ਕਿਸਾਨਾਂ ਨੇ ਸ਼ੰਭੂ ਨੇੜੇ ਰੇਲਵੇ ਟਰੈਕ ਤੋਂ ਹਟਾਇਆ ਜਾਮ,ਰੇਲ ਗੱਡੀਆਂ ਬਹਾਲ
ਮੁੱਖ ਮੰਤਰੀ ਭਗਵੰਤ ਮਾਨ ਦੀ ਦਖ਼ਲ ਤੋਂ ਬਾਅਦ ਲਿਆ ਫੈਸਲਾ
ਜੈਤੋ, 20 ਮਈ (ਵਿਸ਼ਵ ਵਾਰਤਾ) : ਰੇਲ ਮੰਤਰਾਲੇ ਦੇ ਉੱਤਰੀ ਰੇਲਵੇ ਦੇ ਮੁੱਖ ਲੋਕ ਸੰਪਰਕ ਅਧਿਕਾਰੀ ਦੀਪਕ ਕੁਮਾਰ ਨੇ ਸੋਮਵਾਰ ਨੂੰ ਦੱਸਿਆ ਕਿ ਅੰਬਾਲਾ ਡਿਵੀਜ਼ਨ ਦੇ ਸ਼ੰਭੂ ਸਟੇਸ਼ਨ ‘ਤੇ ਕਿਸਾਨਾਂ ਦੀ ਹੜਤਾਲ ਖਤਮ ਹੋ ਗਈ ਹੈ। ਇਸ ਲਈ ਸਾਰੀਆਂ ਟਰੇਨਾਂ ਨੂੰ ਉਨ੍ਹਾਂ ਦੇ ਨਿਯਮਤ ਰੂਟਾਂ ‘ਤੇ ਤੁਰੰਤ ਪ੍ਰਭਾਵ ਨਾਲ ਬਹਾਲ ਕੀਤਾ ਜਾ ਰਿਹਾ ਹੈ। ਜ਼ਿਕਰਯੋਗ ਹੈ ਕਿ ਕਿਸਾਨਾਂ ਨੇ ਆਪਣੀਆਂ ਮੰਗਾਂ ਨੂੰ ਲੈ ਕੇ 17 ਅਪ੍ਰੈਲ ਤੋਂ ਅੰਬਾਲਾ ਡਿਵੀਜ਼ਨ ਦੇ ਸ਼ੰਭੂ ਸਟੇਸ਼ਨ ‘ਤੇ ਰੇਲਵੇ ਲਾਈਨਾਂ ‘ਤੇ ਅਣਮਿੱਥੇ ਸਮੇਂ ਲਈ ਹੜਤਾਲ ਕੀਤੀ ਸੀ ਅਤੇ ਰੇਲ ਗੱਡੀਆਂ ਦੀ ਆਵਾਜਾਈ ‘ਤੇ ਪਾਬੰਦੀ ਲਗਾ ਦਿੱਤੀ ਸੀ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਦਖ਼ਲ ਤੋਂ ਬਾਅਦ ਅੰਦੋਲਨਕਾਰੀ ਕਿਸਾਨਾਂ ਨੇ ਸ਼ੰਭੂ ਨੇੜੇ ਰੇਲਵੇ ਟਰੈਕ ’ਤੇ ਜਾਮ ਹਟਾ ਲਿਆ ਹੈ। ਮਿਲੀ ਜਾਣਕਾਰੀ ਅਨੁਸਾਰ ਲੋਕਾਂ ਨੂੰ ਦਰਪੇਸ਼ ਮੁਸ਼ਕਲਾਂ ਦੇ ਮੱਦੇਨਜ਼ਰ ਮੁੱਖ ਮੰਤਰੀ ਨੇ ਕਿਸਾਨਾਂ ਨੂੰ ਧਰਨਾ ਹਟਾਉਣ ਲਈ ਕਿਹਾ ਸੀ ਜਿਸ ਤੋਂ ਬਾਅਦ ਸੋਮਵਾਰ ਨੂੰ ਕਿਸਾਨਾਂ ਨੇ ਇਹ ਜਾਮ ਹਟਾ ਲਿਆ ਹੈ।