ਕਾਮਰੇਡ ਸੁਰਜੀਤ ਨੂੰ 14ਵੀਂ ਬਰਸੀ ਮੌਕੇ ਭਰਪੂਰ ਸ਼ਰਧਾਂਜਲੀਆਂ
ਫਿਰਕੂ ਜ਼ਹਿਰ ਫੈਲਾਉਣ ਵਾਲਿਆਂ ਖ਼ਿਲਾਫ਼ ਲਾਮਬੰਦ ਹੋ ਕੇ ਲੜਾਈ ਲੜੀ ਜਾਵੇ : ਕਾਮਰੇਡ ਯੇਚੁਰੀ
ਚੰਡੀਗੜ੍ਹ,4 ਅਗਸਤ (ਵਿਸ਼ਵ ਵਾਰਤਾ)- : ਕੌਮਾਂਤਰੀ ਪੱਧਰ ’ਤੇ ਪ੍ਰਸਿੱਧੀ ਖੱਟਣ ਵਾਲੇ ਲੰਮਾ ਸਮਾਂ ਸੀਪੀਆਈ (ਐਮ) ਦੇ ਜਨਰਲ ਸਕੱਤਰ ਰਹੇ ਅਤੇ ‘ਦੇਸ਼ ਸੇਵਕ’ ਦੇ ਸੰਸਥਾਪਕ ਮਹਾਨ ਕਮਿਊਨਿਸਟ ਕਾਮਰੇਡ ਹਰਕਿਸ਼ਨ ਸਿੰਘ ਸੁਰਜੀਤ ਦੀ 14ਵੀਂ ਬਰਸੀ ਸਥਾਨਕ ਸੈਕਟਰ 29-ਡੀ ਦੇ ਭਕਨਾ ਭਵਨ ਵਿਖੇ ਮਨਾਈ ਗਈ। ਇਸ ਸ਼ਰਧਾਂਜਲੀ ਸਮਾਗਮ ’ਚ ਸੀਪੀਆਈ (ਐਮ) ਦੇ ਕੌਮੀ ਜਨਰਲ ਸਕੱਤਰ ਕਾਮਰੇਡ ਸੀਤਾ ਰਾਮ ਯੇਚੁਰੀ ਮੁੱਖ ਬੁਲਾਰੇ ਵਜੋਂ ਸ਼ਾਮਲ ਹੋਏ। ਇਸ ਸ਼ਰਧਾਂਜਲੀ ਸਮਾਗਮ ਦੀ ਪ੍ਰਧਾਨਗੀ ਪਾਰਟੀ ਦੇ ਸੂਬਾ ਸਕੱਤਰੇਤ ਮੈਂਬਰ ਕਾਮਰੇਡ ਗੁਰਦਰਸ਼ਨ ਸਿੰਘ ਖਾਸਪੁਰ ਨੇ ਕੀਤੀ ਅਤੇ ਸਟੇਜ਼ ਸੰਚਾਲਕ ਸੂਬਾ ਸਕੱਤਰੇਤ ਮੈਂਬਰ ਕਾਮਰੇਡ ਭੂਪ ਚੰਦ ਚੰਨੋ ਨੇ ਕੀਤਾ। ਪ੍ਰਧਾਨਗੀ ਮੰਡਲ ’ਚ ਸੂਬਾ ਸਕੱਤਰ ਕਾਮਰੇਡ ਸੁਖਵਿੰਦਰ ਸਿੰਘ ਸੇਖੋਂ, ਸੂਬਾ ਸਕੱਤਰੇਤ ਮੈਂਬਰ ਬਲਬੀਰ ਸਿੰਘ ਜਾਡਲਾ, ਸੁੱਚਾ ਸਿੰਘ ਅਜਨਾਲਾ, ਗੁਰਨੇਕ ਸਿੰਘ ਭੱਜਲ, ਸੁਖਪ੍ਰੀਤ ਸਿੰਘ ਜੌਹਲ, ਰਾਮ ਸਿੰਘ ਨੁਰਪੂਰੀ, ਰੂਪ ਬਸੰਤ ਸਿੰਘ ਬੜੈਚ ਤੇ ਅਬਦੁੱਲ ਸਤਾਰ ਬੈਠੇ। ਇਸ ਤੋਂ ਇਲਾਵਾ ਸਾਬਕਾ ਕੇਂਦਰੀ ਮੰਤਰੀ ਬਲਵੰਤ ਸਿੰਘ ਰਾਮੂਵਾਲੀਆ, ਸੀਪੀਆਈ ਦੇ ਪੰਜਾਬ ਦੇ ਸਕੱਤਰ ਕਾਮਰੇਡ ਬੰਤ ਸਿੰਘ ਬਰਾੜ ਤੇ ਨੇਪਾਲ ਦੀ ਕਮਿਊਨਿਸਟ ਪਾਰਟੀ ਦੇ ਮੈਂਬਰਾਂ ਨੇ ਪ੍ਰੋਗਰਾਮ ਸ਼ਿਰਕਤ ਕੀਤੀ।

