ਕਿਸਾਨ ਅੰਦੋਲਨ 2.0 ਦਾ ਅੱਜ 18ਵਾਂ ਦਿਨ
ਕਿਸਾਨਾਂ ਦਾ ਦਿੱਲੀ ਕੂਚ ਫਿਲਹਾਲ ਟਲ਼ਿਆ
ਚੰਡੀਗੜ੍ਹ,1ਮਾਰਚ(ਵਿਸ਼ਵ ਵਾਰਤਾ)-ਆਪਣੀਆਂ ਮੰਗਾਂ ਨੂੰ ਲੈ ਕੇ ਪੰਜਾਬ-ਹਰਿਆਣਾ ਦੇ ਸ਼ੰਭੂ ਅਤੇ ਖਨੌਰੀ ਸਰਹੱਦ ‘ਤੇ 13 ਫਰਵਰੀ ਤੋਂ ਸ਼ੁਰੂ ਹੋਏ ਕਿਸਾਨਾਂ ਦੇ ਅੰਦੋਲਨ ਦਾ ਅੱਜ 18ਵਾਂ ਦਿਨ ਹੈ। ਜ਼ਿਕਰਯੋਗ ਹੈ ਕਿ ਸ਼ੁਭਕਰਨ ਸਿੰਘ ਦੀ ਮੌਤ ਤੋਂ ਬਾਅਦ ਕਿਸਾਨਾਂ ਨੇ ਦਿੱਲੀ ਵੱਲ ਮਾਰਚ ਕਰਨ ਦਾ ਫੈਸਲਾ 29 ਫਰਵਰੀ ਤੱਕ ਮੁਲਤਵੀ ਕਰ ਦਿੱਤਾ ਸੀ ਪਰ ਫਿਰ ਵੀ 29 ਫਰਵਰੀ ਨੂੰ ਦਿੱਲੀ ਵੱਲ ਕਿਸਾਨਾਂ ਦੇ ਮਾਰਚ ਸਬੰਧੀ ਕੋਈ ਨਵਾਂ ਐਲਾਨ ਨਹੀਂ ਕੀਤਾ ਗਿਆ। ਕਿਸਾਨ ਆਗੂ ਸਰਵਣ ਪੰਧੇਰ ਅਤੇ ਜਗਜੀਤ ਡੱਲੇਵਾਲ ਨੇ ਦੱਸਿਆ ਕਿ ਸ਼ੁਭਕਰਨ ਦੀ ਆਤਮਿਕ ਸ਼ਾਂਤੀ ਲਈ ਅੰਤਿਮ ਅਰਦਾਸ 3 ਮਾਰਚ ਨੂੰ ਕੀਤੀ ਜਾਵੇਗੀ। ਜਿਸ ਤੋਂ ਬਾਅਦ ਹੀ ਦਿੱਲੀ ਵੱਲ ਅੱਗੇ ਵਧਣ ਦਾ ਫੈਸਲਾ ਲਿਆ ਜਾਵੇਗਾ। ਦੱਸਣਯੋਗ ਹੈ ਕਿ ਪੰਜਾਬ ਪੁਲਿਸ ਵੱਲੋਂ ਕਤਲ ਦੀ ਐਫਆਈਆਰ ਦਰਜ ਕਰਨ ਤੋਂ ਬਾਅਦ, 21 ਫਰਵਰੀ ਨੂੰ ਬਠਿੰਡਾ ਦੀ ਖਨੌਰੀ ਸਰਹੱਦ ‘ਤੇ ਮਰੇ ਕਿਸਾਨ ਸ਼ੁਭਕਰਨ ਦਾ ਅੰਤਿਮ ਸੰਸਕਾਰ ਵੀਰਵਾਰ ਨੂੰ ਕੀਤਾ ਗਿਆ।