ਕਿਸਾਨ ਅੰਦੋਲਨ ਦੇ ਹੱਕ ਵਿੱਚ ਕਾਂਗਰਸ ਵੱਲੋਂ ਸ਼ੰਭੂ ਬਾਰਡਰ ਅਤੇ ਅਕਾਲੀ ਦਲ ਵੱਲੋਂ ਸ਼੍ਰੀ ਅਮ੍ਰਿਤਸਰ ਵਿੱਚ ਪ੍ਰਦਰਸ਼ਨ
ਕਾਂਗਰਸੀ ਪਾਰਲੀਮੈਂਟ ਮੈਂਬਰਾਂ ਦਾ ਜੰਤਰ-ਮੰਤਰ ਦਿੱਲੀ ਵਿਖੇ ਧਰਨਾ 8ਵੇਂ ਦਿਨ ਵੀ ਜਾਰੀ
ਦਿੱਲੀ ਦੇ ਮੁਖ ਮੰਤਰੀ ਅਰਵਿੰਦ ਕੇਜਰੀਵਾਲ ਵੱਲੋਂ ਵੀ ਧਰਨਾ ਤੇ ਭੁੱਖ ਹੜਤਾਲ
ਕਿਸਾਨ ਜੱਥੇਬੰਦੀਆਂ ਵੱਲੋਂ ਪੰਜਾਬ ਭਰ ਵਿਚ ਡੀਸੀ ਦਫਤਰਾਂ ਦਾ ਘਿਰਾਓ ਤੇ ਪ੍ਰਦਰਸ਼ਨ
ਕਿਸਾਨ ਅੰਦੋਲਨ ਹੁਣ ਬਣਿਆ ਮਹਾ-ਅੰਦੋਲਨ
ਵਿਸ਼ਵ ਭਰ ਵਿੱਚੋਂ ਵੀ ਮਿਲਣ ਲੱਗਾ ਪੂਰਾ ਸਮਰਥਨ
ਕਿਸਾਨ ਖੇਤੀ ਕਾਨੂੰਨਾਂ ਨੂੰ ਵਾਪਸ ਕਰਵਾਉਣ ਲਈ ਅੜੇ ਤੇ ਸਰਕਾਰ ਕਾਨੂੰਨ ਬਹਾਲ ਰੱਖਣ ਲਈ ਅੜੀ

ਚੰਡੀਗੜ੍ਹ,14ਦਸੰਬਰ (ਵਿਸ਼ਵ ਵਾਰਤਾ)-ਕੇਂਦਰ ਸਰਕਾਰ ਵੱਲੋਂ ਬਣਾਏ ਗਏ ਕਾਲੇ ਖੇਤੀ ਕਾਨੂੰਨਾਂ ਦੇ ਖਿਲਾਫ ਕਿਸਾਨ ਅੰਦੋਲਨ ਹੁਣ ਸਮੁੱਚੀ ਲੋਕਾਈ ਦਾ ਅੰਦੋਲਨ ਬਣਦਾ ਜਾ ਰਿਹਾ ਹੈ। ਅੰਦੋਲਨ ਨੂੰ ਭਾਜਪਾ ਨੂੰ ਛੱਡ ਕੇ ਸਭ ਵਿਰੋਧੀ ਪਾਰਟੀਆਂ ਦਾ ਸਮਰਥਨ ਮਿਲਣ ਲੱਗਾ ਹੈ। ਪੰਜਾਬ ਨਾਲ ਸੰਬੰਧਤ ਸਾਰੀਆਂ ਪਾਰਟੀਆਂ(ਭਾਜਪਾ ਨੂੰ ਛੱਡ ਕੇ) ਇਕ-ਦੂਜੇ ਤੋਂ ਅੱਗੇ ਹੋ ਕੇ ਕਿਸਾਨ ਸਮਰਥਕ ਹੋਣ ਦਾ ਦਾਅਵਾ ਕਰ ਰਹੀਆਂ ਹਨ ਅਤੇ ਇਸ ਅੰਦੋਲਨ ਦੇ ਹੱਕ ਵਿੱਚ ਧਰਨੇ , ਮੁਜ਼ਾਹਰੇ,ਰੋਸ ਪ੍ਰਦਰਸ਼ਨ ਕਰਨ ਤੋਂ ਵੀ ਪਿੱਛੇ ਨਹੀਂ ਹਟ ਰਹੀਆਂ।
