
ਚੰਡੀਗੜ੍ਹ 16 ਮਈ ( ਵਿਸ਼ਵ ਵਾਰਤਾ)-ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਪ੍ਰਧਾਨ ਅਤੇ ਸੀਨੀਅਰ ਅਕਾਲੀ ਆਗੂ ਮਨਜੀਤ ਸਿੰਘ ਭੋਮਾ, ਸੀਨੀਅਰ ਅਕਾਲੀ ਆਗੂ ਸਰਬਜੀਤ ਸਿੰਘ ਜੰਮੂ, ਬਲਵਿੰਦਰ ਸਿੰਘ ਖੋਜਕੀਪੁਰ, ਅਕਾਲੀ ਆਗੂ ਕੁਲਦੀਪ ਸਿੰਘ ਮਜੀਠਾ, ਹਰਸ਼ਰਨ ਸਿੰਘ ਭਾਤਪੁਰ ਜੱਟਾਂ ਅਤੇ ਗੁਰਚਰਨ ਸਿੰਘ ਬਸਿਆਲਾ ਨੇ ਜਾਰੀ ਬਿਆਨ ਵਿੱਚ ਕਿਹਾ ਕਿ ਇੱਕ ਪਾਸੇ ਸਮੁੱਚਾ ਸੰਸਾਰ ਅਤੇ ਦੇਸ਼ ਕਰੋਨਾ ਮਹਾਂਮਾਰੀ ਨਾਲ ਜੰਗ ਲੜ ਰਿਹਾ ਹੈ ਜਿਸ ਨਾਲ ਪੰਜਾਬ ਵੀ ਜਕੜਿਆ ਪਿਆ ਹੈ, ਪਰ ਇਸ ਮਹਾਂਮਾਰੀ ਦੀ ਆੜ ਵਿੱਚ ਕੈਪਟਨ ਅਮਰਿੰਦਰ ਸਿੰਘ, ਪ੍ਰਕਾਸ਼ ਸਿੰਘ ਬਾਦਲ ਅਤੇ ਸੁਖਬੀਰ ਸਿੰਘ ਬਾਦਲ ਆਪਣੀ ਡੂੰਘੀ ਯਾਰੀ ਸਦਕਾ ਇੱਕ ਵਾਰ ਫਿਰ ਦਿੱਲੀ ਅੰਮ੍ਰਿਤਸਰ ਕੱਟੜਾ-ਐਕਸਪ੍ਰੈਸ ਹਾਈਵੇਅ ਪ੍ਰਾਜੈਕਟ ਵਿੱਚੋਂ ਸਿੱਖਾਂ ਦੇ ਮੱਕੇ ਸ੍ਰੀ ਹਰਿਮੰਦਰ ਸਾਹਿਬ ਅੰਮ੍ਰਿਤਸਰ ਨੂੰ ਕੱਢ ਕੇ ਭਾਜਪਾ ਆਰਐਸਐਸ ਨਾਲ ਵੱਡੀ ਸੌਦੇਬਾਜ਼ੀ ਕਰਦੇ ਨਜ਼ਰ ਆ ਰਹੇ ਹਨ ।
ਫ਼ੈਡਰੇਸ਼ਨ/ਅਕਾਲੀ ਨੇਤਾਵਾਂ ਨੇ ਕਿਹਾ ਕਿ ਜਿਵੇਂ ਸਤਲੁਜ ਯਮੁਨਾ ਲਿੰਕ ਨਹਿਰ ਦੀ ਖੁਦਾਈ ਸਮੇਂ ਪ੍ਰਕਾਸ਼ ਸਿੰਘ ਬਾਦਲ ਨੇ ਆਪਣੇ ਜੁੰਡੀ ਦੇ ਯਾਰ ਚੌਧਰੀ ਦੇਵੀ ਲਾਲ ਕੋਲੋਂ ਦੋ ਕਰੋੜ ਰੁਪਏ ਦਾ ਚੈੱਕ ਲੈ ਬਾਦਲ ਨੇ ਪੰਜਾਬ ਦੇ ਲੋਕਾਂ ਤੇ ਹਿੱਤਾਂ ਨਾਲ ਗ਼ਦਾਰੀ ਕਰਕੇ ਪੰਜਾਬ ਦੇ ਕਿਸਾਨਾਂ ਅਤੇ ਸਮੁੱਚੇ ਪੰਜਾਬੀਆਂ ਦੀ ਹਿੱਕ ਵਿੱਚ ਧੋਖੇ ਦਾ ਖੰਜਰ ਖੋਭਿਆ ਸੀ ਅਤੇ ਇਸ ਦੇ ਇਵਜ਼ਾਨੇ ਵਜੋਂ ਚੌਧਰੀ ਦੇਵੀ ਲਾਲ ਕੋਲੋਂ ਉਸ ਵਕਤ ਗੁੜਗਾਉਂ ਦੀ ਮਲਾਈ ਵਰਗੀ ਕਥਿਤ ਤੌਰ ਤੇ 18 ਏਕੜ ਜ਼ਮੀਨ ਤੋਹਫ਼ੇ ਵਿੱਚ ਲਈ ਸੀ, ਜਿੱਥੇ ਅੱਜ ਸੁਖਬੀਰ ਸਿੰਘ ਬਾਦਲ ਦਾ ਹੋਟਲ ਲਿਸ਼ਕਾਂ ਮਾਰਦਾ ਹੈ ਅਤੇ ਕੈਪਟਨ ਅਮਰਿੰਦਰ ਸਿੰਘ ਸੋਨੇ ਦੀ ਕਹੀ ਲੈ ਕੇ ਸ੍ਰੀਮਤੀ ਇੰਦਰਾ ਗਾਂਧੀ ਕੋਲ ਟੱਕ ਲਗਾਉਣ ਲਈ ਕਪੂਰੀ ਪਹੁੰਚੇ ਸਨ ਉਸੇ ਤਰ੍ਹਾਂ ਕੈਪਟਨ ਅਮਰਿੰਦਰ ਸਿੰਘ ਨਾਲ ਆਪਣੀ ਯਾਰੀ ਗੂੜ੍ਹੀ ਕਰਦਿਆਂ 2016 ਦੇ ਦਿੱਲੀ ਅੰਮ੍ਰਿਤਸਰ ਕਟੜਾ ਐਕਸਪ੍ਰੈੱਸ ਹਾਈਵੇ ਜਿਸ ਵਿੱਚ ਕੱਟੜਾ ਬਾਅਦ ਵਿੱਚ ਜੋੜਿਆ ਗਿਆ ਹੈ, ਵਿੱਚੋਂ ਅੰਮ੍ਰਿਤਸਰ ਸਾਹਿਬ ਨੂੰ ਕੱਢ ਕੇ ਕੈਪਟਨ ਅਮਰਿੰਦਰ- ਬਾਦਲ ਜੋੜੀ ਨੇ ਪੰਜਾਬੀਆਂ ਖਾਸ ਕਰ ਸਿੱਖਾਂ ਦੀ ਪਿੱਠ ਵਿੱਚ ਇੱਕ ਹੋਰ ਧੋਖੇ ਦਾ ਖੰਜਰ ਗੱਡ ਦਿੱਤਾ ਹੈ ਤਾਂ ਕਿ ਭਾਰਤੀ ਜਨਤਾ ਪਾਰਟੀ ਤੇ ਆਰਐੱਸਐੱਸ ਦੇ ਘੱਟ ਗਿਣਤੀਆਂ ਨੂੰ ਭਾਰਤ ਵਿੱਚ ਆਰਥਿਕ ਰਾਜਨੀਤਕ ਧਾਰਮਿਕ ਅਤੇ ਸਮਾਜਿਕ ਤੌਰ ਤੇ ਤਬਾਹ ਕਰਨ ਦੀ ਨੀਤੀ ਨੂੰ ਨਿਰਵਿਘਨ ਲਾਗੂ ਕਰਨ ਦਾ ਰਸਤਾ ਹੋਰ ਪੱਧਰਾ ਹੋ ਸਕੇ ।
