ਇਤਿਹਾਸਕ ਕਿਸਾਨ ਅੰਦੋਲਨ
ਜੰਤਰ-ਮੰਤਰ ਤੇ ਕਿਸਾਨ ਸੰਸਦ ਦਾ ਅੱਜ ਹੈ ਦੂਜਾ ਦਿਨ
ਨਵੀਂ ਦਿੱਲੀ, 23ਜੁਲਾਈ(ਵਿਸ਼ਵ ਵਾਰਤਾ)- ਇਤਿਹਾਸਕ ਕਿਸਾਨ ਅੰਦੋਲਨ ਜੋ ਕਿ ਖੇਤੀ ਕਾਨੂੰਨਾਂ ਦੇ ਵਿਰੁੱਧ ਲਗਾਤਾਰ ਜਾਰੀ ਹੈ, ਉਸਦਾ ਨਵਾਂ ਅਧਿਆਇ ਵੀਰਵਾਰ ਯਾਨਿ ਕਿ 22ਜੁਲਾਈ ਨੂੰ ਸ਼ੁਰੂ ਹੋ ਗਿਆ ਹੈ। ਅੰਦੋਲਨਕਾਰੀ ਕਿਸਾਨਾਂ ਨੇ ਜੰਤਰ-ਮੰਤਰ ਤੇ ਕਿਸਾਨ ਸੰਸਦ ਦੀ ਸ਼ੁਰੂਆਤ ਕੀਤੀ ਹੈ ,ਜਿਸਦਾ ਅੱਜ ਦੂਜਾ ਦਿਨ ਹੈ।

ਦੱਸ ਦੱਈਏ ਕਿ ਕਿਸਾਨਾਂ ਨੇ ਦਿੱਲੀ ਵਿੱਚ ਜੰਤਰ-ਮੰਤਰ ਦੇ ਨੇੜੇ ਮਾਨਸੂਨ ਇਜਲਾਸ ਦੀ ਤਰ੍ਹਾਂ ਹੀ ਇੱਕ ਕਿਸਾਨ ਸੰਸਦ ਦੀ ਸ਼ੁਰੂਆਤ ਕੀਤੀ ਹੈ। ਕਿਸਾਨਾਂ ਦੀ ਸੰਸਦ ਦਾ ਅੱਜ ਦੂਜਾ ਦਿਨ ਹੈ ਅਤੇ 200 ਕਿਸਾਨ ਜੰਤਰ-ਮੰਤਰ ਵਿਖੇ ਪਹੁੰਚੇ ਹਨ। ਕਿਸਾਨਾਂ ਨੂੰ ਸਿੰਘੂ ਸਰਹੱਦ ਤੋਂ ਜੰਤਰ-ਮੰਤਰ ਵਿਖੇ ਦਿੱਲੀ ਪੁਲਿਸ ਦੀਆਂ ਚਾਰ ਬੱਸਾਂ ਵਿੱਚ ਲਿਆਂਦਾ ਗਿਆ । ਕਿਸਾਨ ਸੰਸਦ ਸ਼ੁਰੂ ਕਰਨ ਤੋਂ ਪਹਿਲਾਂ ਹੀ ਕਿਸਾਨ ਆਗੂਆਂ ਨੇ ਕਿਹਾ ਸੀ ਕਿ ਕਿਸਾਨ ਸ਼ਾਂਤਮਈ ਢੰਗ ਨਾਲ ਵਿਰੋਧ ਪ੍ਰਦਰਸ਼ਨ ਕਰਨਗੇ।
ਕਿਸਾਨ ਜਥੇਬੰਦੀਆਂ ਦੇ ਅਨੁਸਾਰ ਜਦੋਂ ਤੱਕ ਸੰਸਦ ਦਾ ਮਾਨਸੂਨ ਇਜਲਾਸ ਚੱਲਦਾ ਰਹੇਗਾ, ਉਹ ਹਰ ਰੋਜ਼ ਇੱਥੇ ਕਿਸਾਨ ਸੰਸਦ ਦਾ ਆਯੋਜਨ ਕਰਨਗੇ। ਜੰਤਰ-ਮੰਤਰ ਤੇ ਦਿੱਲੀ ਪੁਲਿਸ ਨੇ ਸਿਰਫ 200 ਕਿਸਾਨਾਂ ਨੂੰ ਵਿਰੋਧ ਪ੍ਰਦਰਸ਼ਨ ਕਰਨ ਦੀ ਆਗਿਆ ਦਿੱਤੀ ਹੈ। ਇਹ ਕਿਸਾਨ ਸਵੇਰੇ 11 ਵਜੇ ਤੋਂ ਸ਼ਾਮ 5 ਵਜੇ ਤੱਕ ਪ੍ਰਦਰਸ਼ਨ ਕਰ ਸਕਣਗੇ।























