- ਸਿਆਸੀ, ਧਾਰਮਿਕ, ਸਮਾਜਿਕ ਤੇ ਪੱਤਰਕਾਰੀ ਖੇਤਰ ਦੀਆਂ ਨਾਮਵਰ ਹਸਤੀਆਂ ਪੁੱਜੀਆਂ
ਐਸ.ਏ.ਐਸ. ਨਗਰ, 21 ਦਸੰਬਰ (ਡਾ. ਦੀਪਕ ਸਿੰਗਲਾ, ਵਿਸ਼ਵ ਵਾਰਤਾ)- ਪਿਛਲੇ ਦਿਨੀਂ ਅਕਾਲ ਚਲਾਣਾ ਕਰ ਗਏ ਉੱਘੇ ਪੱਤਰਕਾਰ ਤੇ ਚਾਰ ਅਖ਼ਬਾਰਾਂ ਦੇ ਸੰਪਾਦਕ ਰਹੇ ਸ਼ੰਗਾਰਾ ਸਿੰਘ ਭੁੱਲਰ ਨਮਿੱਤ ਪਾਠ ਦਾ ਭੋਗ ਤੇ ਅੰਤਮ ਅਰਦਾਸ ਅੱਜ ਇੱਥੇ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ (ਨੇੜੇ ਆਰਮੀ ਇੰਸਟੀਚਿੳੂਟ ਆਫ਼ ਲਾਅ) ਸੈਕਟਰ-69 ਵਿੱਚ ਹੋਈ। ਇਸ ਮੌਕੇ ਉੱਘੀਆਂ ਸਿਆਸੀ, ਸਮਾਜਿਕ ਤੇ ਧਾਰਮਿਕ ਖੇਤਰ ਦੀਆਂ ਹਸਤੀਆਂ ਨੇ ਉਨਾਂ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ।
ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਵਧੀਕ ਡਾਇਰੈਕਟਰ ਲੋਕ ਸੰਪਰਕ ਵਿਭਾਗ ਸ. ਉਪਿੰਦਰ ਸਿੰਘ ਲਾਂਬਾ ਰਾਹੀਂ ਭੇਜਿਆ ਗਿਆ ਸ਼ੋਕ ਸੰਦੇਸ਼ ਪੜਿਆ ਗਿਆ, ਜਿਸ ਵਿੱਚ ਜਿੱਥੇ ਸਰਦਾਰ ਭੁੱਲਰ ਦੇ ਵਿਛੋੜੇ ਨੂੰ ਪਰਿਵਾਰ ਤੇ ਸਕੇ ਸਬੰਧੀਆਂ ਲਈ ਨਾ ਪੂਰਿਆ ਜਾਣ ਵਾਲਾ ਘਾਟਾ ਦੱਸਿਆ ਗਿਆ, ਉਥੇ ਇਸ ਨੂੰ ਪੱਤਰਕਾਰੀ ਖੇਤਰ ਲਈ ਵੱਡਾ ਘਾਟਾ ਦੱਸਿਆ ਗਿਆ। ਮੁੱਖ ਮੰਤਰੀ ਨੇ ਆਪਣੇ ਸੰਦੇਸ਼ ਵਿੱਚ ਕਿਹਾ ਕਿ ਸ. ਭੁੱਲਰ ਨੇ ਆਪਣੇ ਜੀਵਨ ਦਾ ਲੰਮਾ ਸਮਾਂ ਪੱਤਰਕਾਰੀ ਖੇਤਰ ਨੂੰ ਸਮਰਪਿਤ ਕੀਤਾ, ਜਿਨਾਂ ਚਾਰ ਅਖ਼ਬਾਰਾਂ ਪੰਜਾਬੀ ਟਿ੍ਰਬਿੳੂਨ, ਪੰਜਾਬੀ ਜਾਗਰਣ, ਰੋਜ਼ਾਨਾ ਸਪੋਕਸਮੈਨ ਅਤੇ ਦੇਸ਼ ਵਿਦੇਸ਼ ਟਾਈਮਜ਼ ਦੇ ਸੰਪਾਦਕ ਦੇ ਤੌਰ ਉਤੇ ਕੰਮ ਕੀਤਾ। ਉਹ ਬਹੁ ਪੱਖੀ ਕਾਲਮ ਨਵੀਸ ਹੋਣ ਦੇ ਨਾਲ ਨਾਲ ਪੰਜਾਬੀ ਸੱਭਿਆਚਾਰ, ਸੂਬੇ ਦੇ ਸਮਾਜਿਕ, ਆਰਥਿਕ ਤੇ ਧਾਰਮਿਕ ਦਿ੍ਰਸ਼ਟੀਕੋਣਾਂ ਤੋਂ ਚੰਗੀ ਤਰਾਂ ਜਾਣੂੰ ਸਨ। ਪੱਤਰਕਾਰੀ ਖੇਤਰ ਵਿੱਚ ਸਮਰਪਿਤ ਭਾਵਨਾ, ਲਗਨ ਤੇ ਤਨਦੇਹੀ ਨਾਲ ਨਿਭਾਈ ਜ਼ਿੰਮੇਵਾਰੀ ਸਦਕਾ ਉਨਾਂ ਨੂੰ ‘ਸ਼ੋ੍ਰਮਣੀ ਪੱਤਰਕਾਰ’ ਦਾ ਐਵਾਰਡ ਵੀ ਮਿਲਿਆ। ਉਨਾਂ ਦੇ ਤੁਰ ਜਾਣ ਨਾਲ ਪੱਤਰਕਾਰੀ ਖੇਤਰ ਵਿੱਚ ਪਏ ਖਲਾਅ ਨੂੰ ਕਦੇ ਵੀ ਪੂਰਿਆ ਨਹੀਂ ਜਾ ਸਕੇਗਾ।
ਮੁੱਖ ਮੰਤਰੀ ਸਲਾਹਕਾਰ ਸ. ਭਰਤਇੰਦਰ ਸਿੰਘ ਚਹਿਲ ਨੇ ਵੀ ਸੋਕ ਸੰਦੇਸ਼ ਭੇਜਦਿਆਂ ਕਿਹਾ ਕਿ ਸ. ਸ਼ੰਗਾਰਾ ਸਿੰਘ ਭੁੱਲਰ ਦੀ ਮੌਤ ਨਾਲ ਪੂਰੇ ਪੰਜਾਬੀ ਜਗਤ ਨੂੰ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ।
ਪੰਜਾਬ ਦੇ ਕੈਬਨਿਟ ਮੰਤਰੀ ਸ. ਬਲਬੀਰ ਸਿੰਘ ਸਿੱਧੂ ਨੇ ਪੰਜਾਬ ਸਰਕਾਰ ਵੱਲੋਂ ਵਿਛੜੀ ਰੂਹ ਨੂੰ ਸ਼ਰਧਾ ਦੇ ਫੁੱਲ ਭੇਟ ਕਰਦਿਆਂ ਉਨਾਂ ਨਾਲ ਬਿਤਾਏ ਸਮੇਂ ਦੀਆਂ ਯਾਦਾਂ ਸਾਂਝੀਆਂ ਕੀਤੀਆਂ। ਉਨਾਂ ਸ. ਭੁੱਲਰ ਨੂੰ ਸਹਿਜ ਤੇ ਸਮਰਪਣ ਦੀ ਮੂਰਤ ਦੱਸਦਿਆਂ ਪੱਤਰਕਾਰੀ ਖੇਤਰ ਦਾ ਧਰੂ ਤਾਰਾ ਦੱਸਿਆ, ਜੋ ਅੱਜ ਸਾਡੇ ਤੋਂ ਦੂਰ ਹੋ ਗਿਆ ਹੈ। ਉਨਾਂ ਕਿਹਾ ਕਿ ਸ. ਸ਼ੰਗਾਰਾ ਸਿੰਘ ਭੁੱਲਰ ਦੇ ਤੁਰ ਜਾਣ ਦਾ ਘਾਟਾ ਉਨਾਂ ਦੇ ਪਰਿਵਾਰ ਨੂੰ ਨਹੀਂ, ਸਗੋਂ ਸਮੁੱਚੇ ਜਗਤ ਨੂੰ ਹੈ ਕਿਉਂਕਿ ਉਹ ਇਕ ਮਨੁੱਖ ਨਹੀਂ, ਸਗੋਂ ਇਕ ਸੰਸਥਾ ਸਨ, ਜਿਨਾਂ ਪੱਤਰਕਾਰੀ ਖੇਤਰ ਦੇ ਨਾਲ ਨਾਲ ਸਮਾਜਿਕ ਖੇਤਰ ਵਿੱਚ ਵੀ ਕਈ ਵਿਅਕਤੀਆਂ ਤੇ ਸੰਸਥਾਵਾਂ ਦੀ ਸਰਪ੍ਰਸਤੀ ਕੀਤੀ।
ਸ਼ਰਧਾਂਜਲੀ ਭੇਟ ਕਰਨ ਵਾਲਿਆਂ ਵਿੱਚ ਸੀਨੀਅਰ ਕਾਂਗਰਸੀ ਆਗੂ ਤੇ ਉੱਘੇ ਸਮਾਜ ਸੇਵਕ ਸ. ਰਘੁਬੀਰ ਸਿੰਘ ਜੌੜਾ ਤੋਂ ਇਲਾਵਾ ਸਾਬਕਾ ਮੁੱਖ ਮੰਤਰੀ ਤੇ ਪੰਜਾਬ ਰਾਜ ਯੋਜਨਾਬੰਦੀ ਬੋਰਡ ਦੇ ਵਾਈਸ ਚੇਅਰਪਰਸਨ ਬੀਬੀ ਰਾਜਿੰਦਰ ਕੌਰ ਭੱਠਲ, ਕੈਬਨਿਟ ਮੰਤਰੀ ਸ. ਸਾਧੂ ਸਿੰਘ ਧਰਮਸੋਤ, ਸਾਬਕਾ ਕੇਂਦਰੀ ਮੰਤਰੀ ਬਲਵੰਤ ਸਿੰਘ ਰਾਮੂਵਾਲੀਆ, ਸਾਬਕਾ ਮੰਤਰੀ ਸਿਕੰਦਰ ਸਿੰਘ ਮਲੂਕਾ ਤੇ ਸੇਵਾ ਸਿੰਘ ਸੇਖਵਾਂ, ਵਿਧਾਇਕ ਕੰਵਰ ਸੰਧੂ, ਸਾਬਕਾ ਵਿਧਾਇਕ ਜਗਮੋਹਨ ਸਿੰਘ ਕੰਗ, ਸਾਬਕਾ ਡਿਪਟੀ ਸਪੀਕਰ ਬੀਰਦਵਿੰਦਰ ਸਿੰਘ, ਦੈਨਿਕ ਜਾਗਰਣ ਗਰੁੱਪ ਦੇ ਚੀਫ਼ ਜਨਰਲ ਮੈਨੇਜਰ ਗਰੇਟਰ ਪੰਜਾਬ ਮੋਹਿੰਦਰ ਕੁਮਾਰ, ਸੀਨੀਅਰ ਪੱਤਰਕਾਰ ਜੋਗਿੰਦਰ ਸਿੰਘ ਮਾਨ, ਕਾਂਗਰਸੀ ਲੀਡਰ ਪ੍ਰਿਤਪਾਲ ਸਿੰਘ ਡਾਲੀ, ਸਾਬਕਾ ਐਸ.ਟੀ.