ਇਮਰਾਨ ਖਾਨ ‘ਤੇ ਹੋਈ ਫਾਇਰਿੰਗ ਦਾ ਮਾਮਲਾ
ਹਮਲਾਵਰ ਨੇ ਕੀਤਾ ਕਬੂਲ ; ਸਾਬਕਾ ਪੀਐਮ ਨੂੰ ਮਾਰਨਾ ਚਾਹੁੰਦਾ ਸੀ
ਪੜ੍ਹੋ, ਗ੍ਰਿਫਤਾਰ ਦੋਸ਼ੀ ਦਾ ਕਬੂਲਨਾਮਾ
ਚੰਡੀਗੜ੍ਹ, 4ਨਵੰਬਰ(ਵਿਸ਼ਵ ਵਾਰਤਾ)- ਬੀਤੇ ਦਿਨ ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਦੇ ਲਾਂਗ ਮਾਰਚ ਦੌਰਾਨ ਇੱਕ ਵਿਅਕਤੀ ਨੇ ਫਾਇਰਿੰਗ ਕੀਤੀ। ਗੋਲੀ ਚਲਾਉਣ ਵਾਲੇ ਵਿਅਕਤੀ ਨੂੰ ਤੁਰੰਤ ਗ੍ਰਿਫਤਾਰ ਕਰ ਲਿਆ ਗਿਆ। ਪੁਲਿਸ ਨੇ ਅਜੇ ਤੱਕ ਉਸਦੇ ਸਹੀ ਨਾਮ ਬਾਰੇ ਜਾਣਕਾਰੀ ਨਹੀਂ ਦਿੱਤੀ ਹੈ। ਕੁਝ ਰਿਪੋਰਟਾਂ ‘ਚ ਉਸ ਦਾ ਨਾਂ ਫੈਸਲ ਅਤੇ ਕੁਝ ‘ਚ ਜਾਵੇਦ ਇਕਬਾਲ ਦੱਸਿਆ ਗਿਆ ਹੈ। ਪਾਕਿਸਤਾਨ ਦੇ ਕਈ ਸੀਨੀਅਰ ਪੱਤਰਕਾਰਾਂ ਨੇ ਇਸ ਹਮਲਾਵਰ ਦੇ ਪੁਲਿਸ ਹਿਰਾਸਤ ਵਿੱਚ ਦਿੱਤੇ ਬਿਆਨ ਦੀ ਵੀਡੀਓ ਸਾਂਝੀ ਕੀਤੀ ਹੈ। ਇਸ ‘ਚ ਦੋਸ਼ੀ ਨੇ ਦੱਸਿਆ ਕਿ ਉਹ ਇਕੱਲਾ ਹੀ ਹਮਲਾ ਕਰਨ ਆਇਆ ਸੀ। ਉਹ ਇਮਰਾਨ ਨੂੰ ਮਾਰਨਾ ਚਾਹੁੰਦਾ ਸੀ, ਕਿਉਂਕਿ ਖਾਨ ਦੇ ਲਾਂਗ ਮਾਰਚ ਵਿੱਚ ਅਜ਼ਾਨ ਦੌਰਾਨ ਵੀ ਡੈੱਕ (ਡੀਜੇ) ਵੱਜਦਾ ਰਹਿੰਦਾ ਸੀ। ਪੁਲਿਸ ਨੇ ਅਜੇ ਤੱਕ ਇਸ ਬਾਰੇ ਅਧਿਕਾਰਤ ਤੌਰ ‘ਤੇ ਕੋਈ ਜਾਣਕਾਰੀ ਨਹੀਂ ਦਿੱਤੀ ਹੈ।
ਦੋਸ਼ੀ ਨੇ ਕਿਹਾ, ‘ਇਮਰਾਨ ਲੋਕਾਂ ਨੂੰ ਗੁੰਮਰਾਹ ਕਰ ਰਿਹਾ ਸੀ, ਇਹ ਮੇਰੇ ਤੋਂ ਨਹੀਂ ਦੇਖਿਆ ਗਿਆ। ਮੈਂ ਇਮਰਾਨ ਨੂੰ ਮਾਰਨ ਦੀ ਪੂਰੀ ਕੋਸ਼ਿਸ਼ ਕੀਤੀ। ਮੈਂ ਬਸ ਉਨ੍ਹਾਂ ਨੂੰ ਮਾਰਨਾ ਚਾਹੁੰਦਾ ਸੀ। ਖਾਨ ਦੇ ਲਾਂਗ ਮਾਰਚ ਦੌਰਾਨ, ਅਜ਼ਾਨ ਦੌਰਾਨ, ਡੈੱਕ (ਡੀਜੇ) ਵੱਜਦਾ ਸੀ, ਲੋਕ ਰੌਲਾ ਪਾਉਂਦੇ ਸਨ। ਮੈਨੂੰ ਇਹ ਗੱਲ ਚੰਗੀ ਨਹੀਂ ਲੱਗੀ।’























