Sports: ਫੁੱਟਬਾਲਰ ਲਿਓਨਲ ਮੈਸੀ ਦਾ 70 ਫੁੱਟ ਉੱਚਾ ਬੁੱਤ ਹਟਾਇਆ ਗਿਆ
ਕੋਲਕਾਤਾ, 2 ਜੂਨ (ਵਿਸ਼ਵ ਵਾਰਤਾ) – ਅਰਜਨਟੀਨਾ ਦੇ ਮਹਾਨ ਫੁੱਟਬਾਲਰ ਲਿਓਨਲ ਮੈਸੀ ਦਾ ਕੋਲਕਾਤਾ ਦੇ ਲੇਕ ਟਾਊਨ ਇਲਾਕੇ ਵਿੱਚ ਲਗਾਇਆ ਗਿਆ 70 ਫੁੱਟ ਉੱਚਾ ਬੁੱਤ ਹਟਾ ਦਿੱਤਾ ਗਿਆ ਹੈ। ਅਧਿਕਾਰੀਆਂ ਮੁਤਾਬਕ ਹਾਲੀਆ ਹਨੇਰੀਆਂ ਅਤੇ ਤੇਜ਼ ਹਵਾਵਾਂ ਤੋਂ ਬਾਅਦ ਬੁੱਤ ਦੀ ਬਣਤਰ ਅਸਥਿਰ ਹੋ ਗਈ ਸੀ ਅਤੇ ਇਹ ਹਵਾ ਵਿੱਚ ਹਿੱਲਦਾ ਹੋਇਆ ਨਜ਼ਰ ਆ ਰਿਹਾ ਸੀ, ਜਿਸ ਕਾਰਨ ਸੁਰੱਖਿਆ ਸੰਬੰਧੀ ਚਿੰਤਾਵਾਂ ਪੈਦਾ ਹੋ ਗਈਆਂ ਸਨ।
ਪਬਲਿਕ ਵਰਕਸ ਡਿਪਾਰਟਮੈਂਟ (PWD) ਨੇ ਹਾਈਡ੍ਰੌਲਿਕ ਕਰੇਨ ਦੀ ਮਦਦ ਨਾਲ ਬੁੱਤ ਨੂੰ ਸੁਰੱਖਿਅਤ ਢੰਗ ਨਾਲ ਉਤਾਰ ਕੇ ਆਪਣੇ ਕਬਜ਼ੇ ਵਿੱਚ ਲੈ ਲਿਆ ਹੈ। ਜਾਂਚ ਦੌਰਾਨ ਬੁੱਤ ਦੇ “ਫਾਊਂਡੇਸ਼ਨ ਬੋਲਟਾਂ” ਵਿੱਚ ਖਾਮੀਆਂ ਮਿਲਣ ਦੀ ਗੱਲ ਸਾਹਮਣੇ ਆਈ, ਜਿਸ ਕਾਰਨ ਇਸ ਦੇ ਡਿੱਗਣ ਦਾ ਖ਼ਤਰਾ ਦੱਸਿਆ ਜਾ ਰਿਹਾ ਸੀ। ਬੁੱਤ ਨੂੰ ਹਟਾਉਣ ਲਈ ਇੱਕ ਹਾਈਡ੍ਰੌਲਿਕ ਕਰੇਨ ਦੀ ਵਰਤੋਂ ਕੀਤੀ ਗਈ। ਫਿਰ ਇਸਨੂੰ ਇੱਕ ਟਰੱਕ ਵਿੱਚ ਸੁਰੱਖਿਅਤ ਢੰਗ ਨਾਲ ਲਿਜਾਇਆ ਗਿਆ। ਹਟਾਉਣ ਦੀ ਪ੍ਰਕਿਰਿਆ ਦੌਰਾਨ ਮੂਰਤੀ ਨੂੰ ਕੋਈ ਨੁਕਸਾਨ ਨਹੀਂ ਪਹੁੰਚਿਆ।
ਇਹ ਬੁੱਤ ਦਸੰਬਰ 2025 ਵਿੱਚ ਕੋਲਕਾਤਾ ਵਿੱਚ ਮੈਸੀ ਦੇ ਦੌਰੇ ਦੌਰਾਨ ਵਰਚੁਅਲੀ ਉਦਘਾਟਿਤ ਕੀਤਾ ਗਿਆ ਸੀ। ਹੁਣ ਇਸ ਨੂੰ ਕਿਸੇ ਹੋਰ ਸੁਰੱਖਿਅਤ ਥਾਂ ‘ਤੇ ਦੁਬਾਰਾ ਸਥਾਪਿਤ ਕਰਨ ਬਾਰੇ ਵਿਚਾਰ ਕੀਤਾ ਜਾ ਰਿਹਾ ਹੈ। ਮੀਡੀਆ ਰਿਪੋਰਟਾਂ ਦੇ ਅਨੁਸਾਰ, ਬੁੱਤ ਦੀ ਲਾਗਤ ਲਗਭਗ ₹10 ਕਰੋੜ ਹੈ। ਬੁੱਤ ਲੋਹੇ ਅਤੇ ਫਾਈਬਰ ਤੋਂ ਬਣਿਆ ਹੈ, ਇਹ ਸਿਰਫ 40 ਦਿਨਾਂ ਵਿੱਚ ਤਿਆਰ ਹੋ ਗਿਆ ਸੀ।
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/























