ਐਸ.ਜੀ.ਪੀ.ਸੀ ਲਈ ਸਾਫ਼-ਸੁਥਰੇ ਅਕਸ ਵਾਲੇ ਪੰਥਕ ਉਮੀਦਵਾਰਾਂ ਦੀ ਚੋਣ ਕਰਨ ਲਈ ਪਿੰਡ-ਪਿੰਡ ਜਾ ਕੇ ਪੰਜਾਬ ਵਾਸੀਆਂ ਨੂੰ ਪ੍ਰੇਰਿਆ ਜਾਵੇਗਾ : ਦਵਿੰਦਰ ਸਿੰਘ ਸੋਢੀ
ਸੋਮਵਾਰ ਨੂੰ ਸ਼੍ਰੀ ਫ਼ਤਿਹਗੜ੍ਹ ਸਾਹਿਬ ਸ਼ਹੀਦੀ ਸਥਾਨ ਤੇ ਅਰਦਾਸ ਕਰਕੇ ਨਸ਼ਿਆਂ ਅਤੇ ਪਤਿਤਪੁਣੇ ਖ਼ਿਲਾਫ਼ ਵਿੱਢੀ ਜਾਏਗੀ ਮੁਹਿੰਮ : ਸੋਢੀ
ਚੰਡੀਗੜ੍ਹ,9 ਜੂਨ 2023: ਸ਼੍ਰੋਮਣੀ ਅਕਾਲੀ ਦਲ (ਸੰਯੁਕਤ) ਯੂਥ ਵਿੰਗ ਦੇ ਪ੍ਰਧਾਨ ਸ: ਦਵਿੰਦਰ ਸਿੰਘ ਸੋਢੀ ਤੇ ਨੌਜਵਾਨ ਆਗੂ 12 ਜੂਨ ਦਿਨ ਸੋਮਵਾਰ ਨੂੰ ਸ਼੍ਰੀ ਫ਼ਤਿਹਗੜ੍ਹ ਸਾਹਿਬ ਵਿਖੇ ਬਾਬਾ ਜ਼ੋਰਾਵਰ ਸਿੰਘ ਅਤੇ ਬਾਬਾ ਫ਼ਤਿਹ ਸਿੰਘ ਜੀ ਦੇ ਸ਼ਹੀਦੀ ਸਥਾਨ `ਤੇ ਨਤਮਸਤਕ ਹੋਣਗੇ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਸ: ਦਵਿੰਦਰ ਸਿੰਘ ਸੋਢੀ ਨੇ ਦੱਸਿਆ ਕਿ ਯੂਥ ਅਕਾਲੀ ਦਲ (ਸੰਯੁਕਤ) ਵੱਲੋਂ ਪੰਜਾਬ ਅੰਦਰ ਪਤਿਤਪੁਣੇ ਅਤੇ ਨਸਿ਼ਆਂ ਦੀ ਚਲ ਰਹੀ ਹਨੇਰੀ ਦੇ ਵਿਰੁੱਧ ਮੁਹਿੰਮ ਵਿੱਢੀ ਜਾਵੇਗੀ। ਕਿਉਂਕਿ ਨੌਜਵਾਨ ਪੀੜ੍ਹੀ ਨਸ਼ਿਆਂ ਵਿੱਚ ਗੁਲਤਾਨ ਹੋ ਕੇ ਕੁਰਾਹੇ ਪੈ ਰਹੀ ਹੈ। ਜਿਸ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਸ਼੍ਰੀ ਫ਼ਤਿਹਗੜ੍ਹ ਸਾਹਿਬ ਦੇ ਸ਼ਹੀਦੀ ਸਥਾਨ `ਤੇ ਸੰਘਰਸ਼ ਦੀ ਸਫ਼ਲਤਾ ਲਈ ਅਰਦਾਸ ਕੀਤੀ ਜਾਵੇਗੀ। ਉਨ੍ਹਾ ਕਿਹਾ ਕਿ ਪੰਥਕ ਸੋਚ ਦੇ ਧਾਰਨੀ ਪੰਜਾਬ ਅਤੇ ਪੰਜਾਬੀਅਤ ਨੂੰ ਪਿਆਰ ਕਰਨ ਵਾਲੇ ਨੌਜਵਾਨਾਂ ਨੂੰ ਲਾਮਬੰਦ ਕਰਕੇ ਇਕ ਮੰਚ ਤੇ ਇਕੱਠਾ ਕਰਨ ਦੇ ਯਤਨ ਵੀ ਕੀਤੇ ਜਾਣਗੇ। ਉਨ੍ਹਾਂ ਕਿਹਾ ਕਿ ਇਹ ਪ੍ਰੋਗਰਾਮ ਪੰਜਾਬ ਅੰਦਰ ਸਿੱਖੀ ਨੂੰ ਪ੍ਰਫੁਲਿਤ ਕਰਨ ਲਈ ਉਲੀਕਿਆ ਗਿਆ ਹੈ। ਉਨ੍ਹਾਂ ਕਿਹਾ ਕਿ ਦਸਤਾਰ ਤੋਂ ਬਿਨਾਂ ਸਿੱਖ ਦੀ ਪਛਾਣ ਅਧੂਰੀ ਹੈ।ਇਸ ਲਈ ਆਉਣ ਵਾਲੇ ਦਿਨਾਂ ਵਿਚ ਦਸਤਾਰ ਸਜਾਉਣ ਦੇ ਸਮਾਗਮ ਵੀ ਕੀਤੇ ਜਾਣਗੇ।
ਇਸ ਤੋਂ ਇਲਾਵਾ ਯੂਥ ਅਕਾਲੀ ਦਲ ਵੱਲੋਂ ਸਿੱਖਾਂ ਦੀ ਮਿਨੀ ਪਾਰਲੀਮੈਂਟ ਕਹੀਂ ਜਾਣ ਵਾਲੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (ਐਸਜੀਪੀਸੀ) ਨੂੰ ਸਿਆਸਤ ਤੇ ਭ੍ਰਿਸ਼ਟਾਚਾਰ ਮੁਕਤ ਕਰਨ ਲਈ ਸਾਫ਼-ਸੁਥਰੇ ਅਕਸ ਵਾਲੇ ਗੁਰਸਿੱਖਾਂ ਨੁਮਾਦਿਆ ਦੀ ਚੋਣ ਕਰਨ ਲਈ ਪੰਜਾਬ ਦੇ ਲੋਕਾਂ ਨੂੰ ਪਿੰਡ-ਪਿੰਡ ਜਾ ਕੇ ਪ੍ਰੇਰਿਆ ਜਾਏਗਾ ਤਾਂ ਕਿ ਇਸ ਸੰਸਥਾ ਤੋਂ ਇੱਕ ਪਰਿਵਾਰ ਦੇ ਗਲਬਾ ਤੋਂ ਮੁਕਤ ਕਰਵਾਇਆ ਜਾ ਸਕੇ। ਕਿਉਂਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ਼੍ਰੋਮਣੀ ਅਕਾਲੀ ਦਲ ਦੀ ਮਾਂ ਸੰਸਥਾ ਹੈ। ਉਨ੍ਹਾਂ ਕਿਹਾ ਕਿ ਧਰਮ ਵਿਚ ਸਿਆਸਤ ਦੀ ਕੋਈ ਥਾਂ ਨਹੀ ਹੈ। ਧਰਮ ਦਾ ਕੁੰਡਾ ਸਿਆਸਤ ਦੇ ਉੱਪਰ ਭਾਰੀਂ ਰਹੇਗਾ।























