ਆਮਦਨ ਕਰ ਦੇ ਛਾਪਿਆਂ ਖਿਲਾਫ ਆੜ੍ਹਤੀਆਂ ਵੱਲੋਂ ਚਾਰ ਦਿਨਾਂ ਦੀ ਹੜਤਾਲ ਸ਼ੁਰੂ
ਹੜਤਾਲ ਕਾਰਨ ਮੰਡੀਆਂ ਹੋਈਆਂ ਸੁੰਨੀਆਂ
ਕਿਸਾਨ ਅੰਦੋਲਨ ਦੀ ਹਮਾਇਤ ਕਰਨ ਕਾਰਨ ਹੋ ਰਹੀ ਹੈ ਛਾਪੇਮਾਰੀ
ਕਿਸਾਨਾਂ ਦਾ ਸਮਰਥਨ ਜਾਰੀ ਰਹੇਗਾ-ਆੜ੍ਹਤੀ ਐਸੋਸੀਏਸ਼ਨ

ਚੰਡੀਗੜ੍ਹ, 22 ਦਸੰਬਰ(ਵਿਸ਼ਵ ਵਾਰਤਾ)- ਆਮਦਨ ਕਰ ਦੇ ਅਧਿਕਾਰੀਆਂ ਦੁਆਰਾ ਕੁਝ ਆੜ੍ਹਤੀਆਂ ਦੇ ਖਿਲਾਫ ਕੀਤੀ ਗਈ ਛਾਪੇਮਾਰੀ ਦੇ ਖਿਲਾਫ ਖਫਾ ਹੋਏ ਆੜ੍ਹਤੀਆਂ ਨੇ ਪੰਜਾਬ ਭਰ ਵਿੱਚ ਚਾਰ ਦਿਨਾਂ ਲਈ ਆਪਣੀਆਂ ਦੁਕਾਨਾਂ ਬੰਦ ਕਰਨ ਦਾ ਫੈਸਲਾ ਕੀਤਾ ਹੈ। ਅੱਜ ਤੋਂ ਸ਼ੁਰੂ ਹੋਈ ਚਾਰ ਦਿਨਾਂ ਦੀ ਹੜਤਾਲ ਦੇ ਪਹਿਲੇ ਦਿਨ ਪੂਰੇ ਪੰਜਾਬ ਦੀਆਂ ਦਾਣਾ ਮੰਡੀਆਂ ਸੁੰਨੀਆਂ-ਸੁੰਨੀਆਂ ਵਿਖਾਈ ਦੇ ਰਹੀਆਂ ਹਨ।
ਰੋਸ ਵੱਜੋਂ ਕੀਤੀ ਜਾ ਰਹੀ ਇਸ ਹੜਤਾਲ ਬਾਰੇ ਆੜ੍ਹਤੀ ਐਸੋਸੀਏਸ਼ਨ ਦੇ ਬੁਲਾਰੇ ਨੇ ਦੱਸਿਆ ਕਿ ਸਾਡੇ ਖਿਲਾਫ ਇਹ ਕਾਰਵਾਈ ਕੇਂਦਰ ਸਰਕਾਰ ਵੱਲੋਂ ਕਿਸਾਨ ਅੰਦੋਲਨ ਦੀ ਹਮਾਇਤ ਕਰਨ ਤੇ ਬਦਲੇ ਵੱਜੋਂ ਕੀਤੀ ਜਾ ਰਹੀ ਹੈ। ਉਹਨਾਂ ਕਿਹਾ ਕਿ ਕੇਂਦਰ ਸਰਕਾਰ ਜੋ ਮਰਜੀ ਕਰ ਲਵੇ ਪਰ ਉਹ ਆਪਣੇ ਅੰਨਦਾਤਿਆਂ ਦੀ ਮੱਦਦ ਕਰਦੇ ਰਹਿਣਗੇ। ਉਨ੍ਹਾਂ ਕਿਹਾ ਕਿ ਜੇਕਰ ਇਹ ਛਾਪੇਮਾਰੀ ਤੁਰੰਤ ਬੰਦ ਨਾ ਕੀਤੀ ਗਈ ਤਾਂ ਐਸੋਸੀਏਸ਼ਨ ਕੋਈ ਸਖ਼ਤ ਕਦਮ ਚੁੱਕਣ ਲਈ ਮਜ਼ਬੂਰ ਹੋਵੇਗੀ।






















