ਕਰ ‘ਤੀਆਂ ਕਮਾਲਾਂ ਕਮਲਪ੍ਰੀਤ ਨੇ……..

ਪੰਜਾਬ ਦੀ ਕਮਲਪ੍ਰੀਤ ਕੌਰ ਨੇ ਡਿਸਕਸ ਥਰੋਅ ਵਿੱਚ 9 ਸਾਲ ਪੁਰਾਣਾ ਨੈਸ਼ਨਲ ਰਿਕਾਰਡ ਤੋੜਦਿਆਂ ਟੋਕੀਓ ਓਲੰਪਿਕ ਖੇਡਾਂ ਲਈ ਕੁਆਲੀਫਾਈ ਕੀਤਾ। ਕਮਲਪ੍ਰੀਤ ਨੇ ਐਨ.ਆਈ.ਐਸ.ਪਟਿਆਲਾ ਵਿਖੇ ਕੱਲ੍ਹ ਸੰਪੰਨ ਫੈਡਰੇਸ਼ਨ ਕੱਪ ਨੈਸ਼ਨਲ ਅਥਲੈਟਿਕਸ ਦੇ ਆਖਰੀ ਦਿਨ ਪਹਿਲੀ ਹੀ ਥਰੋਅ 65.06 ਮੀਟਰ ਸੁੱਟੀ। ਇਸ ਦੇ ਨਾਲ ਹੀ 65 ਮੀਟਰ ਦੀ ਹੱਦ ਪਾਰ ਕਰਨ ਵਾਲੀ ਉਹ ਪਹਿਲੀ ਭਾਰਤੀ ਥਰੋਅਰ ਬਣ ਗਈ। ਕਮਲਪ੍ਰੀਤ ਨੇ ਰਾਸ਼ਟਰਮੰਡਲ ਖੇਡਾਂ ਦੀ ਚੈਂਪੀਅਨ ਕ੍ਰਿਸ਼ਨਾ ਪੂਨੀਆ ਦਾ ਨੈਸ਼ਨਲ ਰਿਕਾਰਡ ਤੋੜਿਆ ਜਿਸ ਨੇ 2012 ਵਿੱਚ 64.76 ਮੀਟਰ ਦੀ ਥਰੋਅ ਸੁੱਟ ਕੇ ਬਣਾਇਆ ਸੀ। ਕਮਲਪ੍ਰੀਤ ਨੇ ਇਸ ਰਿਕਾਰਡ ਥਰੋਅ ਦੇ ਨਾਲ ਇਸ ਸਾਲ ਹੋਣ ਵਾਲੀਆ ਟੋਕੀਓ ਓਲੰਪਿਕ ਖੇਡਾਂ ਦੇ ਕੁਆਲੀਫਾਈ ਲਈ ਰੱਖੀ 63.50 ਮੀਟਰ ਦੀ ਹੱਦ ਪਾਰ ਕਰਕੇ ਵੀ ਓਲੰਪਿਕਸ ਦੀ ਟਿਕਟ ਕਟਾ ਲਈ। ਡੀ.ਐਮ.ਡਬਲਿਊ. ਪਟਿਆਲਾ ਵਿਖੇ ਕੋਚ ਬਲਜੀਤ ਸਿੰਘ ਦੀ ਦੇਖ-ਰੇਖ ਵਿੱਚ ਸਿਖਲਾਈ ਹਾਸਲ ਕਰਦੀ ਕਮਲਪ੍ਰੀਤ ਨੇ ਅਥਲੈਟਿਕਸ ਦੀ ਸ਼ੁਰੂਆਤ ਸਾਈ ਸੈਂਟਰ ਬਾਦਲ (ਮੁਕਤਸਰ ਸਾਹਿਬ) ਤੋਂ ਕੀਤੀ ਸੀ।
ਨਵਦੀਪ ਸਿੰਘ ਗਿੱਲ




