ਇਸ ਦੌਰਾਨ ਸੰਬੋਧਨ ਕਰਦੇ ਹੋਏ ਕਾਮਰੇਡ ਸੀਤਾ ਰਾਮ ਯੇਚੁਰੀ ਨੇ ਕਿਹਾ ਕਿ ਅੱਜ ਦੇਸ਼ ਅੰਦਰ ਫਿਰਕੂ ਫਾਸ਼ੀਵਾਦੀ ਤਾਕਤਾਂ ਵੱਲੋਂ ਫਿਰਕੂ ਜ਼ਹਿਰ ਫੈਲਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਫਿਰਕੂ ਜ਼ਹਿਰ ਫੈਲਾਉਣ ਵਾਲਿਆਂ ਖ਼ਿਲਾਫ਼ ਲਾਮਬੰਦ ਹੋ ਕੇ ਲੜਾਈ ਲੜਨੀ ਹੋਵੇਗੀ। ਇਹੋ ਕਾਮਰੇਡ ਸੁਰਜੀਤ ਨੂੰ ਸੱਚੀ ਸ਼ਰਧਾਂਜਲੀ ਹੋਵੇਗੀ। ਉਨ੍ਹਾਂ ਕਿਹਾ ਕਿ ਆਰਐਸਐਸ ਵੱਲੋਂ ਇਕ ਏਜੰਡੇ ਦੇ ਤਹਿਤ ਫਿਰਕਾਪ੍ਰਸਤੀ ਦਾ ਵਾਤਾਵਰਣ ਸਿਰਜਿਆ ਜਾ ਰਿਹਾ ਹੈ। ਇਸ ਦੀ ਜੱਦ ’ਚ ਘੱਟ ਗਿਣਤੀਆਂ ਨੂੰ ਲਿਆ ਜਾ ਰਿਹਾ ਹੈ। ਲੋਕਾਂ ਦੇ ਖਾਣ ਪੀਣ ਅਤੇ ਪਹਿਨਣ ’ਤੇ ਪਾਬੰਦੀਆਂ ਲਗਾਈਆਂ ਜਾ ਰਹੀਆਂ ਹਨ। ਸੱਚ ਦੀ ਆਵਾਜ਼ ਬੁਲੰਦ ਕਰਨ ਵਾਲਿਆਂ ਨੂੰ ਜੇਲ੍ਹੀ ਡੱਕਿਆ ਜਾ ਰਿਹਾ ਹੈ। ਕਾਮਰੇਡ ਯੇਚੁਰੀ ਨੇ ਕਿਹਾ ਕਿ ਜਿਹੜੇ ਲੋਕਾਂ ਦਾ ਦੇਸ਼ ਦੀ ਆਜ਼ਾਦੀ ਦੀ ਲੜਾਈ ’ਚ ਉਕਾ ਯੋਗਦਾਨ ਨਹੀਂ ਹੈ, ਉਹ ਅੱਜ ਪਿਛਲੇ ਦਰਵਾਜ਼ੇ ਰਾਹੀਂ ਆਜ਼ਾਦੀ ਦੀ ਲੜਾਈ ’ਚ ਹਿੱਸੇਦਾਰੀ ਦਰਸਾਉਂਦੇ ਹੋਏ ਨਾਇਕ ਬਣਨ ਦੀਆਂ ਕੋਸ਼ਿਸ਼ਾਂ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਇਤਿਹਾਸ ਗਵਾਹ ਹੈ ਕਿ ਆਜ਼ਾਦੀ ਦੀ ਲੜਾਈ ’ਚ ਕਿਸ ਦੀ ਕੀ ਹਿੱਸੇਦਾਰੀ ਰਹੀ। ਉਨ੍ਹਾਂ ਕਿਹਾ ਕਿ ਭਾਜਪਾ-ਆਰਐਸਐਸ ਵੱਲੋਂ ਇਤਿਹਾਸ ਨੂੰ ਤਰੋੜ ਮਰੋੜ ਕੇ ਆਜ਼ਾਦੀ ਦੀ ਲੜਾਈ ’ਚ ਆਪਣੀ ਹਿੱਸੇਦਾਰੀ ਦਰਸਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਅੰਗਰੇਜ਼ ਹਕੂਮਤ ਦੀ ਸੀਆਈਡੀ ਨੇ ਜੋ ਰਿਪੋਰਟ ਬਰਤਾਨੀਆ ’ਚ ਭੇਜੀ ਸੀ, ਉਸ ’ਚ ਸਾਫ਼ ਲਿਖਿਆ ਗਿਆ ਸੀ ਕਿ ਆਰਐਸਐਸ (ਜਿਸ ਨੂੰ ਕਿ ਉਸ ਸਮੇਂ ਸੰਘ ਕਿਹਾ ਜਾਂਦਾ ਸੀ) ਵੱਲੋਂ ਅੰਗਰੇਜ ਹਕੂਮਤ ਖ਼ਿਲਾਫ਼ ਕਿਸੇ ਵੀ ਧਰਨੇ ਪ੍ਰਦਰਸ਼ਨ ਦਾ ਵਿਰੋਧ ਨਹੀਂ ਕੀਤਾ ਗਿਆ ਅਤੇ ਨਾ ਹੀ ਇਸ ਹਕੂਮਤ ਵੱਲੋਂ ਬਣਾਏ ਗਏ ਕਾਨੂੰਨਾਂ ਦੀ, ਇਸ ਨੇ ਮੁਖਾਲਫ਼ਤ ਕੀਤੀ। ਦੂਜੇ ਪਾਸੇ ਇਸ ਰਿਪੋਰਟ ’ਚ ਲਿਖਿਆ ਗਿਆ ਸੀ ਕਿ ਕਮਿਊਨਿਸਟ ਬਰਤਾਨਵੀ ਹਕੂਮਤ ਦੇ ਕੱਟੜ ਵਿਰੋਧੀ ਹਨ। ਕਾਮਰੇਡ ਯੇਚੁਰੀ ਨੇ ਕਿਹਾ ਕਿ ਪਾਰਟੀ ਦੇ ਫੈਸਲੇ ਅਨੁਸਾਰ ਦੇਸ਼ ਦੀ ਆਜ਼ਾਦੀ ਦੀ 75ਵੀਂ ਵਰ੍ਹੇਗੰਢ ਮੌਕੇ 1 ਤੋਂ ਲੈ ਕੇ 15 ਅਗਸਤ ਤੱਕ ਦੇਸ਼ ਭਰ ’ਚ ਇਕ ਮੁਹਿੰਮ ਚਲਾਈ ਜਾ ਰਹੀ ਹੈ, ਜਿਸ ’ਚ ਆਰਐਸਐਸ ਵੱਲੋਂ ਆਜ਼ਾਦੀ ਦੀ ਲੜਾਈ ’ਚ ਉਸ ਵੱਲੋਂ ਪਾਏ ਗਏ ਯੋਗਦਾਨ ਪਾਉਣ ਦੇ ਝੂਠੇ ਦਾਅਵਿਆਂ ਨੂੰ ਨੰਗਾ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ 15 ਅਗਸਤ ਨੂੰ ਪਾਰਟੀ ਦੇ ਸਾਰੇ ਦਫ਼ਤਰਾਂ ’ਤੇ ਤਿਰੰਗੇ ਝੰਡੇ ਲਹਿਰਾਏ ਜਾਣਗੇ।
ਕਾਮਰੇਡ ਯੇਚੁਰੀ ਨੇ ਕਿਹਾ ਕਿ ਮੋਦੀ ਸਰਕਾਰ ਦੇ ਸੱਤਾ ’ਚ ਆਉਣ ਤੋਂ ਬਾਅਦ ਦੇਸ਼ ਦੇ ਸੰਵਿਧਾਨ ’ਤੇ ਗੰਭੀਰ ਹਮਲਾ ਹੋਇਆ ਹੈ। ਇਸ ਸਰਕਾਰ ਵੱਲੋਂ ਸੀਬੀਆਈ ਅਤੇ ਈਡੀ ਦੀ ਆਪਣੇ ਵਿਰੋਧੀਆਂ ਨੂੰ ਡਰਾਉਣ, ਦਬਾਉਣ ਅਤੇ ਆਪਣੇ ਨਾਲ ਜੋੜਨ ਲਈ ਖੁੱਲ ਕੇ ਦੁਰਵਰਤੋਂ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਸੰਸਦ ਵਿੱਚ ਜਦੋਂ ਵਿਰੋਧੀ ਧਿਰ ਕਿਸੇ ਵੀ ਤਰ੍ਹਾਂ ਦਾ ਮੁੱਦਾ ਚੁੱਕਦੀ ਹੈ ਤਾਂ ਉਸ ਦੇ ਮੈਂਬਰਾਂ ਨੂੰ ਸੰਸਦ ’ਚੋਂ ਮੁਅੱਤਲ ਕਰ ਦਿੱਤਾ ਜਾਂਦਾ ਹੈ। ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਦੀ ਸੰਸਦ ਕੋਈ ਜਵਾਬਦੇਹੀ ਨਹੀਂ ਹੈ। ਕਾਮਰੇਡ ਯੇਚੁਰੀ ਨੇ ਕਿਹਾ ਕਿ ਅੱਜ ਦੇਸ਼ ਅੰਦਰ ਮਹਿੰਗਾਈ ਦਾ ਇਕ ਗੰਭੀਰ ਮੁੱਦਾ ਹੈ ਪਰ ਸਰਕਾਰ ਸੰਸਦ ’ਚ ਇਸ ’ਤੇ ਵੀ ਚਰਚਾ ਕਰਵਾਉਣ ਤੋਂ ਭੱਜ ਰਹੀ ਹੈ। ਉਨ੍ਹਾਂ ਕਿਹਾ ਕਿ ਦੇਸ਼ ’ਚ ਮਹਿੰਗਾਈ, ਬੇਰੁਜ਼ਗਾਰੀ ਅਤੇ ਭੁੱਖਮਰੀ ਵੱਧ ਰਹੀ ਹੈ ਪਰ ਮੋਦੀ ਸਰਕਾਰ ਨੂੰ ਇਸ ਦੀ ਕੋਈ ਚਿੰਤਾ ਨਹੀਂ। ਉਨ੍ਹਾਂ ਕਿਹਾ ਕਿ ਲੋਕਾਂ ਬੁਨਿਆਦੀ ਅਧਿਕਾਰਾਂ ਦਾ ਹਨਨ ਹੋ ਰਿਹਾ ਹੈ। ਕਾਮਰੇਡ ਯੇਚੁਰੀ ਨੇ ਕਿਹਾ ਕਿ ਇਹ ਪਹਿਲੀ ਵਾਰ ਹੋਇਆ ਹੈ ਕਿ ਜਦੋਂ ਮੋਦੀ ਸਰਕਾਰ ਨੇ ਖਾਣ ਪੀਣ ਵਾਲੀਆਂ ਚੀਜ਼ਾਂ ’ਤੇ ਟੈਕਸ ਲਗਾ ਦਿੱਤਾ ਹੈ। ਉਨ੍ਹਾਂ ਕਿਹਾ ਕਿ 1947 ’ਚ ਨਫਰਤੀ ਮਾਹੌਲ ’ਚ ਜਦੋਂ 2 ਮੁਲਕ ਬਣੇ ਤਾਂ ਇਨਸਾਨੀਅਤ ਦਾ ਵੱਡੇ ਪੱਧਰ ’ਤੇ ਘਾਣ ਹੋਇਆ। ਉਨ੍ਹਾਂ ਕਿਹਾ ਕਿ ਅੱਜ ਵੀ ਉਸੇ ਤਰ੍ਹਾਂ ਨਫ਼ਰਤ ਤੇ ਹਿੰਸਾ ਦਾ ਵਾਤਾਵਰਣ ਪੈਦਾ ਕਰਨ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਕਾਮਰੇਡ ਯੇਚੁਰੀ ਨੇ ਕਿਹਾ ਕਿ ਸੰਵਿਧਾਨ ਦੀ ਰਾਖੀ ਅਤੇ ਦੇਸ਼ ਨੂੰ ਬਚਾਉਣ ਲਈ ਕਾਮਰੇਡ ਸੁਰਜੀਤ ਦੇ ਪੂਰਨਿਆਂ ’ਤੇ ਚਲਦਿਆਂ ਇਕਜੁੱਟ ਹੋ ਕੇ ਸੰਘਰਸ਼ ਕੀਤਾ ਜਾਵੇ।
