ਮਾਨਸਾ,16 ਅਗਸਤ (ਵਿਸ਼ਵ ਵਾਰਤਾ )-ਮਾਨਸਾ ਵਿਖੇ ਆਜ਼ਾਦੀ ਦਿਵਸ ਦੇ ਸਮਾਗਮ ਵਿੱਚ ਝੰਡਾ ਲਹਿਰਾਉਣ ਲਈ ਪਹੁੰਚੇ ਕੈਬਨਿਟ ਮੰਤਰੀ ਗੁਰਪ੍ਰੀਤ ਸਿੰਘ ਕਾਂਗੜ ਦੀ ਕਰੋਨਾ ਟੈਸਟ ਰਿਪੋਰਟ ਪਾਜ਼ੀਟਿਵ ਆਉਣ ਤੋਂ ਬਾਅਦ ਸਥਾਨਕ ਪਾਰਟੀ ਨੇਤਾਵਾਂ ਵਿੱਚ ਖਲਬਲੀ ਮੱਚ ਗਈ ਹੈ। ਕਈ ਨੇਤਾਵਾਂ ਨੇ ਅੱਜ ਸਿਹਤ ਵਿਭਾਗ ਕੋਲ ਜਾਕੇ ਆਪਣੀ ਜਾਂਚ ਦੇ ਨਮੂਨੇ ਵੀ ਦਿੱਤੇ ਹਨ, ਜਿੰਨਾਂ ਦੀ ਰਿਪੋਰਟ ਕੱਲ ਤੱਕ ਆਉਣ ਦੀ ਸੰਭਾਵਨਾ ਹੈ।
ਜ਼ਿਕਰਯੋਗ ਹੈ ਕਿ ਸ਼ਨੀਵਾਰ ਨੂੰ ਸ੍ਰੀ ਕਾਂਗੜ ਨੇ ਮਾਨਸਾ ਵਿਖੇ ਝੰਡਾ ਲਹਿਰਾਉਣ ਤੋਂ ਬਾਅਦ ਇੱਕ ਸਮਾਰਟ ਸਕੂਲ ਦਾ ਉਦਘਾਟਨ ਕਰਨ ਤੋਂ ਇਲਾਵਾ ਕੁੱਝ ਕਾਂਗਰਸੀ ਨੇਤਾਵਾਂ ਦੇ ਘਰ ਫੇਰੀ ਵੀ ਕੀਤੀ ਹੈ। ਜਦੋਂ ਹੀ ਕੈਬਨਿਟ ਮੰਤਰੀ ਦੀ ਕਰੋਨਾ ਪਾਜ਼ੀਟਿਵ ਦੀ ਸੂਚਨਾ ਮਿਲੀ ਤਾਂ ਨੇਤਾਵਾਂ ਵਿੱਚ ਇਸ ਨੂੰ ਲੈਕੇ ਡਰ ਪੈਦਾ ਹੋ ਗਿਆ।
ਮਾਨਸਾ ਦੇ ਵਿਧਾਇਕ ਨਾਜਰ ਸਿੰਘ ਮਾਨਸ਼ਾਹੀਆ ਤੋਂ ਇਲਾਵਾ ਕੁੱਝ ਕਾਂਗਰਸੀ ਨੇਤਾਵਾਂ ਨੇ ਆਪਣੇ ਜਾਂਚ ਨਮੂਨੇ ਦਿੱਤੇ ਹਨ ਅਤੇ ਖੁਦ ਨੂੰ ਇਕਾਂਤਵਾਸ ਕਰ ਲਿਆ ਹੈ।
ਉਧਰ ਮਾਨਸਾ ਵਿੱਚ ਇੱਕ ਡਾਕਟਰ ਦੀਪਿਕਾ ਵੀ ਕਰੋਨਾ ਪਾਜ਼ੀਟਿਵ ਆਈ ਹੈ। ਅੱਜ 9 ਜਣੇ ਕਰੋਨਾ ਪੀੜਤ ਪਾਏ ਗਏ ਹਨ, ਜਿੰਨਾਂ ਵਿਚੋਂ 5 ਜਣੇ ਸਿਹਤ ਕਰਮੀ ਤੇ ਉਸਦਾ ਪਰਿਵਾਰ ਤਿੰਨ ਮਰੀਜ਼ ਬੁਢਲਾਡਾ ਸ਼ਹਿਰ ਦੇ ਆਏ ਹਨ।
ਮਾਨਸਾ ਦੇ ਸਿਵਲ ਸਰਜਨ ਡਾ.ਲਾਲ ਚੰਦ ਠੁਕਰਾਲ ਨੇ ਦੱਸਿਆ ਕਿ ਸ਼ੱਕੀ ਵਿਅਕਤੀਆਂ ਦੇ ਸੈਂਪਲ ਲਏ ਜਾ ਰਹੇ ਹਨ ਤੇ ਜਿੰਨਾਂ ਦੀ ਰਿਪੋਰਟ ਜਲਦੀ ਹੀ ਆ ਜਾਵੇਗੀ।