ਇੰਡਸਟਰੀ ਦੇ ਵਿਸਥਾਰ ਲਈ ਪੰਜਾਬ ਸਰਕਾਰ ਵਚਨਬੱਧ – ਕੁਲਵੰਤ ਸਿੰਘ
ਮੁਹਾਲੀ ਇੰਡਸਟਰੀ ਐਸੋਸੀਏਸ਼ਨ ਦੀ ਨਵੀਂ ਚੁਣੀ ਟੀਮ ਦੇ ਨਾਲ ਵਿਧਾਇਕ ਕੁਲਵੰਤ ਸਿੰਘ ਦੀ ਅਹਿਮ ਮੀਟਿੰਗ ਆਯੋਜਿਤ
ਮੋਹਾਲੀ 12 ਸਤੰਬਰ (ਸਤੀਸ਼ ਕੁਮਾਰ ਪੱਪੀ):- ਮੋਹਾਲੀ ਦੇ ਵਿੱਚ 700 ਏਕੜ ਤੋਂ ਵੀ ਵੱਧ ਜਗ੍ਹਾ ਦੇ ਵਿੱਚ ਨਵੀਂ ਇੰਡਸਟਰੀ ਲੱਗ ਰਹੀ ਹੈ ਅਤੇ ਤਿੰਨ ਤੋਂ ਚਾਰ ਨਵੇਂ ਸੈਕਟਰ ਬਣਨ ਜਾ ਰਹੇ ਹਨ। ਇਹ ਗੱਲ ਮੋਹਾਲੀ ਤੋਂ ਵਿਧਾਇਕ ਕੁਲਵੰਤ ਸਿੰਘ ਨੇ ਕਹੀ।
ਉਨ੍ਹਾਂ ਕਿਹਾ ਕਿ ਇੰਡਸਟਰੀ ਕਿਸੇ ਵੀ ਸਟੇਟ ਦੀ ਰੀੜ ਦੀ ਹੱਡੀ ਹੁੰਦੀ ਹੈ ਅਤੇ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਇੰਡਸਟਰੀ ਜਗਤ ਦੀਆਂ ਸਮੁੱਚੀਆਂ ਸਮੱਸਿਆਵਾਂ ਨੂੰ ਹੱਲ ਕਰਨ ਦੇ ਲਈ ਵਚਨਬੱਧ ਹੈ। ਫਿਰ ਭਾਵੇਂ ਉਹ ਸਮੱਸਿਆ ਕਿਸੇ ਵੀ ਪੱਧਰ ਦੀ ਹੋਵੇ , ਹਰ ਹਾਲਤ ਦੇ ਵਿੱਚ ਉਸ ਦਾ ਸਥਾਈ ਹੱਲ ਕੀਤਾ ਜਾਵੇਗਾ। ਵਿਧਾਇਕ ਮੋਹਾਲੀ ਕੁਲਵੰਤ ਸਿੰਘ ਮੁਹਾਲੀ ਇੰਡਸਟਰੀ ਐਸੋਸੀਏਸ਼ਨ ਵਿਖੇ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰ ਰਹੇ ਸਨ। ਪੱਤਰਕਾਰ ਵੱਲੋਂ ਪੁੱਛੇ ਗਏ ਇੱਕ ਸਵਾਲ ਦੇ ਜਵਾਬ ਵਿੱਚ ਵਿਧਾਇਕ ਕੁਲਵੰਤ ਸਿੰਘ ਨੇ ਕਿਹਾ ਕਿ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਲੋਕਾਂ ਦੇ ਵਿੱਚ ਹਾਜ਼ਿਰ ਹੋ ਰਹੇ ਹਨ । ਉਹਨਾਂ ਕਿਹਾ ਕਿ ਲੰਘੀਆਂ ਵਿਧਾਨ ਸਭਾ ਚੌਣਾਂ ਦੇ ਵਿੱਚ ਆਪ ਸੁਪਰੀਮੋ ਅਰਵਿੰਦ ਕੇਜਰੀਵਾਲ ਦੇ ਵਲੋਂ ਜੋ ਗਰੰਟੀਆਂ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵਾਨ ਸਿੰਘ ਮਾਨ ਵਲੋਂ ਜੋ ਵਾਅਦੇਆ ਲੋਕਾਂ ਨਾਲ ਕੀਤੇ ਗਏ ਸਨ , ਉਨ੍ਹਾਂ ਗਰੰਟੀਆ ਅਤੇ ਵਾਦਿਆਂ ਨੂੰ ਅਰਵਿੰਦ ਕੇਜਰੀਵਾਲ ਵੱਲੋਂ ਆਪਣੀਆਂ ਅੱਖਾਂ ਦੇ ਸਾਹਮਣੇ ਪੂਰਾ ਕੀਤਾ ਜਾ ਰਿਹਾ ਹੈ। ਵਿਧਾਇਕ ਕੁਲਵੰਤ ਸਿੰਘ ਨੇ ਕਿਹਾ ਕਿ ਅੱਜ ਮੁਹਾਲੀ ਇੰਡਸਟਰੀ ਐਸੋਸੀਏਸ਼ਨ ਦੀ ਨਵੀਂ ਚੁਣੀ ਗਈ ਟੀਮ ਦੇ ਪ੍ਰਧਾਨ ਬਲਜੀਤ ਸਿੰਘ, ਸੀਨੀਅਰ ਮੀਤ ਪ੍ਰਧਾਨ ਵਿਵੇਕ ਕਪੂਰ ਅਤੇ ਰਾਜੀਵ ਗੁਪਤਾ ਸਮੇਤ ਸਮੁੱਚੀ ਟੀਮ ਦੇ ਆਉਣ ਨਾਲ ਮੋਹਾਲੀ ਦੇ ਵਿੱਚ ਇੰਡਸਟਰੀ ਤਰੱਕੀ ਦੇ ਰਾਹ ਪਵੇਗੀ। ਕਿਉਂਕਿ ਇਸ ਐਸੋਸੀਏਸ਼ਨ ਦੇ ਵੱਲੋਂ ਪੰਜਾਬ ਸਰਕਾਰ ਦੇ ਨਾਲ ਰਾਬਤਾ ਲਗਾਤਾਰ ਬਣਾ ਕੇ ਰੱਖਿਆ ਜਾ ਰਿਹਾ ਹੈ ਅਤੇ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਆਮ ਆਦਮੀ ਪਾਰਟੀ ਦੀ ਸਰਕਾਰ ਪੰਜਾਬ ਦੇ ਵਿੱਚ ਇੰਡਸਟਰੀ ਦੇ ਵਿਸਤਾਰ ਦੇ ਲਈ ਵਚਨਬੱਧ ਹੈ। ਵਿਧਾਇਕ ਕੁਲਵੰਤ ਸਿੰਘ ਨੇ ਕਿਹਾ ਕਿ ਪੰਜਾਬ ਦੇ ਵਿੱਚ ਟੂਰਿਜਮ ਬਹੁਤ ਵੱਧ ਫੁੱਲ ਸਕਦਾ ਸੀ, ਪਰੰਤੂ ਸਮੇਂ ਦੀਆਂ ਸਰਕਾਰਾਂ ਨੇ ਇਸ ਦੇ ਵੱਲ ਰਤਾ ਵੀ ਧਿਆਨ ਨਹੀਂ ਦਿੱਤਾ। ਪ੍ਰੰਤੂ ਹੁਣ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਬਣਦਿਆਂ ਹੀ ਮੋਹਾਲੀ ਦੇ ਵਿੱਚ ਪੰਜਾਬ ਟੂਰਿਜ਼ਮ ਸਮਿਟ ਹੋ ਰਿਹਾ ਹੈ।