ਸ਼ਰਧਾਂਜਲੀ ਸਮਾਗਮ ਨੂੰ ਸੰਬੋਧਨ ਕਰਦਿਆਂ ਸੂਬਾ ਸਕੱਤਰ ਕਾਮਰੇਡ ਸੁਖਵਿੰਦਰ ਸਿੰਘ ਸੇਖੋਂ ਨੇ ਕਿਹਾ ਕਿ ਜੇ ਅਸੀਂ ਵਿਚਾਰਧਾਰਕ ਤੌਰ ’ਤੇ ਫਿਰਕੂ ਕਾਰਪੋਰੇਟ ਗੱਠਜੋੜ ਨੂੰ ਨਿਖੇੜਨ ’ਚ ਕਾਮਯਾਬ ਹੋ ਜਾਂਦੇ ਹਾਂ ਤਾਂ ਇਹ ਕਾਮਰੇਡ ਸੁਰਜੀਤ ਨੂੰ ਸੱਚੀ ਸ਼ਰਧਾਂਜਲੀ ਹੋਵੇਗੀ। ਕਾਮਰੇਡ ਸੇਖੋਂ ਨੇ ਪੰਜਾਬ ਦੀ ਗੱਲ ਕਰਦਿਆਂ ਕਿਹਾ ਕਿ ਸੂਬੇ ਦੇ ਲੋਕਾਂ ਨੇ ਤੀਜੇ ਬਦਲ ਵਜੋਂ ਆਮ ਆਦਮੀ ਪਾਰਟੀ ਨੂੰ ਜਿਤਾ ਕੇ ਇਨ੍ਹਾਂ ਦੀ ਝੋਲੀ 92 ਸੀਟਾਂ ਪਾਈਆਂ ਪਰ ਇਹ ਪਾਰਟੀ ਲੋਕਾਂ ਦੀਆਂ ਆਸਾਂ ਉਮੀਦਾਂ ’ਤੇ ਖਰੀ ਨਹੀਂ ਉਤਰੀ। ਉਨ੍ਹਾਂ ਕਿਹਾ ਕਿ ਇਸ ਪਾਰਟੀ ਦਾ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਦਾ ਕਹਿਣਾ ਹੈ ਕਿ ਉਸਦਾ ਕੋਈ ਵਿਚਾਰ ਹੀ ਨਹੀਂ। ਕਾਮਰੇਡ ਸੇਖੋਂ ਨੇ ਕਿਹਾ ਕਿ ਇਸ ਤੋਂ ਵੱਡਾ ਧੋਖਾ ਲੋਕਾਂ ਨਾਲ ਕੀ ਹੋ ਸਕਦਾ ਹੈ ਕਿ ਜਿਸ ਪਾਰਟੀ ’ਤੇ ਉਨ੍ਹਾਂ ਨੇ ਵਿਸ਼ਵਾਸ਼ ਜਤਾਇਆ, ਉਸਦਾ ਕੋਈ ਵਿਚਾਰ ਹੀ ਨਹੀਂ। ਕਾਮਰੇਡ ਸੇਖੋਂ ਨੇ ਕਿਹਾ ਕਿ ਸਾਡੀ ਪਾਰਟੀ ਨੇ ਲੋਕਾਂ ਨੂੰ ਉਸ ਸਮੇਂ ਵੀ ਚੌਕਸ ਕੀਤਾ ਸੀ। ਅੱਜ ਲੋਕ ਆਪਣੇ ਫੈਸਲੇ ’ਤੇ ਪਛਤਾਅ ਰਹੇ ਹਨ। ਕਾਮਰੇਡ ਸੇਖੋਂ ਨੇ ਕਿਹਾ ਕਿ ਇਸ ਪਾਰਟੀ ਤੋਂ ਪੰਜਾਬ ਦੇ ਭਲੇ ਦੀ ਕੋਈ ਆਸ ਨਹੀਂ ਕੀਤੀ ਜਾ ਸਕਦੀ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਜਦੋਂ ਤੋਂ ਪੰਜਾਬ ’ਚ ਹੌਂਦ ’ਚ ਆਈ ਹੈ, ਇਸ ਦੇ ਵਿਧਾਇਕਾਂ ਅਤੇ ਮੰਤਰੀਆਂ ਦੀਆਂ ਵਿਵਾਦਪੂਰਨ ਕਾਰਵਾਈਆਂ ਦੀਆਂ ਖਬਰਾਂ ਅਕਸਰ ਸਾਹਮਣੇ ਆ ਰਹੀਆਂ ਹਨ। ਉਨ੍ਹਾਂ ਕਿਹਾ ਕਿ ਸਿਹਤ ਮੰਤਰੀ ਵੱਲੋਂ ਸੰਸਾਰ ਭਰ ’ਚ ਮਸ਼ਹੂਰ ਡਾ. ਰਾਜ ਬਹਾਦਰ ਜੋ ਕਿ ਇਕ ਮੈਡੀਕਲ ਯੂਨੀਵਰਸਿਟੀ ਦੇ ਵੀਸੀ ਹਨ, ਨਾਲ ਬਦਸਲੂਕੀ ਦੀ ਘਟਨਾ ਅਤਿ ਨਿੰਦਣਯੋਗ ਹੈ ਅਤੇ ਇਸ ਤੋਂ ਇਸ ਸਰਕਾਰ ਦੀ ਕਾਰਗੁਜ਼ਾਰੀ ਦਾ ਵੀ ਪਤਾ ਲੱਗਦਾ ਹੈ। ਕਾਮਰੇਡ ਸੇਖੋਂ ਨੇ ਕਿਹਾ ਕਿ ਸੰਗਰੂਰ ਦੀ ਜ਼ਿਮਨੀ ਚੋਣ ’ਚ ਲੋਕਾਂ ਨੂੰ ਇਸ ਪਾਰਟੀ ਨੂੰ ਸ਼ੀਸ਼ਾ ਦਿਖਾ ਦਿੱਤਾ ਹੈ। ਉਨ੍ਹਾਂ ਕਿਹਾ ਕਿ ਦੂਜੇ ਪਾਸੇ ਇਸ ਸੀਟ ਤੋਂ ਸਿਮਰਨਜੀਤ ਸਿੰਘ ਮਾਨ ਦਾ ਜਿੱਤਣਾ ਵੀ ਪੰਜਾਬ ਦੇ ਅਮਨ ਲਈ ਖ਼ਤਰੇ ਦੀ ਘੰਟੀ ਹੈ। ਉਨ੍ਹਾਂ ਕਿਹਾ ਕਿ ਇਸ ਸੀਟ ਤੋਂ ਭਾਜਪਾ ਦੇ ਉਮੀਦਵਾਰ ਨੂੰ 66 ਹਜ਼ਾਰ ਵੋਟਾਂ ਮਿਲ ਜਾਣੀਆਂ ਵੀ ਸਵਾਲ ਖੜ੍ਹੇ ਕਰਦਾ ਹੈ ਅਤੇ ਇਹ ਮੰਦਭਾਗਾ ਹੈ।
ਉਨ੍ਹਾਂ ਕਿਹਾ ਕਿ ਅੱਜ ਉਦਾਰੀਕਰਨ, ਸੰਸਾਰੀਕਰਨ ਅਤੇ ਨਿੱਜੀਕਰਨ ਦੀਆਂ ਨੀਤੀਆਂ ਲਾਗੂ ਕੀਤੀਆਂ ਜਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਬਦਲਵੀਂ ਨੀਤੀਆਂ ਦਾ ਪ੍ਰੋਗਰਾਮ ਸਿਰਫ਼ ਸੀਪੀਆਈ (ਐਮ) ਅਤੇ ਖੱਬੀਆਂ ਧਿਰਾਂ ਕੋਲ ਹੀ ਹੈ। ਕਾਮਰੇਡ ਸੇਖੋਂ ਨੇ ਕਿਹਾ ਕਿ ਫਿਰਕੂ ਕਾਰਪੋਰੇਟ ਗੱਠਜੋੜ ਜੋ ਕਿ ਦੇਸ਼ ਲਈ ਘਾਤਕ ਹੈ, ਨੂੰ ਨਿਖੇੜਨ ’ਚ ਕੋਈ ਕਸਰ ਬਾਕੀ ਨਾ ਛੱਡੀ ਜਾਵੇ।
ਇਸ ਮੌਕੇ ਸੰਬੋਧਨ ਕਰਦਿਆਂ ਕੇਂਦਰੀ ਮੰਤਰੀ ਬਲਵੰਤ ਸਿੰਘ ਰਾਮੂਵਾਲੀਆ ਨੇ ਕਿਹਾ ਕਿ ਪਾਰਟੀ ਦੀ ਮਜ਼ਬੂਤ ਵਿਚਾਰਧਾਰਾ ਸਿਰਫ਼ ਕਮਿਊਨਿਸਟਾਂ ਕੋਲ ਹੀ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਨੇ ਕਿਸੇ ਵੀ ਚੁਣੌਤੀ ਦੀ ਹਿੰਮਤ ਅਤੇ ਦਲੇਰੀ ਨਾਲ ਟਾਕਰਾ ਕਰਨ ਦੀ ਪਿਰਤ ਕਾਇਮ ਰੱਖੀ ਹੈ। ਉਨ੍ਹਾਂ ਕਾਮਰੇਡ ਸੁਰਜੀਤ ਨਾਲ ਆਪਣੀਆਂ ਯਾਦਾਂ ਤਾਜ਼ਾ ਕਰਦਿਆਂ ਕਿਹਾ ਕਿ ਉਨ੍ਹਾਂ ਨੂੰ ਕਾਮਰੇਡ ਸੁਰਜੀਤ ਦੇ ਨੇੜੇ ਰਹਿਣ ਦਾ ਬਹੁਤ ਮੌਕਾ ਮਿਲਿਆ। ਉਹ ਸਾਦਾ ਜ਼ਿੰਦਗੀ ਜਿਊਣ ਵਾਲੇ ਇਕ ਤੀਖਨ ਬੁੱਧੀ ਵਾਲੇ ਕਮਿਊਨਿਸਟ ਸਨ। ਉਨ੍ਹਾਂ ਕਿਹਾ ਕਿ ਇਹ ਕਾਮਰੇਡ ਸੁਰਜੀਤ ਦੀ ਰਾਜਨੀਤਕ ਸੂਝ ਹੀ ਸੀ ਕਿ ਉਨ੍ਹਾਂ ਨੇ ਭਾਜਪਾ ਨੂੰ ਸੱਤਾ ਤੋਂ ਲਾਂਭੇ ਰੱਖਿਆ। ਉਨ੍ਹਾਂ ਕਿਹਾ ਕਿ ਜੋ ਅੱਜ ਦੇਸ਼ ’ਚ ਵਾਪਰ ਰਿਹਾ ਹੈ, ਉਸ ਬਾਰੇ ਕਾਮਰੇਡ ਸੁਰਜੀਤ ਨੇ ਕਈ ਵਰ੍ਹੇ ਪਹਿਲਾਂ ਅਗਾਹ ਕਰ ਦਿੱਤਾ ਸੀ। ਸ. ਰਾਮੂਵਾਲੀਆ ਨੇ ਕਿਹਾ ਕਿ ਕਾਮਰੇਡ ਸੁਰਜੀਤ ਨੂੰ ਸੱਚੀ ਸ਼ਰਧਾਂਜਲੀ ਇਹ ਹੋਵੇਗੀ ਕਿ ਅਸੀਂ ਉਨ੍ਹਾਂ ਦੇ ਪੂਰਨਿਆਂ ’ਤੇ ਚੱਲਦਿਆਂ ਉਨ੍ਹਾਂ ਦੀਆਂ ਸਿੱਖਿਆਵਾਂ ਨੂੰ ਆਪਣੀ ਜ਼ਿੰਦਗੀ ’ਚ ਅਪਣਾਈਏ।
ਇਸ ਦੌਰਾਨ ਸੀਪੀਆਈ ਦੇ ਪੰਜਾਬ ਦੇ ਸਕੱਤਰ ਕਾਮਰੇਡ ਬੰਤ ਸਿੰਘ ਬਰਾੜ ਨੇ ਕਿਹਾ ਕਿ ਕਾਮਰੇਡ ਸੁਰਜੀਤ ਨੇ ਕੌਮਾਂਤਰੀ ਪੱਧਰ ’ਤੇ ਪੰਜਾਬ ਦਾ ਨਾਂ ਰੌਸ਼ਨ ਕੀਤਾ। ਉਨ੍ਹਾਂ ਕਿਹਾ ਕਿ ਅੱਜ ਕੁੱਝ ਸ਼ਕਤੀਆਂ ਦੇਸ਼ ਦੇ ਇਤਿਹਾਸ ਨੂੰ ਪੁੱਠਾ ਗੇੜਾ ਦੇਣਾ ਚਾਹੁੰਦੀਆਂ ਹਨ। ਇਨ੍ਹਾਂ ਸ਼ਕਤੀਆਂ ਵੱਲੋਂ ਸੰਵਿਧਾਨ ਨੂੰ ਮਲੀਆ ਮੇਟ ਕਰਨ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਸਮੁੱਚੇ ਤੌਰ ’ਤੇ ਸਾਡੇ ਸਿੱਖਿਆ ਸਿਸਟਮ ਨੂੰ ਤਬਾਹ ਕਰਨ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਕਾਮਰੇਡ ਸੁਰਜੀਤ ਨੂੰ ਸੱਚੀ ਸ਼ਰਧਾਂਜਲੀ ਇਹੋ ਹੋਵੇਗੀ ਕਿ ਲਾਮਬੰਦ ਹੋ ਕੇ ਇਨ੍ਹਾਂ ਸ਼ਕਤੀਆਂ ਨੂੰ ਹਰਾਇਆ ਜਾਵੇ।
