
ਸੋ੍ਰਮਣੀ ਅਕਾਲੀ ਦਲ ਦੀ ਜ਼ਿਲਾ ਇਕਾਈ ਨੇ ਵਪਾਰ ਮੰਡਲ ਦਾ ਪ੍ਰਧਾਨ ਬਣਨ ’ਤੇ ਕੀਤਾ ਸਨਮਾਨ
ਮੋਹਾਲੀ, 11 ਜੂਨ( ਵਿਸ਼ਵ ਵਾਰਤਾ)- ਸ੍ਰੋਮਣੀ ਅਕਾਲੀ ਦਲ ਜ਼ਿਲਾ ਮੋਹਾਲੀ ਦੀ ਇਕਾਈ ਵੱਲੋਂ ਸ੍ਰੋਮਣੀ ਅਕਾਲੀ ਦੇ ਜ਼ਿਲਾ ਪ੍ਰਧਾਨ ਤੇ ਡੇਰਬੱਸੀ ਦੇ ਵਿਧਾਇਕ ਐਨ.ਕੇ.ਸ਼ਰਮਾ ਨੂੰ ਪਾਰਟੀ ਵੱਲੋਂ ਦੁਬਾਰਾ ਵਪਾਰ ਮੰਡਲ ਪ੍ਰਧਾਨ ਬਣਾਏ ਜਾਣ ’ਤੇ ਉਨਾਂ ਦਾ ਸਨਮਾਨ ਕੀਤਾ ਗਿਆ। ਇਸ ਮੌਕੇ ਮੋਹਾਲੀ ਤੋਂ ਇਕੱਤਰ ਵਰਕਰਾਂ ਅਤੇ ਅਹੁੱਦੇਦਾਰਾਂ ਨੇ ਸਾਬਕਾ ਮੁੱਖ ਮੰਤਰੀ ਪੰਜਾਬ ਸ. ਪ੍ਰਕਾਸ਼ ਸਿੰਘ ਬਾਦਲ ਅਤੇ ਸਾਬਕਾ ਉਪ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਦਾ ਧੰਨਵਾਦ ਕਰਦਿਆਂ ਕਿਹਾ ਪਾਰਟੀ ਵੱਲੋਂ ਲਿਆ ਗਿਆ ਇਹ ਫੈਸਲਾ ਸ਼ਲਾਘਾਯੋਗ ਹੈ ਜਿਸ ਨਾਲ ਸੂਬੇ ਦੇ ਛੋਟੇ ਅਤੇ ਵੱਡੇ ਵਪਾਰੀਆਂ ਨੂੰ ਦਰਪੇਸ਼ ਮੁਸ਼ਕਲਾਂ ਜਲਦੀ ਹੱਲ ਹੋਣਗੀਆਂ। ਇਸ ਮੌਕੇ ਐਨ.ਕੇ.ਸ਼ਰਮਾ ਨੇ ਜ਼ਿਲੇ ਦੀ ਸਮੁੱਚੀ ਇਕਾਈ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਹ ਪਾਰਟੀ ਵੱਲੋਂ ਸੌਂਪੀ ਗਈ ਡਿਊਟੀ ਨੂੰ ਪੂਰੀ ਤਨਦੇਹੀ ਨਾਲ ਨਿਭਾਉਣਗੇ।
ਉਨਾਂ ਸੂਬੇ ਅੰਦਰ ਕਿਸਾਨ, ਵਪਾਰੀ ਅਤੇ ਉਦਯੋਗਪਤੀਆਂ ਦੀ ਤਰਸਯੋਗ ਬਣੀ ਹਾਲਤ ’ਤੇ ਚਿੰਤਾ ਪ੍ਰਗਟ ਕਰਦਿਆਂ ਕਿਹਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਸੂਬੇ ਨੂੰ ਪੈਰਾਂ ਸਿਰ ਖੜਾ ਕਰਨ ਲਈ ਕਿਸਾਨ ਵਪਾਰੀ ਅਤੇ ਇੰਡਸਟਰੀ ਲਈ ਸ਼ਪੈਸ਼ਲ ਪੈਕੇਜ਼ ਐਲਾਨ ਕਰਕੇ ਮਾਲੀ ਰਾਹਤ ਦੇਣ। ਉਨਾਂ ਜ਼ਿਲੇ ਅੰਦਰ ਹਲਕਾ ਡੇਰਬੱਸੀ ਸਮੇਤ ਹੋਰਨਾਂ ਥਾਂਵਾਂ ’ਤੇ ਚੱਲ ਰਹੀ ਨਜਾਇਜ਼ ਮਾਈਨਿੰਗ ਦਾ ਜ਼ਿਕਰ ਕਰਦਿਆਂ ਕਿਹਾ ਇਸ ਨਜਾਇਜ਼ ਮਾਈਨਿੰਗ ਨਾਲ ਸਰਕਾਰੀ ਖਜ਼ਾਨੇ ਨੂੰ ਕਰੋੜਾ ਰੁਪਏ ਦਾ ਚੂਨਾ ਲੱਗ ਰਿਹਾ ਹੈ। ਜੇ ਇਹ ਪੈਸਾ ਸਰਕਾਰ ਤੱਕ ਨਹੀਂ ਪੁੱਜ ਰਿਹਾ ਤਾਂ ਸਰਕਾਰ ਕਿਸਾਨਾਂ ਨੂੰ ਰਾਹਤ ਦੇਣ ਵਾਸਤੇ ਇਕ ਐਡਵਾਈਜ਼ਰੀ ਦੇ ਤਹਿਤ ਇਨਵਾਇਰਮੈਂਟਲ ਕਲੀਅਰੈਂਸ ਦੀਆਂ ਸ਼ਰਤਾਂ ਦੇ ਨਾਲ ਮਾਈਨਿੰਗ ਨੂੰ ਮੁਫ਼ਤ ਕਰ ਦੇਵੇ।
ਇਸ ਦੇ ਨਾਲ ਹੀ ਉਨਾਂ ਵਪਾਰੀਆਂ ਅਤੇ ਉਦਯੋਗਪਤੀਆਂ ਨੂੰ ਰਾਹਤ ਦੇਣ ਦੀ ਮੰਗ ਕਰਦਿਆਂ ਕਿਹਾ ਕਿ ਸੂਬਾ ਸਰਕਾਰ ਵਪਾਰ ਅਤੇ ਇੰਡਸਟਰੀ ਬਚਾਉਣ ਲਈ ਜੀ.ਐਸ.ਟੀ ਅਤੇ ਹੋਰ ਟੈਕਸਾਂ ਵਿਚ 50 ਫੀਸਦੀ ਰਾਹਤ ਦੇਵੇ। ਲਾੱਕਡਾਉਨ ਦੌਰਾਨ ਦੁਕਾਨਾਂ ਪੂਰੀ ਤਰਾਂ ਬੰਦ ਰਹਿਣ ਕਰਕੇ ਉਨਾਂ ਦੇ ਮਾਲੀ ਹਾਲਾਤ ਬਦਤਰ ਬਣ ਗਏ ਹਨ ਪੂਰਨ ਬੰਦ ਦੇ ਬਾਵਜੂਦ ਉਨਾਂ ਨੂੰ ਆਪਣੇ ਵਰਕਰਾਂ ਦੀ ਤਨਖਾਹ, ਦੁਕਾਨਾਂ ਦਾ ਕਿਰਾਇਆ ਪੂਰਾ ਦੇਣਾ ਪਿਆ ਹੈ ਜਦਕਿ ਉਨਾਂ ਦੀ ਆਮਦਨੀ ਜੀਰੋ ਸੀ। ਇਹਨਾਂ ਹਾਲਾਤਾਂ ਵਿੱਚ ਸੂਬਾ ਸਰਕਾਰ ਵੱਲੋਂ ਕੋਈ ਸਹਾਇਤਾ ਤਾਂ ਕੀ ਦੇਣੀ ਸੀ ਬਲਕਿ ਸਰਕਾਰ ਨੇ ਬੰਦ ਦੁਕਾਨਾਂ ਦੇ ਬਿਜਲੀ ਦੇ ਬਿੱਲ ਐਵਰੇਜ ਬੇਸ ਉੱਤੇ ਪਹਿਲਾਂ ਨਾਲੋਂ ਵੀ ਵੱਧ ਭੇਜਕੇ ਉਨਾਂ ਦਾ ਲੱਕ ਤੋੜ ਕੇ ਰੱਖ ਦਿੱਤਾ ਹੈ। ਉਨਾਂ ਸਰਕਾਰ ਤੋਂ ਮੰਗ ਕੀਤੀ ਸਰਕਾਰ ਐਵਰੇਜ ਬੇਸ ’ਤੇ ਭੇਜੇ ਬਿਲਾਂ ਨੂੰ ਪੂਰਨ ਤੌਰ ’ਤੇ ਮੁਆਫ ਕਰੇ। ਉਨਾਂ ਕਿਹਾ ਸ਼੍ਰੋਮਣੀ ਅਕਾਲੀ ਦਲ ਦੇ ਵਪਾਰ ਵਿੰਗ ਦਾ ਪ੍ਰਧਾਨ ਹੋਣ ਦੇ ਨਾਤੇ ਉਨਾਂ ਦੀਆਂ ਸਮੱਸਿਆਵਾਂ ਪਾਰਟੀ ਪਲੇਟਫਾਰਮ ਦੇ ਨਾਲ-ਨਾਲ ਵਿਧਾਨ ਸਭਾ ਵਿੱਚ ਵੀ ਰੱਖਣਗੇ।
ਇਸ ਮੌਕੇ ਬੀਬੀ ਪਰਮਜੀਤ ਕੌਰ ਲਾਂਡਰਾ, ਪਰਵਿੰਦਰ ਸਿੰਘ ਸੋਹਾਣਾ, ਕੌਸਲਰ ਕਮਲਜੀਤ ਸਿੰਘ ਰੂਬੀ, ਸੁਰਿੰਦਰ ਸਿੰਘ ਰੋਡਾ, ਗੁਰਮੁੱਖ ਸਿੰਘ ਸੋਹਲ, ਅਰੁਣ ਸ਼ਰਮਾ, ਸੁਭਾਸ਼ ਬੱਬਰ, ਬਲਵਿੰਦਰ ਸਿੰਘ ਲਖਨੋਰ ਸਰਕਲ ਪ੍ਰਧਾਨ, ਹਰਸੰਗਤ ਸਿੰਘ ਨੰਬਰਦਾਰ, ਕਰਮਜੀਤ ਸਿੰਘ ਨੰਬਰਦਾਰ, ਅਮਨਦੀਪ ਸਿੰਘ ਪਹਿਲਵਾਨ, ਗਗਨਦੀਪ ਸਿੰਘ, ਡਾ. ਵਰਿੰਦਰ ਕੋਚਰ, ਮੁਖਤਿਆਰ ਸਿੰਘ, ਬਚਨ ਸਿੰਘ, ਉਮਾਕਾਂਤ ਤਿਵਾਰੀ ਅਤੇ ਵਿਜੈ ਪਾਠਕ ਸਮੇਤ ਹੋਰ ਆਗੂ ਹਾਜ਼ਰ ਸਨ।
ਫੋਟੋ ਕੈਪਸ਼ਨ
ਮੋਹਾਲੀ ਵਿਖੇ ਵਪਾਰ ਮੰਡਲ ਦਾ ਪ੍ਰਧਾਨ ਬਣਨ ’ਤੇ ਐਨ.ਕੇ.ਸ਼ਰਮਾ ਦਾ ਸਨਮਾਨ ਕਰਦੇ ਹੋਏ ਸ੍ਰੋਮਣੀ ਅਕਾਲੀ ਦਲ ਦੀ ਜ਼ਿਲਾ ਇਕਾਈ ਦੇ ਅਹੁੱਦੇਦਾਰ ਅਤੇ ਵਰਕਰ।





















