ਸਾਲ 2019-20 ਦੌਰਾਨ 396 ਸਿਖਿਆਰਥੀਆਂ ਨੂੰ ਵੱਖ-ਵੱਖ ਕੋਰਸਾਂ ਦੀ ਕਰਵਾਈ ਜਾ ਚੁੱਕੀ ਹੈ ਸਿਖਲਾਈ
ਵਿੱਤੀ ਵਰੇ ਦੌਰਾਨ 475 ਨਵੇਂ ਹੋਰ ਸਿਖਿਆਰਥੀਆਂ ਨੂੰ ਵੱਖ-ਵੱਖ ਕੋਰਸ ਕਰਵਾਉਣ ਦਾ ਮਿੱਥਿਆ ਟੀਚਾ
ਬਠਿੰਡਾ, 26 ਜੂਨ (ਵਿਸ਼ਵ ਵਾਰਤਾ):
ਸਟੇਟ ਬੈਂਕ ਆਫ਼ ਇੰਡੀਆ ਪੇਂਡੂ ਸਵੈ ਰੁਜ਼ਗਾਰ ਸਿਖਲਾਈ ਸੰਸਥਾ (ਆਰ.ਸੇਟੀ) ਦੇ ਚੇਅਰਮੈਨ-ਕਮ-ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸ਼੍ਰੀ ਪਰਮਵੀਰ ਸਿੰਘ ਦੀ ਪ੍ਰਧਾਨਗੀ ਹੇਠ ਜ਼ਿਲਾ ਪ੍ਰੀਸਦ ਵਿਖੇ ਤਿਮਾਹੀ ਮੀਟਿੰਗ ਹੋਈ। ਇਸ ਦੌਰਾਨ ਵੱਖ-ਵੱਖ ਵਿਭਾਗਾਂ ਦੇ ਨੁਮਾਇੰਦਿਆਂ ਵਲੋਂ ਸਮੂਲੀਅਤ ਕੀਤੀ ਗਈ। ਮੀਟਿੰਗ ਦੌਰਾਨ ਆਰ.ਸੇਟੀ ਦੁਆਰਾ ਉਲੀਕੇ ਗਏ ਮੁਫ਼ਤ ਸਿਖਲਾਈ ਪ੍ਰੋਗਰਾਮ ਬਾਰੇ ਵਿਚਾਰ-ਵਟਾਂਦਰਾ ਕੀਤਾ ਗਿਆ। ਇਸ ਮੌਕੇ ਉਨਾਂ ਜਿੱਥੇ ਪਹਿਲਾ ਚੱਲ ਰਹੇ ਪ੍ਰੋਗਰਾਮ ਦੀ ਸਮੀਖਿਆ ਕੀਤੀ ਉੱਥੇ ਅਧਿਕਾਰੀਆਂ ਨੂੰ ਕੁਝ ਹੋਰ ਨਵੇਂ ਸਿਖਲਾਈ ਪ੍ਰੋਗਰਾਮ ਸ਼ਾਮਲ ਕਰਨ ਦੇ ਵੀ ਉਦੇਸ਼ ਦਿੱਤੇ ਗਏ।
ਆਰ.ਸੇਟੀ ਦੇ ਚੇਅਰਮੈਨ ਸ਼੍ਰੀ ਪਰਮਵੀਰ ਸਿੰਘ ਨੇ ਦੱਸਿਆ ਕਿ ਆਰ.ਸੇਟੀ ਦੁਆਰਾ ਪਿੰਡਾਂ ਵਿਚ ਬੇਰੁਜ਼ਗਾਰ ਲੜਕੇ ਅਤੇ ਲੜਕੀਆਂ ਲਈ ਜਿਨਾਂ ਦੀ ਉਮਰ 18 ਤੋਂ 45 ਸਾਲ ਤੱਕ ਹੈ, ਨੂੰ ਸਵੈ ਰੁਜ਼ਗਾਰ ਦੀ ਮੁਫ਼ਤ ਸਿਖਲਾਈ ਦਿੱਤੀ ਜਾਂਦੀ ਹੈ। 