ਕਿਸਾਨਾਂ ਮਜ਼ਦੂਰਾਂ ਨੂੰ ਇਸ ਸਾਲ ਦੇ ਬਜ਼ਟ ਵਿਚ ਕੁਝ ਦੇਣ ਦੀ ਬਜਾਏ ਸਗੋਂ ਘਟਾਇਆ ਗਿਆ ਹੈ-ਅਤਿ ਨਿੰਦਣਯੋਗ
ਬੀਕੇਯੂ-ਡਕੌਂਦਾ ਨੇ ਕੇਂਦਰੀ ਬਜ਼ਟ ਨੂੰ ਨਿੰਦਿਆ
ਚੰਡੀਗੜ੍ਹ : ਭਾਰਤੀ ਕਿਸਾਨ ਯੂਨੀਅਨ-ਏਕਤਾ(ਡਕੌਂਦਾ) ਦੇ ਪ੍ਰਧਾਨ ਬੂਟਾ ਸਿੰਘ ਬੁਰਜ਼ਗਿੱਲ ਅਤੇ ਜਨਰਲ-ਸਕੱਤਰ ਜਗਮੋਹਨ ਸਿੰਘ ਪਟਿਆਲਾ ਨੇ ਕੇਂਦਰੀ ਬਜ਼ਟ ਦੀ ਸਖ਼ਤ ਆਲੋਚਨਾ ਕੀਤੀ ਹੈ। ਕਿਸਾਨ ਆਗੂਆਂ ਨੇ ਕਿਹਾ ਕਿ ਕਿਸਾਨਾਂ ਦੇ ਲੰਮੇ ਅਤੇ ਠਰ੍ਹੰਮੇ ਵਾਲੇ ਸੰਘਰਸ਼ ਤੋਂ ਬਾਅਦ ਸ਼ਾਇਦ ਕੇਂਦਰੀ ਸਰਕਾਰ ਨੇ ਬਦਲਾ ਲਿਆ ਹੈ। ਐਮ.ਐਸ.ਪੀ. ਲਈ 2.37 ਲੱਖ ਕਰੋੜ ਜੋ ਰੱਖੇ ਹਨ, ਉਹ ਪਿਛਲੇ ਸਾਲ ਨਾਲੋਂ ਵੀ ਘੱਟ ਹੈ। ਪਿਛਲੇ ਸਾਲ ਇਹ ਪੈਸਾ 2.48 ਲੱਖ ਕਰੋੜ ਸੀ। ਇਸ ਸਾਲ ਬਜਟ ਘਟਾ ਕੇ 2.37 ਲੱਖ ਕਰੋੜ ਕਰ ਦਿੱਤਾ ਹੈ। ਸਪਸ਼ਟ ਹੈ ਕਿ ਫਸਲਾਂ ’ਤੇ ਘੱਟੋ ਘੱਟ ਲਾਗਤ ਕੀਮਤ ’ਤੇ ਖਰੀਦ ਘੱਟ ਹੋਵੇਗੀ। ਜਦੋਂ ਕਿ ਪਹਿਲਾਂ ਹੀ ਭਾਰਤ ਦੇ ਕਿਸਾਨਾਂ ਦੀਆਂ 50 ਪ੍ਰਤੀਸ਼ਤ ਫਸਲਾਂ ਨੂੰ ਐਮ.ਐਸ.ਪੀ. ਨਹੀਂ ਮਿਲਦੀ।
2022 ਤੱਕ ਕਿਸਾਨ ਦੀ ਆਮਦਨ ਦੁੱਗਣੀ ਕਰਨ ਦੀ ਬਜਾਏ ਸਗੋਂ ਘੱਟ ਕਰਨ ਵੱਲ ਕਦਮ ਚੁੱਕੇ ਹਨ। ਖਾਦਾਂ ਤੇ ਖੁਰਾਕ ’ਤੇ ਸਬਸਿਡੀ ਘਟਾ ਦਿੱਤੀ ਹੈ।
ਡਰੋਨ ਰਾਹੀਂ ਕੀਟਨਾਸ਼ਕ ਦਵਾਈਆਂ ਦੀ ਛੜਕਾਅ ਦੇ ਸੁਪਨੇ ਦਿਖਾਏ ਗਏ ਹਨ। ਖੇਤੀ ਯੂਨੀਵਰਸਿਟੀਆਂ ਨੂੰ ਸਿਲੇਬਸ ਬਦਲਣ ਲਈ ਕਿਹਾ, ਪਰ ਖਾਲੀ ਅਧਿਆਪਕਾਂ ਦੀਆਂ ਖਾਲੀ ਅਸਾਮੀਆਂ ਲਈ ਕੁਝ ਨਹੀਂ। ਪ੍ਰੰਪਰਕ ਤੇ ਔਰਗੇਨਕ ਖੇਤੀ ਦਾ ਵਧਾਵਾ ਦੀਆਂ ਗੱਲਾਂ ਕੀਤੀਆਂ ਹਨ, ਪਰ ਬਜਟ ਕੁਝ ਨਹੀਂ। ਫਸਲੀ ਵਿਭਿੰਨਤਾ ਲਈ ਕੁਝ ਨਹੀਂ। ਕਰਜ਼ਾ ਖਤਮ ਕਰਨ ਜਾਂ ਆਮਦਨ ਵਧਾਉਣ ਨਾਲ ਹੀ ਕਿਸਾਨੀ ਖੁਦਕਸ਼ੀ ਤੋਂ ਪਿਛੇ ਹਟ ਸਕਦੀ ਹੈ। ਪਟਰੋਲ ਤੇ ਡੀਜ਼ਲ ਵੀ ਮਹਿਗਾ ਕਰਨ ਦੀ ਵਿਉਂਤ ਵੀ ਕਿਸਾਨ ਤੇ ਆਮ ਲੋਕਾਂ ਤੇ ਬੋਝ ਹੈ।
ਕਿਸਾਨਾਂ ਤੇ ਖੇਤ ਮਜ਼ਦੂਰਾਂ ਨੂੰ ਆਪਣੀ ਹੋਂਦ ਲਈ ਦੂਜੀ ਲੰਮੀ, ਠਰੰਮੇ ਅਤੇ ਦਿ੍ਰੜ ਇਰਾਦੇ ਲਈ ਲੜਾਈ ਲਈ ਤਿਆਰ ਰਹਿਣਾ ਚਾਹੀਦਾ ਹੈ।