ਸੀ ਹਰਮੇਲ ਸਿੰਘ ਸਰਾਂ, ਜੀ.ਐੱਸ ਰਿਆੜ, ਬੱਬੀ ਬਾਦਲ, ਯੋਗੇਸ਼ ਗੁਪਤਾ, ਗੁਰਸ਼ਿੰਦਰ ਸਿੰਘ, ਸਤਿਨਾਮ ਸਿੰਘ ਰੰਧਾਵਾ, ਵਿਸ਼ਵ ਵਾਰਤਾ ਦੇ ਸੰਸਥਾਪਕ ਦਵਿੰਦਰਜੀਤ ਸਿੰਘ ਦਰਸ਼ੀ, ‘ਰੋਜ਼ਾਨਾ ਸਪੋਕਸਮੈਨ’ ਦੀ ਐਮ.ਡੀ. ਜਗਜੀਤ ਕੌਰ, ਪੰਜਾਬੀ ਟ੍ਰਿਬਿਊਨ ਦੇ ਸੰਪਾਦਕ ਸਵਰਾਜਬੀਰ ਸਿੰਘ, ਪੰਜਾਬੀ ਜਾਗਰਣ ਦੇ ਸੰਪਾਦਕ ਵਰਿੰਦਰ ਵਾਲੀਆ, ਪੰਜਾਬੀ ਟ੍ਰਿਬਿਊਨ ਦੇ ਸਾਬਕਾ ਸੰਪਾਦਕ ਸਿੱਧੂ ਦਮਦਮੀ ਤੇ ਸੁਰਿੰਦਰ ਸਿੰਘ ਤੇਜ, ਕਿਸਾਨ ਆਗੂ ਭੁਪਿੰਦਰ ਸਾਂਬਰ, ਡਿਪਟੀ ਡਾਇਰੈਕਟਰ ਲੋਕ ਸੰਪਰਕ ਵਿਭਾਗ ਅਜੀਤ ਕੰਵਲ ਸਿੰਘ ਤੇ ਰਣਦੀਪ ਸਿੰਘ ਆਹਲੂਵਾਲੀਆ, ਮੁਹਾਲੀ ਪ੍ਰੈੱਸ ਕਲੱਬ ਦੇ ਪ੍ਰਧਾਨ ਗੁਰਜੀਤ ਸਿੰਘ ਬਿੱਲਾ, ਜ਼ਿਲਾ ਪ੍ਰੈੱਸ ਕਲੱਬ ਦੇ ਪ੍ਰਧਾਨ ਸਤਵਿੰਦਰ ਸਿੰਘ ਧੜਾਕ, ਪੰਜਾਬ ਐਂਡ ਚੰਡੀਗੜ ਜਰਨਲਿਸਟਸ ਯੂਨੀਅਨ ਦੇ ਪ੍ਰਧਾਨ ਜੈ ਸਿੰਘ ਛਿੱਬੜ, ਉੱਘੇ ਗੀਤਕਾਰ ਤੇ ਪੱਤਰਕਾਰ ਸ਼ਮਸ਼ੇਰ ਸੰਧੂ, ਫਿਲਮ ਅਦਾਕਾਰ ਵਿਜੈ ਟੰਡਨ, ਪੰਜਾਬ ਪਬਲਿਕ ਅਫ਼ਸਰਜ਼ ਐਸੋਸੀਏਸ਼ਨ ਦੇ ਪ੍ਰਧਾਨ ਨਵਦੀਪ ਸਿੰਘ ਗਿੱਲ ਤੇ ਜਨਰਲ ਸਕੱਤਰ ਇਕਬਾਲ ਸਿੰਘ ਬਰਾੜ ਅਤੇ ਹੋਰਾਂ ਨੇ ਸ਼ਰਧਾਂਜਲੀ ਭੇਟ ਕੀਤੀ।
ਕੈਪਸ਼ਨ: ਉੱਘੇ ਪੱਤਰਕਾਰ ਸ਼ੰਗਾਰਾ ਸਿੰਘ ਭੁੱਲਰ ਨੂੰ ਸ਼ਰਧਾ ਦੇ ਫੁੱਲ ਭੇਟ ਕਰਨ ਲਈ ਪੁੱਜੀਆਂ ਉੱਘੀਆਂ ਸ਼ਖ਼ਸੀਅਤਾਂ।