ਕਿਸਾਨ-ਜਥੇਬੰਦੀਆਂ ਨੇ ਸਕੂਲ ਖੋਲ੍ਹਣ ਦੇ ਫੈਸਲੇ ਨੂੰ ਸੰਘਰਸ਼ ਦੀ ਅੰਸ਼ਕ ਜਿੱਤ ਕਰਾਰ ਦਿੱਤਾ
ਪ੍ਰਾਇਮਰੀ ਕਲਾਸਾਂ ਲਈ ਸਕੂਲ ਖੁਲ੍ਹਵਾਉਣ ਲਈ ਕੱਲ 7 ਫਰਵਰੀ ਨੂੰ ਸੂਬੇ ਭਰ ‘ਚ ਰੋਸ-ਮੁਜ਼ਾਹਰੇ ਹੋਣਗੇ
ਚੰਡੀਗੜ੍ਹ, 6 ਫਰਵਰੀ (ਵਿਸ਼ਵ ਵਾਰਤਾ) : ਪੰਜਾਬ ਦੀਆਂ ਵੱਖ-ਵੱਖ ਕਿਸਾਨ ਜਥੇਬੰਦੀਆਂ ਦੇ ਆਗੂਆਂ ਬੂਟਾ ਸਿੰਘ ਬੁਰਜ਼ਗਿੱਲ, ਜਗਮੋਹਨ ਸਿੰਘ ਪਟਿਆਲਾ, ਹਰਮੀਤ ਸਿੰਘ ਕਾਦੀਆਂ ਅਤੇ ਨਿਰਭੈ ਸਿੰਘ ਢੁੱਡੀਕੇ ਨੇ ਕਿਹਾ ਕਿ ਸੰਘਰਸਸ਼ੀਲ ਕਿਸਾਨ ਜਥੇਬੰਦੀਆਂ ਦੀ ਪਹਿਲਕਦਮੀ ‘ਤੇ ਚਲਦਿਆਂ ਅਧਿਆਪਕ ਜਥੇਬੰਦੀਆਂ, ਵਿਦਿਆਰਥੀਆਂ, ਮਾਪਿਆਂ, ਸਕੂਲ ਪ੍ਰਬੰਧਕਾਂ, ਆਮ ਲੋਕਾਂ ਦੇ ਸੰਘਰਸ਼ ਦੇ ਦਬਾਅ ਅੱਗੇ ਝੁਕਦਿਆਂ ਪੰਜਾਬ ਸਰਕਾਰ ਨੇ ਕਰੋਨਾ ਦੀ ਆੜ ਹੇਠ ਬੰਦ ਕੀਤੇ 7 ਫਰਬਰੀ ਤੋਂ 6ਵੀਂ ਕਲਾਸ ਤੋਂ ਅੱਗੇ ਸਕੂਲ/ਕਾਲਜ ਖੋਲ੍ਹਣ ਦਾ ਫ਼ੈਸਲਾ ਕੀਤਾ ਹੈ। ਇਹ ਸੰਘਰਸ਼ ਦੀ ਅੰਸ਼ਕ ਜਿੱਤ ਹੈ। ਕਿਸਾਨ-ਜਥੇਬੰਦੀਆਂ ਜਥੇਬੰਦੀਆਂ ਪਹਿਲੀ ਜਮਾਤ ਤੋਂ ਸਾਰੇ ਸਰਕਾਰੀ ਅਤੇ ਪੑਾਈਵੇਟ ਸਕੂਲ ਖੋਲ੍ਹਣ ਲਈ ਸੰਘਰਸ਼ ਕਰ ਰਹੀਆਂ ਹਨ। ਸਾਡੀ ਪਹਿਲੀ ਜਮਾਤ ਤੋਂ ਸਕੂਲ ਖੋਲ੍ਹਣ ਦੀ ਮੰਗ ਬਰਕਰਾਰ ਹੈ। ਇਸ ਲਈ 7 ਫਰਵਰੀ ਨੂੰ 12 ਵਜੇ ਤੋਂ 2 ਵਜੇ ਤੱਕ ਸੜਕਾਂ ਜਾਮ ਕਰਨ ਦਾ ਫੈਸਲਾ ਬਰਕਰਾਰ ਹੈ। ਪੂਰੇ ਜ਼ੋਰ ਸ਼ੋਰ ਨਾਲ 7 ਫਰਬਰੀ ਦੇ ਚੱਕਾ ਜਾਮ ਦੀਆਂ ਤਿਆਰੀਆਂ ਜਾਰੀ ਰੱਖੀਆਂ ਜਾਣ।
ਕਿਸਾਨ-ਆਗੂਆਂ ਨੇ ਮੰਗ ਕੀਤੀ ਕਿ ਪੰਜਾਬ ਦੇ ਮਾਣਯੋਗ ਰਾਜਪਾਲ ਮੁੱਖ ਮੰਤਰੀ ਪੰਜਾਬ ਵੱਲੋਂ ਚੋਣਾਂ ਦੇ ਐਲਾਨ ਤੋਂ ਪਹਿਲਾਂ ਨਰਮੇ ਦੇ ਮੁਆਵਜ਼ੇ, ਗੰਨੇ ਦੀ ਫਸਲ ਦੇ ਬਕਾਏ ਸਬੰਧੀ ਕੀਤੇ ਐਲਾਨ ਨੂੰ ਲਾਗੂ ਕਰਵਾਉਣ, ਬਰਸਾਤ ਕਾਰਨ ਆਲੂ ਦੀ ਖ਼ਰਾਬ ਫਸਲ ਦੇ ਮੁਆਵਜ਼ੇ ਲਈ ਗਿਰਦਾਵਰੀ ਮੁਕੰਮਲ ਕਰਵਾਈ ਜਾਵੇ ਅਤੇ ਮੁਆਵਜ਼ਾ ਦਿੱਤਾ ਜਾਵੇ, ਨਹੀਂ ਤਾਂ ਜਥੇਬੰਦੀਆਂ ਨੂੰ ਕੋਈ ਪ੍ਰੋਗਰਾਮ ਉਲੀਕਣਾ ਪਵੇਗਾ।