– ਗ੍ਰਿਫ਼ਤਾਰ ਕੀਤੇ ਮੁਲਜ਼ਮਾਂ ਵਿੱਚ ਇੱਕ ਵਿਦੇਸ਼ੀ ਨਾਗਰਿਕ ਵੀ ਸ਼ਾਮਲ
– ਦਿੱਲੀ ਤੋਂ ਹੈਰੋਇਨ ਲਿਆ ਕੇ ਚੰਡੀਗੜ੍ਹ ਤੇ ਮੋਹਾਲੀ ’ਚ ਕਰਦੇ ਸਨ ਸਪਲਾਈ
ਐਸ.ਏ.ਐਸ. ਨਗਰ, 20 ਅਗਸਤ (ਵਿਸ਼ਵ ਵਾਰਤਾ)- ਸਪੈਸ਼ਲ ਟਾਸਕ ਫੋਰਸ ਵੱਲੋਂ ਨਸ਼ਾ ਤਸ਼ਕਰੀ ਵਿਰੁੱਧ ਚਲਾਈ ਗਈ ਮੁਹਿੰਮ ਤਹਿਤ ਐਸ.ਟੀ.ਐਫ., ਮੋਹਾਲੀ ਦੀ ਟੀਮ ਨੇ 3/5 ਚੌਕ, ਮੋਹਾਲੀ ਨੇੜੇ ਨਾਕਾਬੰਦੀ ਦੋਰਾਨ ਕਾਰ ਸਵਾਰ 01 ਵਿਦੇਸ਼ੀ ਨਾਗਰਿਕ ਡੇਵਿਡ ਬੋਆਕਾਇਆ ਅਤੇ ਅਮਨਿੰਦਰ ਸਿੰਘ ਉਰਫ ਬਿੱਲਾ ਨੂੰ 01 ਕਿਲੋਗ੍ਰਾਮ ਹੈਰੋਇਨ ਸਮੇਤ ਕਾਬੂ ਕੀਤਾ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਹਰਪ੍ਰੀਤ ਸਿੰਘ, ਸਹਾਇਕ ਇੰਸਪੈਕਟਰ ਜਨਰਲ ਪੁਲਿਸ, ਐਸ.ਟੀ.ਐਫ., ਰੂਪਨਗਰ ਰੇਂਜ ਨੇ ਦੱਸਿਆ ਕਿ ਥਾਣਾ ਐਸ.ਟੀ.ਐਫ.,ਫੇਜ਼-4, ਮੋਹਾਲੀ ਵਿਖੇ ਇੱਕ ਗੁਪਤ ਸੂਚਨਾ ਮਿਲੀ ਸੀ ਕਿ ਡੇਵਿਡ ਬੋਆਕਾਇਆ ਹਾਲ ਵਾਸੀ ਵਿਕਾਸਪੁਰੀ ਨਵੀਂ ਦਿੱਲੀ ਅਤੇ ਅਮਨਿੰਦਰ ਸਿੰਘ ਉਰਫ ਬਿੱਲਾ ਵਾਸੀ ਪਿੰਡ ਮਜਾਰਾ ਸੋਨਾਲੀ, ਥਾਣਾ ਊਨਾ, ਜ਼ਿਲ੍ਹਾ ਊਨਾ, ਹਿਮਾਚਲ ਪ੍ਰਦੇਸ, ਦਿੱਲੀ ਤੋਂ ਕਾਰ ਨੰਬਰ ਐਚ. ਪੀ.-72-8683 ਮਾਰਕਾ ਸਵਿਫਟ ਵਿੱਚ ਹੈਰੋਇਨ ਲੈ ਕੇ ਆਏ ਹਨ ਅਤੇ ਚੰਡੀਗੜ੍ਹਖ਼ ਫਰਨੀਚਰ ਮਾਰਕੀਟ ਤੋਂ ਮੋਹਾਲੀ 3/5 ਚੌਕ ਵੱਲ ਆ ਰਹੇ ਹਨ। ਇਨ੍ਹਾਂ ਨੂੰ ਐਸ.ਆਈ. ਪਵਨ ਕੁਮਾਰ ਨੇ ਸਮੇਤ ਪੁਲਿਸ ਪਾਰਟੀ ਕਾਬੂ ਕੀਤਾ, ਜਿਹਨਾ ਦੀ ਕਾਰ ਦੀ ਤਲਾਸੀ ਲੈਣ ‘ਤੇ 01 ਕਿਲੋਗ੍ਰਾਮ ਹੈਰੋਇਨ ਬਰਾਮਦ ਹੋਈ। ਡੇਵਿਡ ਨੇ ਮੁੱਢਲੀ ਪੁੱਛ-ਪੜਤਾਲ ਦੌਰਾਨ ਦੱਸਿਆ ਕਿ ਉਹ ਦੱਖਣੀ ਅਫਰੀਕਾ ਦਾ ਰਹਿਣ ਵਾਲਾ ਹੈ ਅਤੇ ਉਹ 12-5-2018 ਨੂੰ ਟੂਰਿਸਟ ਵੀਜੇ ਤੇ ਭਾਰਤ ਆਇਆ ਸੀ, ਜੋ ਕਿ ਦਿੱਲੀ ਵਿਕਾਸਪੁਰੀ ਵਿਖੇ ਰਹਿੰਦਾ ਹੈ, ਪ੍ਰੰਤੂ ਉਹ ਲਾਲਚ ਵਸ ਪੈ ਕੇ ਮਾੜੀ ਸੰਗਤ ਵਿੱਚ ਪੈਣ ਕਰਕੇ ਹੈਰੋਇਨ ਦੀ ਸਪਲਾਈ ਕਰਨ ਲੱਗ ਪਿਆ ਸੀ। ਕੱਲ੍ਹ ਮਿਤੀ 19-08-2018 ਨੂੰ ਆਪਣੇ ਦੋਸਤ ਅਮਨਿੰਦਰ ਸਿੰਘ ਉਰਫ ਬਿੱਲਾ ਨਾਲ ਹੈਰੋਇਨ ਸਪਲਾਈ ਕਰਨ ਲਈ ਚੰਡੀਗੜਖ਼੍ਹ ਮੋਹਾਲੀ ਵਿਖੇ ਆਇਆ ਸੀ। ਅਮਨਿੰਦਰ ਸਿੰਘ ਉਰਫ ਬਿੱਲਾ ਨੇ ਪੁੱਛ ਗਿੱਛ ਤੇ ਦੱਸਿਆ ਕਿ ਉਹ ਹਿਮਾਚਲ ਪ੍ਰਦੇਸ ਪਿੰਡ ਮਜਾਰਾ ਸੋਨਾਲੀ ਜਿਲਾ ਉਨਾ ਦਾ ਰਹਿਣ ਵਾਲਾ ਹੈ ਤੇ 11ਵੀਂ ਪਾਸ ਹੈ, ਜੋ ਪਿਛਲੇ 08 ਮਹੀਨੇ ਤੋਂ ਹੈਰੋਇਨ ਦਾ ਨਸ਼ਾ ਕਰਨ ਅਤੇ ਵੇਚਣ ਦਾ ਆਦੀ ਹੈ ਅਤੇ ਦਿੱਲੀ ਤੋਂ ਹੈਰੋਇਨ ਲਿਆ ਕੇ ਵੇਚਦਾ ਹੈ, ਜਿਸ ਨਾਲ ਉਸ ਨੂੰ ਕਾਫੀ ਪੈਸੇ ਬੱਚ ਜਾਂਦੇ ਹਨ। ਇਸ ਨਾਲ ਉਹ ਆਪਣਾ ਗੁਜਾਰਾ ਵੀ ਚਲਾ ਲੈਂਦਾ ਸੀ।
ਦੋਵੇਂ ਮੁਲਜ਼ਮ ਇਹ ਹੈਰੋਇਨ ਇਕ ਜੋਨ ਨਾਮ ਦੇ ਨਾਇਜੀਰੀਅਨ ਤੋਂ ਲੈ ਕੇ ਆਏ ਸਨ। ਇਨ੍ਹਾਂ ਵਿਰੁੱਧ ਮੁਕੱਦਮਾ ਨੰਬਰ 41 ਮਿਤੀ 19-08-2018 ਅ/ਧ 21,29-61-85ਐਨਡੀਪੀਐਸ ਐਕਟ, 14 ਫਾਰਨਰ ਐਕਟ 1946, ਥਾਣਾ ਐਸ.ਟੀ.ਐਫ., ਫੇਜ਼-4, ਮੋਹਾਲੀ ਦਰਜ ਰਜਿਸਟਰ ਕੀਤਾ ਹੈ ਤੇ ਇਸ ਸਬੰਧੀ ਹੋਰ ਜਾਂਚ ਕੀਤੀ ਜਾ ਰਹੀ ਹੈ। ਐਸ.ਟੀ.ਐਫ ਦੇ ਅਧਿਕਾਰੀਆਂ ਨੇ ਆਮ ਲੋਕਾਂ ਨੂੰ ਅਪੀਲ ਕੀਤੀ ਕਿ ਜੇ ਉਨ੍ਹਾਂ ਨੂੰ ਕਿਸੇ ਡਰੱਗ ਤੱਸਕਰ/ਡਰੱਗ ਸਪਲਾਇਰ ਬਾਰੇ ਕੋਈ ਜਾਣਕਾਰੀ ਮਿਲਦੀ ਹੈ, ਤਾਂ ਉਸ ਦੀ ਸੂਚਨਾ ਤੁਰੰਤ ਐਸ.ਟੀ.ਐਫ., ਪੰਜਾਬ ਨੂੰ ਦਿੱਤੀ ਜਾਵੇ। ਸੂਚਨਾ ਦੇਣ ਵਾਲੇ ਵਿਅਕਤੀ ਦਾ ਨਾਮ ਗੁਪਤ ਰੱਖਿਆ ਜਾਵੇਗਾ।