ਇਸ ਦੌਰਾਨ ਕਾਮਰੇਡ ਯੇਚੁਰੀ ਨੇ ਕਾਮਰੇਡ ਸੁਰਜੀਤ ਦੀ ਯਾਦ ਵਿੱਚ ਲਾਇਬ੍ਰੇਰੀ ਦਾ ਉਦਘਾਟਨ ਕੀਤਾ ਅਤੇ ਦੋ ਕਿਤਾਬਾਂ ਵੀ ਰਿਲੀਜ਼ ਕੀਤੀਆਂ। ਇਸ ਦੌਰਾਨ ਹੁਸ਼ਿਆਰਪੁਰ ਦੀ ਪੁਰਾਣੀ ਕਚਿਹਰੀ ਨੂੰ ਕਾਮਰੇਡ ਸੁਰਜੀਤ ਦੀ ਯਾਦਗਾਰ ਵਜੋਂ ਸੰਭਾਲਣ ਅਤੇ ਉੱਥੇ ਉਨ੍ਹਾਂ ਦਾ ਬੁੱਤ ਲਗਾਉਣ ਸੰਬੰਧੀ ਇੱਕ ਮਤਾ ਪਾਸ ਕੀਤਾ ਗਿਆ। ਇਸ ਮਤੇ ‘ਤੇ ਬਲਵੰਤ ਸਿੰਘ ਰਾਮੂਵਾਲੀਆ ਅਤੇ ਸੀਪੀਆਈ ਪੰਜਾਬ ਦੇ ਸਕੱਤਰ ਬੰਤ ਸਿੰਘ ਬਰਾੜ ਨੇ ਵੀ ਸਹਿਮਤੀ ਜਤਾਉਂਦਿਆਂ ਆਪਣੇ ਪੱਧਰ ‘ਤੇ ਚਾਰਾਜੋਈ ਕਰਨ ਦੀ ਹਾਮੀ ਭਰੀ। ਦੱਸਣਾ ਬਣਦਾ ਹੈ ਕਿ 1932 ਵਿੱਚ ਸ਼ਹੀਦ ਭਗਤ ਸਿੰਘ ਦੀ ਪਹਿਲੀ ਬਰਸੀ ਮੌਕੇ ਕਾਮਰੇਡ ਸੁਰਜੀਤ ਨੇ ਹੁਸ਼ਿਆਰਪੁਰ ਦੀ ਕਚਿਹਰੀ ਵਿੱਚ ਅੰਗਰੇਜ਼ ਹਕੂਮਤ ਦਾ ਝੰਡਾ ਉਤਾਰ ਕੇ ਕੌਮੀ ਝੰਡਾ ਲਹਿਰਾਇਆ ਸੀ। ਉਸ ਸਮੇਂ ਕਾਮਰੇਡ ਸੁਰਜੀਤ ਦੀ ਉਮਰ ਬਹੁਤ ਛੋਟੀ ਸੀ ਤੇ ਭਾਰਤ ਵਿੱਚ ਅਜਿਹਾ ਐਕਸ਼ਨ ਕਰਨ ਵਾਲੇ ਉਹ ਇਕੱਲੇ ਹੀ ਸਨ। ਇਸ ਸ਼ਰਧਾਂਜਲੀ ਸਮਾਗਮ ’ਚ ਕਾਮਰੇਡ ਸੁਰਜੀਤ ਨੂੰ ਸ਼ਰਧਾਂਜਲੀ ਦੇਣ ਲਈ ਪਾਰਟੀ ਆਗੂ, ਕਾਰਕੁੰਨ ਅਤੇ ਉਨ੍ਹਾਂ ਦੇ ਸਨੇਹੀ ਵੱਡੀ ਗਿਣਤੀ ਵਿੱਚ ਪਹੁੰਚੇ। ਅਖੀਰ ’ਚ ਕਾਮਰੇਡ ਗੁਰਦਰਸ਼ਨ ਸਿੰਘ ਖਾਸਪੁਰ ਨੇ ਸਾਰਿਆਂ ਦਾ ਧੰਨਵਾਦ ਕੀਤਾ।























