਕਰਕੇ ਘੱਟੋ ਘੱਟ ਉੱਜਰਤਾਂ ਦੇ ਨਵੇਂ ਰੇਟ ਕਾਨੂੰਨ ਅਨੁਸਾਰ 1 ਮਾਰਚ 2020 ਤੋਂ ਲਾਗੂ ਨਾ ਕੀਤੇ ਤਾਂ ਸੀਟੂ ਕਾਨੂੰਨੀ ਲੜਾਈ ਦੇ ਨਾਲ ਨਾਲ ਪੰਜਾਬ ਸਰਕਾਰ ਵਿਰੁੱਧ ਰਾਜ ਵਿਆਪੀ ਅੰਦੋਲਨ ਅਰੰਭ ਦੇਵੇਗੀ। ਪੰਜਾਬ ਸੀਟੂ ਨੇ ਮਜ਼ਦੂਰਾਂ ਦੀਆਂ ਘੱਟੋ ਘੱਟ ੳੱੁਜਰਤਾਂ ਵਿੱਚ ਸੋਧ ਕਰਨ ਲਈ ਤੁਰੰਤ ਮੁਢਲੀ ਕਾਨੂੰਨੀ ਪ੍ਰਕਿਰਿਆ ਅਰੰਭ ਕਰਨ ਅਤੇ ਸੋਧੀਆਂ ਹੋਈਆਂ ਉੱਜਰਤਾਂ ਸਤੰਬਰ 2017 ਤੋਂ ਲਾਗੂ ਕਰਨ ਦੀ ਮੰਗ ਕੀਤੀ ਹੈ।
Big Breaking: ਰਾਤ 10 ਵਜੇ ਦੀਆਂ ਵੱਡੀਆਂ ਖ਼ਬਰਾਂ
Big Breaking: ਰਾਤ 10 ਵਜੇ ਦੀਆਂ ਵੱਡੀਆਂ ਖ਼ਬਰਾਂ ਚੰਡੀਗੜ੍ਹ, 17 ਨਵੰਬਰ 2026 (ਵਿਸ਼ਵ ਵਾਰਤਾ): ਰਾਤ 10 ਵਜੇ ਦੀਆਂ ਵੱਡੀਆਂ ਪ੍ਰਮੁੱਖ...






