ਇਸ ਮੌਕੇ ਤੇ ਗੱਲਬਾਤ ਕਰਦੇ ਹੋਏ ਮੁਹਾਲੀ ਇੰਡਸਟਰੀ ਐਸੋਸੀਏਸ਼ਨ ਦੇ ਪ੍ਰਧਾਨ ਬਲਜੀਤ ਸਿੰਘ ਨੇ ਕਿਹਾ ਕਿ ਅੱਜ ਵੱਡੀ ਗਿਣਤੀ ਦੇ ਵਿੱਚ ਮੁਹਾਲੀ ਦੇ ਉਦਯੋਗਪਤੀ ਮੁਹਾਲੀ ਐਸੋਸੀਏਸ਼ਨ ਦੇ ਭਵਨ ਵਿਖੇ ਬੜੇ ਲੰਮੇ ਅੰਤਰਾਲ ਤੋਂ ਬਾਅਦ ਇਕੱਠੇ ਹੋਏ ਹਨ। ਉਹਨਾਂ ਨੇ ਕਿਹਾ ਕਿ ਅਸੀਂ ਮੁਹਾਲੀ ਇੰਡਸਟਰੀ ਐਸੋਸੀਏਸ਼ਨ ਦੇ ਵੱਲੋਂ ਇੰਡਸਟਰੀ ਏਰੀਆ ਨਾਲ ਸੰਬੰਧਿਤ ਸਮੱਸਿਆਵਾਂ ਦੇ ਬਾਰੇ ਵਿਚ ਵਿਧਾਇਕ ਕੁਲਵੰਤ ਸਿੰਘ ਹੋਰਾਂ ਨੂੰ ਮੰਗ ਪੱਤਰ ਦੇ ਚੁੱਕੇ ਹਾਂ। ਉਹਨਾਂ ਕਿਹਾ ਕਿ ਮੋਹਾਲੀ ਦੇ ਵਿੱਚ ਸਮਾਲ ਸਕੇਲ ਨਾਲ ਸਬੰਧਤ ਕਾਰੋਬਾਰੀਆਂ ਦੀਆਂ ਸਮੱਸਿਆਵਾਂ ਪਹਿਲ ਦੇ ਅਧਾਰ ਤੇ ਹੱਲ ਕੀਤੀਆਂ ਜਾਣਗੀਆਂ, ਜਿਹੜੇ ਉਦਯੋਗਪਤੀ ਆਪਣਾ ਕਾਰਖਾਨਾ ਕਿਰਾਏ ਵਾਲੀ ਜਗ੍ਹਾ ਤੇ ਚਲਾ ਰਹੇ ਹਨ , ਉਹਨਾਂ ਦੇ ਲਈ ਪੰਜਾਬ ਸਰਕਾਰ ਵਾਜਿਵ ਭਾਅ ਤੇ ਪਲਾਟ ਤਕਸੀਮ ਕਰੇ। ਤਾਂ ਕਿ ਉਹ ਆਪਣਾ ਕਾਰਖਾਨਾ ਕਿਰਾਏ ਵਾਲੀ ਜਗ੍ਹਾ ਦੀ ਥਾਂ ਤੇ ਆਪਣੀ ਮਾਲਕੀ ਵਾਲੀ ਜਗਾ ਤੇ ਕਾਰਖਾਨਾ ਚਲਾ ਸਕਣ।
ਇਸ ਮੌਕੇ ਤੇ ਮੁਹਾਲੀ ਇੰਡਸਟਰੀ ਐਸੋਸੀਏਸ਼ਨ ਦੇ ਪ੍ਰਧਾਨ ਬਲਜੀਤ ਸਿੰਘ ਤੋਂ ਇਲਾਵਾ ਮੀਤ ਪ੍ਰਧਾਨ ਮਨਦੀਪ ਸਿੰਘ ਅਤੇ ਮੁਕੇਸ਼ ਬਾਂਸਲ , ਜਨਰਲ ਸਕੱਤਰ ਦਿਲਪ੍ਰੀਤ ਸਿੰਘ ਬੋਪਾਰਾਏ , ਵਿੱਤ ਸਕੱਤਰ ਆਈ.ਐਸ ਛਾਬੜਾ, ਜੁਆਇੰਟ ਸਕੱਤਰ ਤੇ ਕਮਲ ਕੁਮਾਰ ਅਤੇ ਜੇ . ਐਸ ਛਾਬੜਾ, ਕੁਲਦੀਪ ਸਿੰਘ ਸਮਾਣਾ, ਨਰਿੰਦਰ ਸਿੰਘ ਸੰਧੂ , ਜਸਵੰਤ ਸਿੰਘ ਭੁੱਲਰ , ਪਰਦੀਪ ਸਿੰਘ ਭਾਰਜ, ਨੰਬਰਦਾਰ ਹਰ ਸੰਗਤ ਸਿੰਘ ਸੋਹਾਣਾ , ਆਰ ਪੀ ਸ਼ਰਮਾ , ਅਕਵਿੰਦਰ ਸਿੰਘ ਗੋਸਲ ਤੋਂ ਇਲਾਵਾ ਵੱਡੀ ਗਿਣਤੀ ਦੇ ਵਿੱਚ ਮੋਹਾਲੀ ਦੇ ਉਦਯੋਗਪਤੀ ਹਾਜ਼ਰ ਸਨ।























