ਸਬੰਧਤ ਵਿਭਾਗਾਂ ਨੂੰ ਮਾਰਚ ਦੇ ਅਖ਼ੀਰ ਤੱਕ ਸੀਵਰੇਜ ਦਾ 100 ਫ਼ੀਸਦੀ ਟਰੀਟਮੈਂਟ ਯਕੀਨੀ ਬਣਾਉਣ ਦੇ ਵੀ ਨਿਰਦੇਸ਼
ਚੰਡੀਗੜ੍ਹ, 15 ਫਰਵਰੀ :ਨੈਸ਼ਨਲ ਗ੍ਰੀਨ ਟ੍ਰਿਬਿਊਨਲ (ਐਨ.ਜੀ.ਟੀ.) ਦੀ ਨਿਗਰਾਨ ਕਮੇਟੀ ਨੇ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ (ਪੀ.ਪੀ.ਸੀ.ਬੀ.) ਨੂੰ 11 ਰੀਅਲ ਟਾਈਮ ਵਾਟਰ ਕੁਆਲਿਟੀ ਮੌਨੀਟਰਿੰਗ ਸਟੇਸ਼ਨ ਸਥਾਪਤ ਕਰਨ ਲਈ ਤੇਜ਼ੀ ਨਾਲ ਕਦਮ ਚੁੱਕਣ ਦੇ ਨਿਰਦੇਸ਼ ਦਿੱਤੇ ਹਨ। ਇਨ੍ਹਾਂ ਮੌਨੀਟਰਿੰਗ ਸਟੇਸ਼ਨਾਂ ਵਿੱਚੋਂ ਸਤਲੁਜ ਦਰਿਆ ‘ਤੇ 4 ਮੌਨੀਟਰਿੰਗ ਸਟੇਸ਼ਨ, ਬਿਆਸ ‘ਤੇ 1, ਘੱਗਰ ਦਰਿਆ ‘ਤੇ 4 ਅਤੇ ਬੁੱਢੇ ਨਾਲੇ ‘ਤੇ 2 ਰੀਅਲ ਟਾਈਮ ਵਾਟਰ ਕੁਆਲਿਟੀ ਮੌਨੀਟਰਿੰਗ ਸਟੇਸ਼ਨ 31 ਮਾਰਚ, 2020 ਤੱਕ ਸਥਾਪਤ ਕੀਤੇ ਜਾਣਗੇ।
ਪੰਜਾਬ ਦੇ ਦਰਿਆਵਾਂ ਦੀ ਸਾਫ਼-ਸਫ਼ਾਈ ਲਈ ਕਾਰਜ ਯੋਜਨਾ ਲਾਗੂਕਰਨ ਸਬੰਧੀ ਐਨ.ਜੀ.ਟੀ. ਦੀ ਨਿਗਰਾਨ ਕਮੇਟੀ ਦੀ 9ਵੀਂ ਮੀਟਿੰਗ ਦੌਰਾਨ ਚੇਅਰਪਰਸਨ ਜਸਟਿਸ (ਸੇਵਾ ਮੁਕਤ) ਜਸਬੀਰ ਸਿੰਘ ਨੇ ਸਾਰੇ ਸਬੰਧਤ ਵਿਭਾਗਾਂ ਨੂੰ 31 ਮਾਰਚ, 2020 ਤੱਕ ਸੀਵਰੇਜ ਦਾ 100 ਫ਼ੀਸਦੀ ਟਰੀਟਮੈਂਟ ਯਕੀਨੀ ਬਣਾ ਕੇ ਦਰਿਆਵਾਂ ਦੀ ਸਾਫ਼-ਸਫ਼ਾਈ ਸਬੰਧੀ ਸਾਰੀਆਂ ਕਾਰਜ ਯੋਜਨਾਵਾਂ ਨੂੰ ਸਮਾਂਬੱਧ ਢੰਗ ਨਾਲ ਨੇਪਰੇ ਚਾੜ੍ਹਨ ਲਈ ਕਿਹਾ। ਜਸਟਿਸ ਜਸਬੀਰ ਸਿੰਘ ਨੇ ਐਨ.ਜੀ.ਟੀ. ਦੇ ਆਦੇਸ਼ਾਂ ਅਨੁਸਾਰ ਐਸ.ਟੀ.ਪੀਜ਼. ਸਥਾਪਤ ਕਰਨ ਅਤੇ 31 ਮਾਰਚ, 2021 ਤੋਂ ਪਹਿਲਾਂ ਇਨ੍ਹਾਂ ਦੇ ਚਾਲੂ ਹੋਣ ਨੂੰ ਯਕੀਨੀ ਬਣਾਉਣ ‘ਤੇ ਵੀ ਜ਼ੋਰ ਦਿੱਤਾ।
ਕਮੇਟੀ ਨੇ ਸੂਬੇ ਵਿੱਚ ਦਰਿਆਵਾਂ ਦੀ ਸਾਫ਼-ਸਫ਼ਾਈ ਲਈ ਕਾਰਜ ਯੋਜਨਾਵਾਂ ਦੇ ਲਾਗੂਕਰਨ ਦੀ ਪ੍ਰਗਤੀ ਦਾ ਜਾਇਜ਼ਾ ਵੀ ਲਿਆ। ਦਰਿਆਵਾਂ ਦੇ ਪ੍ਰਦੂਸ਼ਿਤ ਹਿੱਸਿਆਂ ਦੇ ਪਾਣੀ ਦੇ ਮਿਆਰ, ਵੱਖ-ਵੱਖ ਸੀਵਰੇਜ ਟਰੀਟਮੈਂਟ ਪਲਾਂਟਾਂ (ਐਸ.ਟੀ.ਪੀਜ਼), ਕਾਮਨ ਐਫਲੁਐਂਟ ਟਰੀਟਮੈਂਟ ਪਲਾਂਟਾਂ (ਸੀ.ਈ.ਟੀ.ਪੀਜ਼), ਉਦਯੋਗਾਂ ਵਿੱਚ ਸਥਾਪਤ ਐਫਲੁਐਂਟ ਟਰੀਟਮੈਂਟ ਪਲਾਂਟਾਂ (ਈ.ਟੀ.ਪੀਜ਼) ਦੇ ਕੰਮਕਾਜ ਦੀ ਪ੍ਰਗਤੀ ਦਾ ਵੀ ਜਾਇਜ਼ਾ ਲਿਆ ਗਿਆ। ਇਸ ਤੋਂ ਇਲਾਵਾ ਕਮੇਟੀ ਵੱਲੋਂ ਜਨਵਰੀ, 2020 ਦੌਰਾਨ ਉਦਯੋਗਿਕ, ਸ਼ਹਿਰੀ ਅਤੇ ਪੇਂਡੂ ਖੇਤਰਾਂ ਵਿੱਚ ਟਰੀਟਮੈਂਟ ਸਹੂਲਤਾਂ ਦੀ ਸਥਾਪਨਾ ਸਬੰਧੀ ਵੱਖ-ਵੱਖ ਵਿਕਾਸ ਕੰਮਾਂ, ਬੁੱਢੇ ਨਾਲੇ ਵਿੱਚ ਡੇਅਰੀ ਰਹਿੰਦ-ਖੂਹੰਦ ਦੇ ਪ੍ਰਬੰਧਨ ਦੀ ਵੀ ਸਮੀਖਿਆ ਕੀਤੀ ਗਈ।