ਫੈੱਡਰੇਸ਼ਨ/ਅਕਾਲੀ ਨੇਤਾਵਾਂ ਨੇ ਕਿਹਾ ਕਿ ਪੰਜਾਬੀ ਖ਼ਾਸਕਰ ਸਿੱਖ ਹੁਣ ਇਸ ਸਾਰੀ ਸਾਜ਼ਿਸ਼ ਪ੍ਰਤੀ ਸੁਚੇਤ ਹਨ ਅਤੇ ਆਪਣੇ ਨਾਲ ਹੋਣ ਜਾ ਰਹੇ 1947 ਤੋਂ ਵੀ ਵੱਡੇ ਧੋਖੇ ਨੂੰ ਕਦੀ ਬਰਦਾਸ਼ਤ ਨਹੀਂ ਕਰਨਗੇ । ਉਨ੍ਹਾਂ ਕਿਹਾ ਕਿ ਦਿੱਲੀ ਅੰਮ੍ਰਿਤਸਰ ਕੱਟੜਾ ਐਕਸਪ੍ਰੈੱਸ ਹਾਈਵੇ ਦੇ ਕਟੜਾ ਨਾਲ ਜੋੜਨ ਦੀ ਸਾਨੂੰ ਖੁਸ਼ੀ ਹੈ ਪਰ ਕੱਟੜਾ ਕਰਕੇ ਸ੍ਰੀ ਅੰਮ੍ਰਿਤਸਰ ਦਰਬਾਰ ਸਾਹਿਬ ਦੀ ਮਹਾਨਤਾ ਨੂੰ ਦੁਨੀਆ ਵਿੱਚ ਛੁਟੀਆਨ ਦਾ ਭਾਜਪਾ ਆਰਐੱਸਐੱਸ ਦਾ ਕੈਪਟਨ ਬਾਦਲ ਗਠਜੋੜ ਨਾਲ ਮਿਲ ਕੇ ਕੋਝਾ ਯਤਨ ਪੰਜਾਬੀ ਖ਼ਾਸਕਰ ਸਿੱਖ ਕਾਮਯਾਬ ਨਹੀਂ ਹੋਣ ਦੇਣਗੇ ।
ਆਗੂਆਂ ਨੇ ਕਿਹਾ ਕਿ ਮੁੱਢਲੇ ਬਣੇ ਪ੍ਰਾਜੈਕਟ ਅਨੁਸਾਰ ਅਗਰ ਦਿੱਲੀ ਅੰਮ੍ਰਿਤਸਰ ਕੱਟੜਾ ਐਕਸਪ੍ਰੈੱਸ ਹਾਈਵੇ ਵਿੱਚੋਂ ਅੰਮ੍ਰਿਤਸਰ ਨੂੰ ਕੱਟਿਆ ਗਿਆ ਤਾਂ ਪੰਜਾਬ ਦਾ ਕਿਸਾਨ ਆਪਣੀਆਂ ਜ਼ਮੀਨਾਂ ਇਸ ਪ੍ਰਾਜੈਕਟ ਲਈ ਨਹੀਂ ਦੇਵੇਗਾ ਅਤੇ ਨਾ ਹੀ ਪੰਜਾਬੀ ਖਾਸ ਸਿੱਖ ਸ੍ਰੀ ਅੰਮ੍ਰਿਤਸਰ ਸਾਹਿਬ ਨੂੰ ਮੁੱਢਲੇ ਨਕਸ਼ੇ ਅਨੁਸਾਰ ਜੋੜੇ ਬਿਨਾਂ ਪੰਜਾਬ ਦੀ ਧਰਤੀ ਤੇ ਇਹ ਪ੍ਰਾਜੈਕਟ ਬਣਨ ਦੇਣਗੇ । ਉਨ੍ਹਾਂ ਕਿਹਾ ਕਿ ਕੈਪਟਨ ਬਾਦਲ ਭਾਜਪਾ ਗੱਠਜੋੜ ਖੂਨ ਦੀਆਂ ਨਦੀਆਂ ਵਗਾ ਕੇ ਹੀ ਇਹ ਪ੍ਰਾਜੈਕਟ ਬਣਾ ਸਕੇਗਾ ਜਿਸ ਪ੍ਰਤੀ ਫੈਡਰੇਸ਼ਨ ਅਗਾਊਂ ਸੁਚੇਤ ਕਰਦੀ ਹੈ ।





















