ਕਿਸਾਨ ਅੰਦੋਲਨ 2.0 -23ਵੇਂ ਦਿਨ ਵੀ ਜਾਰੀ
ਅੱਜ ਕਿਸਾਨ ਕਰਨਗੇ ਦਿੱਲੀ ਕੂਚ
ਅਲੱਗ- ਅਲੱਗ ਤਰੀਕੇ ਨਾਲ ਪਹੁੰਚਣਗੇ ਦਿੱਲੀ
ਬੱਸਾਂ ,ਟਰੇਨਾਂ ਤੋਂ ਇਲਾਵਾ ਪੈਦਲ ਵੀ ਕਰਨਗੇ ਦਿੱਲੀ ਵੱਲ ਮਾਰਚ
14 ਮਾਰਚ ਨੂੰ ਹੋਵੇਗੀ ਮਹਾਪੰਚਾਇਤ
ਚੰਡੀਗੜ੍ਹ,6ਮਾਰਚ(ਵਿਸ਼ਵ ਵਾਰਤਾ)- ਅੱਜ 6 ਮਾਰਚ ਨੂੰ ਕਿਸਾਨ ਅੰਦੋਲਨ-2 ਦਾ 23ਵਾਂ ਦਿਨ ਹੈ। ਪੰਜਾਬ-ਹਰਿਆਣਾ ਦੇ ਹਜ਼ਾਰਾਂ ਕਿਸਾਨ ਦਿੱਲੀ ਕੂਚ ਲਈ ਸ਼ੰਭੂ ਅਤੇ ਖਨੌਰੀ ਬਾਰਡਰ ‘ਤੇ ਲਗਾਤਾਰ ਡਟੇ ਹੋਏ ਹਨ। ਇਸੇ ਦੌਰਾਨ ਅੱਜ ਸੰਯੁਕਤ ਕਿਸਾਨ ਮੋਰਚਾ (ਗੈਰ-ਸਿਆਸੀ) ਅਤੇ ਕਿਸਾਨ-ਮਜ਼ਦੂਰ ਮੋਰਚਾ ਦੇ ਸੱਦੇ ‘ਤੇ ਦੇਸ਼ ਭਰ ਦੇ ਕਿਸਾਨ ਪੈਦਲ, ਬੱਸਾਂ ਅਤੇ ਰੇਲ ਗੱਡੀਆਂ ਰਾਹੀਂ ਦਿੱਲੀ ਵੱਲ ਮਾਰਚ ਕਰਨਗੇ। ਦਿੱਲੀ ਕੂਚ ਨੂੰ ਲੈ ਕੇ ਹਰਿਆਣਾ ਸਰਕਾਰ ਵੱਲੋਂ ਪੁਖਤਾ ਪ੍ਰਬੰਧ ਕੀਤੇ ਗਏ ਹਨ। ਹਾਲਾਂਕਿ ਸ਼ੰਭੂ ਅਤੇ ਖਨੌਰੀ ਬਾਰਡਰ ‘ਤੇ ਪਹਿਲਾਂ ਹੀ ਧਰਨਾ ਦੇ ਰਹੇ ਕਿਸਾਨ ਇੱਥੇ ਬੈਠ ਕੇ ਰੋਸ ਪ੍ਰਦਰਸ਼ਨ ਜਾਰੀ ਰੱਖਣਗੇ। ਦੂਜੇ ਪਾਸੇ ਕਿਸਾਨਾਂ ਵੱਲੋਂ ਸਰਹੱਦ ‘ਤੇ ਹੀ ਧਰਨਾ ਦੇਣ ਦੇ ਐਲਾਨ ਤੋਂ ਬਾਅਦ ਹਿਸਾਰ-ਅੰਬਾਲਾ-ਚੰਡੀਗੜ੍ਹ ਹਾਈਵੇਅ (152) ਨੂੰ ਵੀ ਮੰਗਲਵਾਰ ਨੂੰ ਖੁੋਲ੍ਹਣਾ ਸ਼ੁਰੂ ਕਰ ਦਿੱਤਾ ਗਿਆ ਹੈ। ਇਸ ਤੋਂ ਪਹਿਲਾਂ ਸੋਮਵਾਰ ਨੂੰ ਅੰਬਾਲਾ ਦੇ ਸੱਦੋਪੁਰ ਨੇੜੇ ਪ੍ਰਸ਼ਾਸਨ ਵੱਲੋਂ ਚੰਡੀਗੜ੍ਹ-ਦਿੱਲੀ ਹਾਈਵੇਅ (ਨੈਸ਼ਨਲ ਹਾਈਵੇ-44) ਨੂੰ ਖੋਲ੍ਹ ਦਿੱਤਾ ਗਿਆ ਸੀ। ਹਾਈਵੇਅ ਦੇ ਦੋਵੇਂ ਪਾਸੇ ਇੱਕ-ਇੱਕ ਲੇਨ ਖੋਲ੍ਹ ਦਿੱਤੀ ਗਈ ਹੈ। ਪ੍ਰਸ਼ਾਸਨ ਦੇ ਇਸ ਫੈਸਲੇ ਤੋਂ ਬਾਅਦ ਵਾਹਨ ਚਾਲਕਾਂ ਨੂੰ ਵੱਡੀ ਰਾਹਤ ਮਿਲੀ ਹੈ ਕਿਉਂਕਿ ਅੰਬਾਲਾ ਤੋਂ ਚੰਡੀਗੜ੍ਹ, ਚੰਡੀਗੜ੍ਹ ਤੋਂ ਹਿਸਾਰ ਜਾਂ ਚੰਡੀਗੜ੍ਹ ਤੋਂ ਦਿੱਲੀ ਜਾਣ ਵਾਲੇ ਡਰਾਈਵਰਾਂ ਨੂੰ ਹੁਣ ਪਰੇਸ਼ਾਨੀ ਨਹੀਂ ਹੋਵੇਗੀ। ਦੂਜੇ ਪਾਸੇ ਸੰਯੁਕਤ ਕਿਸਾਨ ਮੋਰਚਾ (ਐਸਕੇਐਮ) ਨੇ 14 ਮਾਰਚ ਨੂੰ ਦਿੱਲੀ ਦੇ ਰਾਮਲੀਲਾ ਮੈਦਾਨ ਵਿੱਚ ਹੋਣ ਵਾਲੀ ਮਹਾਪੰਚਾਇਤ ਦੀ ਰੂਪਰੇਖਾ ਦੇ ਦਿੱਤੀ ਹੈ। ਇਸ ਦਾ ਨਾਂ ਕਿਸਾਨ-ਮਜ਼ਦੂਰ ਮਹਾਪੰਚਾਇਤ ਰੱਖਿਆ ਗਿਆ ਹੈ। ਇਸ ਵਿੱਚ ਦੇਸ਼ ਭਰ ਤੋਂ ਕਿਸਾਨ ਟਰੈਕਟਰ-ਟਰਾਲੀਆਂ ਛੱਡ ਕੇ ਬੱਸਾਂ, ਰੇਲਾਂ ਅਤੇ ਹੋਰ ਵਾਹਨਾਂ ਰਾਹੀਂ ਜਾਣਗੇ।