ਇਮਾਰਤ ਨੂੰ ਅੱਗ ਲੱਗਣ ਕਾਰਨ 43 ਮੌਤਾਂ
ਢਾਕਾ, 1 ਮਾਰਚ (IANS,ਵਿਸ਼ਵ ਵਾਰਤਾ)- ਢਾਕਾ ਦੇ ਬੇਲੀ ਰੋਡ ‘ਤੇ ਵੀਰਵਾਰ ਦੇਰ ਰਾਤ ਛੇ ਮੰਜ਼ਿਲਾ ਵਪਾਰਕ ਇਮਾਰਤ ਨੂੰ ਲੱਗੀ ਭਿਆਨਕ ਅੱਗ ‘ਚ ਘੱਟੋ-ਘੱਟ 43 ਲੋਕਾਂ ਦੀ ਮੌਤ ਹੋ ਗਈ। ਸਿਹਤ ਮੰਤਰੀ ਸਮੰਤਾ ਲਾਲ ਸੇਨ ਨੇ ਦੱਸਿਆ ਕਿ ਮ੍ਰਿਤਕਾਂ ਵਿੱਚੋਂ 33 ਦੀ ਮੌਤ ਢਾਕਾ ਮੈਡੀਕਲ ਕਾਲਜ ਹਸਪਤਾਲ ਵਿੱਚ ਅਤੇ 10 ਦੀ ਮੌਤ ਸ਼ੇਖ ਹਸੀਨਾ ਨੈਸ਼ਨਲ ਇੰਸਟੀਚਿਊਟ ਆਫ਼ ਬਰਨ ਐਂਡ ਪਲਾਸਟਿਕ ਸਰਜਰੀ ਵਿੱਚ ਹੋਈ। ਉਨ੍ਹਾਂ ਕਿਹਾ ਕਿ ਬੁਰੀ ਤਰ੍ਹਾਂ ਝੁਲਸ ਗਏ 22 ਤੋਂ ਵੱਧ ਲੋਕ ਆਪਣੀ ਜਾਨ ਬਚਾਉਣ ਲਈ ਜੂਝ ਰਹੇ ਹਨ। ਗ੍ਰੀਨ ਕੋਜ਼ੀ ਕਾਟੇਜ ਸ਼ਾਪਿੰਗ ਮਾਲ ਤੋਂ ਬੇਹੋਸ਼ੀ ਦੀ ਹਾਲਤ ਵਿਚ 42 ਲੋਕਾਂ ਸਮੇਤ ਲਗਭਗ 75 ਲੋਕਾਂ ਨੂੰ ਬਚਾਇਆ ਗਿਆ। ਇਹ ਅੱਗ ਰਾਤ ਕਰੀਬ 9:50 ਵਜੇ ਲੱਗੀ। ਦੋ ਘੰਟੇ ਬਾਅਦ ਅੱਗ ਤੇ ਕਾਬੂ ਪਾਇਆ ਗਿਆ।