ਐਸ.ਸੀ ਕਮਿਸ਼ਨ ਵਲੋਂ ਭਦਾਸ ਪਿੰਡ ਦੇ ਮਾਮਲੇ ਸਬੰਧੀ ਪੁਲਿਸ ਨੂੰ 4ਜੂਨ ਤੱਕ ਰਿਪੋਰਟ ਦੇਣ ਦੇ ਹੁਕਮ

ਭਦਾਸ(ਕਪੂਰਥਲਾ),24 ਮਈ-ਪੰਜਾਬ ਰਾਜ ਅਨੁਸੂਚਿਤ ਜਾਤੀ ਕਮਿਸ਼ਨ ਦੇ ਮੈਂਬਰ ਸ੍ਰੀ ਰਾਜ ਕੁਮਾਰ ਹੰਸ ਵਲੋਂ ਭੁਲੱਥ ਪੁਲਿਸ ਨੂੰ ਨਿਰਦੇਸ਼ ਦਿੱਤੇ ਗਏ ਹਨ ਕਿ ਉਹ ਭਦਾਸ ਪਿੰਡ ਦੇ ਅੰਮ੍ਰਿਤਧਾਰੀ ਸਿੱਖ ਅਜੈ ਸਿੰਘ ਵਲੋਂ ਐਸ.ਸੀ ਕਮਿਸ਼ਨ ਨੂੰ ਕੀਤੀ ਸ਼ਿਕਾਇਤ ਸਬੰਧੀ ਮੁਕੰਮਲ ਜਾਂਚ ਕਰਕੇ 4 ਜੂਨ ਤੋਂ ਪਹਿਲਾਂ ਪਹਿਲਾਂ ਆਪਣੀ ਰਿਪੋਰਟ ਕਮਿਸ਼ਨ ਨੂੰ ਪੇਸ਼ ਕਰੇ।
ਅੱਜ ਪਿੰਡ ਭਦਾਸ ਵਿਖੇ ਵਿਸ਼ੇਸ਼ ਤੌਰ ਤੇ ਸੁਣਵਾਈ ਕਰਨ ਪੁੱਜੇ ਸ੍ਰੀ ਰਾਜ ਹੰਸ ਮੈਂਬਰ ਪੰਜਾਬ ਐਸ.ਸੀ ਕਮਿਸ਼ਨ ਨੇ ਕਿਹਾ ਕਿ ਅਜੈ ਸਿੰਘ ਵਲੋਂ ਕਮਿਸ਼ਨ ਕੋਲ ਪਹੁੰਚ ਕੀਤੀ ਗਈ ਸੀ ਕਿ ਇੱਕ ਸਾਲਾਨਾ ਸਮਾਗਮ ਦੌਰਾਨ ਉਸਦੀ ਕੁਝ ਵਿਅਕਤੀਆਂ ਵਲੋਂ ਬੇਇਜਤੀ ਕੀਤੀ ਗਈ ਅਤੇ ਉਸਦੇ ਘਰ ਦੇ ਬਾਹਰ ਆ ਕੇ ਉਸਦੀ ਕੁੱਟਮਾਰ ਕੀਤੀ ਗਈ ਅਤੇ ਉਸਦੇ ਕੇਸਾਂ ਦੀ ਬੇਅਦਬੀ ਵੀ ਕੀਤੀ ਗਈ।
ਉਨਾਂ ਦੱਸਿਆ ਕਿ ਪੁਲਿਸ ਵਲੋਂ ਦੋਨਾਂ ਧਿਰਾਂ ਵਿਰੁੱਧ ਕਾਰਵਾਈ ਕੀਤੀ ਗਈ ਜਿਸ ਵਿੱਚ ਅਜੈ ਸਿੰਘ ਉੱਪਰ ਵੀ ਧਾਰਾ 452 ਤਹਿਤ ਮਾਮਲਾ ਦਰਜ ਕਰ ਦਿੱਤਾ ਗਿਆ । ਅਜੈ ਸਿੰਘ ਵਲੋਂ ਧਾਰਾ 452 ਤਹਿਤ ਮਾਮਲਾ ਦਰਜ ਕਰਨ ਨੂੰ ਪੰਜਾਬ ਐਸ ਸੀ ਕਮਿਸ਼ਨ ਕੋਲ ਚੁਣੌਤੀ ਦਿੱਤੀ ਗਈ ਜਿਸ ਤੇ ਅੱਜ ਕਮਿਸ਼ਨ ਵਲੋਂ ਮੌਕੇ ਤੇ ਜਾ ਕੇ ਸਬੰਧਿਤ ਧਿਰਾਂ ਦੇ ਬਿਆਨ ਲਏ ਗਏ।
ਕਮਿਸ਼ਨ ਦੇ ਮੈਂਬਰ ਸ੍ਰੀ ਰਾਜ ਹੰਸ ਨੇ ਦੱਸਿਆ ਕਿ ਉਨਾਂ ਭੁਲੱਥ ਦੇ ਏ. ਐਸ .ਪੀ ਸ੍ਰੀ ਅਜੈ ਗਾਂਧੀ ਨੂੰ ਇਸ ਮਾਮਲੇ ਵਿਚ ਅਜੈ ਸਿੰਘ ਉੱਪਰ ਧਾਰਾ 452 ਤਹਿਤ ਮਾਮਲੇ ਦੀ ਬਾਰੀਕੀ ਨਾਲ ਜਾਂਚ ਕਰਨ ਅਤੇ ਉਸਦੇ ਕੇਸਾਂ ਦੀ ਬੇਅਦਬੀ ਸਬੰਧੀ ਐਸ.ਸੀ ਐਕਟ ਤਹਿਤ ਜ਼ੁਰਮ ਵਿਚ ਵਾਧਾ ਕਰਨ ਬਾਰੇ ਮੁਕੰਮਲ ਰਿਪੋਰਟ 4 ਜੂਨ ਤੱਕ ਕਮਿਸ਼ਨ ਨੂੰ ਸੌਂਪਣ ਦੇ ਹੁਕਮ ਦਿੱਤੇ ਹਨ।





