6 ਦਿਨਾਂ ਤੋਂ ਲੈ ਕੇ 30 ਦਿਨਾਂ ਤੱਕ ਦਿੱਤੀ ਜਾਣ ਵਾਲੀ ਇਸ ਮੁਫ਼ਤ ਸਿਖਲਾਈ ਦੌਰਾਨ ਟੇ੍ਰਨਿੰਗ ਲੈਣ ਵਾਲੇ ਸਿਖਿਆਰਥੀਆਂ ਨੂੰ ਆਉਣ ਜਾਣ ਲਈ ਬੱਸ ਪਾਸ ਅਤੇ ਖਾਣੇ ਦੀ ਵੀ ਮੁਫ਼ਤ ਸਹੂਲਤ ਮੁਹੱਈਆ ਕਰਵਾਈ ਜਾ ਰਹੀ ਹੈ।
ਇਸ ਮੌਕੇ ਆਰ.ਸੇਟੀ ਦੇ ਡਾਇਰੈਕਟਰ ਸ. ਸੁਰਿੰਦਰ ਸਿੰਘ ਨੇ ਦੱਸਿਆ ਕਿ ਸਾਲ 2019-20 ਦੌਰਾਨ 396 ਸਿਖਿਆਰਥੀਆਂ ਨੂੰ ਵੱਖ-ਵੱਖ ਕੋਰਸਾਂ ਦੀ ਸਿਖਲਾਈ ਕਰਵਾਈ ਜਾ ਚੁੱਕੀ ਹੈ। ਵਿੱਤੀ ਵਰੇ ਦੌਰਾਨ 9 ਵੱਖ-ਵੱਖ ਕੈਂਪਾਂ ਦਾ ਆਯੋਜਨ ਕਰਕੇ 475 ਨਵੇਂ ਹੋਰ ਸਿਖਿਆਰਥੀਆਂ ਨੂੰ ਵੱਖ-ਵੱਖ ਕੋਰਸ ਕਰਵਾਉਣ ਦਾ ਟੀਚਾ ਮਿੱਥਿਆ ਗਿਆ ਹੈ। ਉਨਾਂ ਦੱਸਿਆ ਕਿ ਇਨਾਂ ਕੋਰਸਾਂ ਦੌਰਾਨ ਜੁਲਾਈ ਮਹੀਨੇ ਵਿਚ ਪ੍ਰਧਾਨ ਮੰਤਰੀ ਰੁਜ਼ਗਾਰ ਜਨਰੇਸ਼ਨ ਪ੍ਰੋਗਰਾਮ ਤਹਿਤ, ਪਸ਼ੂ ਪਾਲਣ ਸਬੰਧੀ ਸਿਖਲਾਈ ਤੇ ਅਗਸਤ ਮਹੀਨੇ ਦੌਰਾਨ ਸ਼ਾਪ ਕੀਪਰ ਸਬੰਧੀ ਸਿਖਲਾਈ ਅਤੇ ਬਿਊਟੀ ਪਾਰਲਰ ਮੈਨੇਜਮੈਂਟ ਸਬੰਧੀ ਸਿਖਲਾਈ ਅਤੇ ਇਸੇ ਤਰਾਂ ਸਤੰਬਰ ਮਹੀਨੇ ਦੌਰਾਨ ਸਿਲਾਈ ਕਢਾਈ ਤੇ ਪੇਂਟਿੰਗ ਅਤੇ ਅਚਾਰ, ਚਟਨੀਆਂ ਮੁਰੱਬੇ ਬਣਾਉਣ ਸਬੰਧੀ ਮੁਫ਼ਤ ਸਿਖਲਾਈ ਦਿੱਤੀ ਜਾਵੇਗੀ।






















