ਕਰਿਆਨੇ ਦੀ ਦੁਕਾਨ ਤੋਂ ਲੱਖਾਂ ਦਾ ਸਾਮਾਨ ਚੋਰੀ
ਹੁਸ਼ਿਆਰਪੁਰ, 15 ਅਕਤੂਬਰ (ਵਿਸ਼ਵ ਵਾਰਤਾ)- ਥਾਣਾ ਮੇਹਟੀਆਣਾ ਦੇ ਇਲਾਕੇ ਵਿੱਚ ਚੋਰਾਂ ਦੇ ਹੌਸਲੇ ਇੰਨੇ ਬੁਲੰਦ ਹਨ ਕਿ ਆਏ ਦਿਨ ਚੋਰਾਂ ਵੱਲੋਂ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੱਤਾ ਜਾ ਰਿਹਾ ਹੈ। ਪ੍ਰੰਤੂ ਪੁਲਸ ਪ੍ਰਸ਼ਾਸਨ ਦੇ ਲੰਮੇ ਹੱਥ ਇਨ੍ਹਾਂ ਚੋਰਾਂ ਤੱਕ ਨਹੀਂ ਪਹੁੰਚ ਰਹੇ। ਬੀਤੀ ਦਰਮਿਆਨੀ ਰਾਤ ਵੀ ਚੋਰਾਂ ਨੇ ਅੱਡਾ ਅੱਤੋਵਾਲ ਵਿਖੇ ਚੋਰੀ ਦੀ ਘਟਨਾ ਨੂੰ ਅੰਜਾਮ ਦਿੰਦਿਆਂ ਦਲਜੀਤ ਕਰਿਆਨਾ ਸਟੋਰ ਦਾ ਸ਼ਟਰ ਭੰਨ ਕੇ 9 ਹਜ਼ਾਰ ਰੁਪਏ ਦੀ ਨਗਦੀ ਸਮੇਤ ਲੱਖਾਂ ਦਾ ਕੀਮਤੀ ਸਾਮਾਨ ਚੋਰੀ ਕਰ ਲਿਆ। ਇੰਨਾ ਹੀ ਨਹੀਂ ਚੋਰਾਂ ਨੇ ਮਿੰਟੂ ਸਬਮਰਸੀਬਲ ਮੋਟਰ ਰਿਪੇਅਰ ਦੀ ਦੁਕਾਨ ਦਾ ਸ਼ਟਰ ਵੀ ਤੋਡ਼ਿਆ ਅਤੇ ਵੀਜ਼ੇ ਗਾਰਮੈਂਟਸ ਦੀ ਦੁਕਾਨ ਦੇ ਤਾਲੇ ਤੋੜਨ ਦੀ ਵੀ ਅਸਫ਼ਲ ਕੋਸ਼ਿਸ਼ ਕੀਤੀ। ਚੋਰੀ ਦੀ ਵਾਰਦਾਤ ਦਾ ਸ਼ਿਕਾਰ ਹੋਏ ਕਰਿਆਨੇ ਦੀ ਦੁਕਾਨ ਦੇ ਮਾਲਕ ਦੀਪਕ ਅਰੋੜਾ ਨੇ ਦੱਸਿਆ ਕਿ ਉਹ ਆਪਣੀ ਕਰਿਆਨੇ ਦੀ ਦੁਕਾਨ ਵਿੱਚ ਹੀ ਮੋਬਾਇਲਾਂ ਦਾ ਕੰਮ ਵੀ ਕਰਦਾ ਹੈ। ਚੋਰਾਂ ਨੇ ਉਸ ਦੇ 6 ਨਵੇਂ ਮੋਬਾਇਲ ਫੋਨ, 9 ਹਜ਼ਾਰ ਕੈਸ਼ ਸਮੇਤ 2 ਟੀਨ ਸਰ੍ਹੋਂ ਦਾ ਤੇਲ, ਇੱਕ ਟੀਨ ਡਾਲਡਾ ਘਿਓ, 12 ਕਿੱਲੋ ਦੇਸੀ ਘਿਓ, ਕੋਲਡ ਡਰਿੰਕ ਦੀਆਂ ਬੋਤਲਾਂ, ਪਰਫਿਊਮ ਅਤੇ ਹੋਰ ਕੀਮਤੀ ਸਾਮਾਨ ਚੋਰਾਂ ਨੇ ਚੋਰੀ ਕਰ ਲਿਆ। ਪੀੜਤ ਦੁਕਾਨਦਾਰ ਨੇ ਇਸ ਘਟਨਾ ਦੀ ਸੂਚਨਾ ਥਾਣਾ ਮੇਹਟੀਆਣਾ ਦੀ ਪੁਲਸ ਨੂੰ ਦੇ ਦਿੱਤੀ ਹੈ।
ਪਿੰਡ ਦੇ ਹੋਰ ਦੁਕਾਨਦਾਰਾਂ ਨੇ ਦੱਸਿਆ ਕਿ ਪਿਛਲੇ ਇੱਕ ਮਹੀਨੇ ਦੇ ਅੰਦਰ ਚੋਰਾਂ ਵੱਲੋਂ ਤਿੰਨ ਵਾਰ ਦੁਕਾਨਾਂ ਦੇ ਸ਼ਟਰ ਤੋਡ਼ ਕੇ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੱਤਾ ਜਾ ਚੁੱਕਾ ਹੈ। ਪ੍ਰੰਤੂ ਅਜੇ ਤੱਕ ਕੋਈ ਵੀ ਚੋਰ ਪੁਲੀਸ ਵੱਲੋਂ ਗ੍ਰਿਫ਼ਤਾਰ ਨਹੀਂ ਕੀਤਾ ਗਿਆ। ਆਏ ਦਿਨ ਹੋ ਰਹੀਆਂ ਇਨ੍ਹਾਂ ਚੋਰੀ ਦੀਆਂ ਵਾਰਦਾਤਾਂ ਨੂੰ ਲੈ ਕੇ ਇਲਾਕੇ ਵਿਚ ਦਹਿਸ਼ਤ ਦਾ ਮਾਹੌਲ ਪਸਰਿਆ ਹੋਇਆ ਹੈ। ਜਨਤਾ ਆਪਣੇ ਆਪ ਨੂੰ ਅਸੁਰੱਖਿਅਤ ਮਹਿਸੂਸ ਕਰ ਰਹੀ ਹੈ।