ਅੱਜ ਜਿਥੇ ਅੰਦੋਲਨ ਦੇ ਹੱਕ ਵਿੱਚ ਕਾਂਗਰਸ ਵੱਲੋਂ ਸ਼ੰਭੂ ਬਾਰਡਰ ਤੇ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ, ਉਥੇ ਹੀ ਅਕਾਲੀ ਦਲ ਵੱਲੋਂ ਸ਼੍ਰੀ ਅਮ੍ਰਿਤਸਰ ਵਿਖੇ ਗੋਲਡਨ ਗੇਟ ਤੇ ਵਿਸ਼ਾਲ ਧਰਨਾ ਦਿੱਤਾ ਜਾ ਰਿਹਾ ਹੈ। ਇਸ ਦੇ ਨਾਲ ਹੀ ਅੱਜ ਹੀ ਦਿੱਲੀ ਵਿਖੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਜੋ ਕਿ ਆਪ ਪਾਰਟੀ ਦੇ ਮੁੱਖੀ ਹਨ, ਆਪਣੇ ਮੰਤਰੀ ਮੰਡਲ ਅਤੇ ਹੋਰ ਸੀਨੀਅਰ ਆਗੂਆਂ ਦੇ ਨਾਲ ਧਰਨਾ ਅਤੇ ਇਕ ਦਿਨ ਦੀ ਭੁੱਖ-ਹੜਤਾਲ ਰੱਖ ਰਹੇ ਹਨ। ਇਹਨਾਂ ਤੋਂ ਇਲਾਵਾ ਜਿਥੇ ਕਿਸਾਨ ਜੱਥੇਬੰਦੀਆਂ ਨੇ ਦਿੱਲੀ ਦੀ ਬਾਰਡਰ ਤੇ ਡੇਰਾ ਲਾਇਆ ਹੋਇਆ ਹੈ, ਉਥੇ ਪੰਜਾਬ ਵਿੱਚ ਕਿਸਾਨ ਜੱਥੇਬੰਦੀਆਂ ਦੇ ਲੀਡਰ ਤੇ ਵਰਕਰ ਡਿਪਟੀ ਕਮਿਸ਼ਨਰਾਂ ਦੇ ਦਫਤਰਾਂ ਦਾ ਘਿਰਾਓ ਅਤੇ ਪ੍ਰਦਰਸ਼ਨ ਕੀਤੇ ਜਾ ਰਹੇ ਹਨ। ਕਿਸਾਨ ਅੰਦੋਲਨ ਹੁਣ ਮਹਾ-ਅੰਦੋਲਨ ਬਣਦਾ ਜਾ ਰਿਹਾ ਹੈ। ਵਿਸ਼ਵ ਭਰ ਵਿੱਚੋਂ ਵੀ ਕਿਸਾਨ ਅੰਦੋਲਨ ਨੂੰ ਪੂਰਾ ਸਮਰਥਨ ਮਿਲ ਰਿਹਾ ਹੈ। ਕਈ ਦੇਸ਼ਾਂ ਵਿੱਚ ਤਾਂ ਅੰਦੋਲਨ ਦੇ ਹੱਕ ਵਿੱਚ ਵੱਡੇ-ਵੱਡੇ ਮੁਜ਼ਾਹਰੇ ਤੇ ਰੋਸ ਪ੍ਰਦਰਸ਼ਨ ਵੀ ਹੋਏ ਹਨ।






