ਕਮੇਟੀ ਵੱਲੋਂ ਇਹ ਪਾਇਆ ਗਿਆ ਕਿ ਬਿਆਸ ਦਰਿਆ ਦੇ ਦੋ ਪ੍ਰਦੂਸ਼ਿਤ ਹਿੱਸਿਆਂ ਵਿੱਚ ਪਾਣੀ ਦੀ ਗੁਣਵੱਤਾ ਹੁਣ ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ (ਸੀ.ਪੀ.ਸੀ.ਬੀ.) ਅਤੇ ਐਨ.ਜੀ.ਟੀ. ਦੇ ਪਾਣੀ ਦੇ ਮਿਆਰ ਸਬੰਧੀ ਕਲਾਸ-ਬੀ ਮਾਪਦੰਡਾਂ ਨੂੰ ਪੂਰਾ ਕਰ ਰਹੀ ਹੈ ਜਦਕਿ ਸਤਲੁਜ ਅਤੇ ਘੱਗਰ ਦਰਿਆ ਦੀ ਪਾਣੀ ਦੀ ਗੁਣਵੱਤਾ ਪਾਣੀ ਦੇ ਮਿਆਰ ਸਬੰਧੀ ਲੋੜੀਂਦੇ ਮਾਪਦੰਡਾਂ (ਕਲਾਸ ਬੀ) ਦੇ ਮੁਕਾਬਲੇ ਕਲਾਸ-ਸੀ ਤੋਂ ਈ ਤੱਕ ਬਦਲਦੀ ਰਹਿੰਦੀ ਹੈ। ਕਮੇਟੀ ਨੇ ਇਸ ਪੱਖ ਦੀ ਸ਼ਲਾਘਾ ਕੀਤੀ ਕਿ ਪ੍ਰਭਾਵੀ ਨਿਗਰਾਨੀ ਅਤੇ ਕੰਮ-ਕਾਜ ਵਿੱਚ ਸੁਧਾਰਾਂ ਕਰਕੇ ਐਸ.ਟੀ.ਪੀਜ਼ ਨੂੰ ਨਾ ਚਲਾਉਣ ਦੀ ਫ਼ੀਸਦ ਅਪ੍ਰੈਲ 2019 ਦੇ 45 ਫ਼ੀਸਦੀ ਤੋਂ ਘੱਟ ਕੇ ਜਨਵਰੀ 2020 ਵਿੱਚ 21 ਫ਼ੀਸਦੀ ਰਹਿ ਗਈ ਹੈ।
ਸਾਰੀਆਂ ਏਜੰਸੀਆਂ ਨੂੰ ਨਿਰਦੇਸ਼ ਦਿੱਤੇ ਗਏ ਹਨ ਕਿ ਕਿਸੇ ਵੀ ਗ਼ਲਤੀ ਤੋਂ ਬਚਣ ਲਈ ਐਸ.ਟੀ.ਪੀਜ਼ ਦੀਆਂ ਅਪਗ੍ਰੇਡੇਸ਼ਨ ਲੋੜਾਂ ਮੁਤਾਬਕ ਪਹਿਲਾਂ ਹੀ ਯੋਜਨਾਬੱਧ ਰੱਖ-ਰਖਾਅ ਨੂੰ ਪ੍ਰਭਾਵੀ ਢੰਗ ਨਾਲ ਯਕੀਨੀ ਬਣਾਇਆ ਜਾਵੇ। ਮੀਟਿੰਗ ਵਿੱਚ ਹੋਰਨਾਂ ਤੋਂ ਇਲਾਵਾ ਸਾਬਕਾ ਮੁੱਖ ਸਕੱਤਰ ਪੰਜਾਬ ਸੁਬੋਧ ਅਗਰਵਾਲ, ਸਾਬਕਾ ਮੈਂਬਰ ਸਕੱਤਰ ਪੀ.ਪੀ.ਸੀ.ਬੀ. ਬਾਬੂ ਰਾਮ, ਸੀ.ਪੀ.ਸੀ.ਬੀ. ਦੇ ਵਿਗਿਆਨੀ ਜੇ.ਸੀ. ਬਾਬੂ ਅਤੇ ਸਬੰਧਤ ਵਿਭਾਗਾਂ ਦੇ ਅਧਿਕਾਰੀ ਮੌਜੂਦ ਸਨ।