-ਪੰਜਾਬ ਦੇ ਹਿੱਤਾਂ ਲਈ ‘ਆਪ’ ‘ਚ ਸ਼ਾਮਲ ਹੋਣਗੀਆਂ ਕਾਫ਼ੀ ਨਾਮਵਰ ਹਸਤੀਆਂ-ਭਗਵੰਤ ਮਾਨ
ਚੰਡੀਗੜ੍ਹ, 6 ਅਕਤੂਬਰ 2020 ( ਵਿਸ਼ਵ ਵਾਰਤਾ )-ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਸੂਬਾ ਪ੍ਰਧਾਨ ਅਤੇ ਸੰਸਦ ਮੈਂਬਰ ਭਗਵੰਤ ਮਾਨ, ਪੰਜਾਬ ਮਾਮਲਿਆਂ ਦੇ ਇੰਚਾਰਜ ਅਤੇ ਦਿੱਲੀ ਤੋਂ ਵਿਧਾਇਕ ਜਰਨੈਲ ਸਿੰਘ ਅਤੇ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਨੇ ਜਸਵਿੰਦਰ ਸਿੰਘ ਨੂੰ ਰਸਮੀ ਤੌਰ ਪਾਰਟੀ ‘ਚ ਸ਼ਾਮਲ ਕੀਤਾ। ਇਸ ਮੌਕੇ ਸੂਬਾ ਜਨਰਲ ਸਕੱਤਰ ਹਰਚੰਦ ਸਿੰਘ ਬਰਸਟ ਅਤੇ ਸੂਬਾ ਖ਼ਜ਼ਾਨਚੀ ਨੀਨਾ ਮਿੱਤਲ ਵੀ ਹਾਜ਼ਰ ਸਨ।
ਪਾਰਟੀ ‘ਚ ਸ਼ਾਮਲ ਹੋਏ ਜਸਵਿੰਦਰ ਸਿੰਘ ਰੰਗਰੇਟਾ ਰਾਮਦਾਸ ਨੇ ਆਪਣੇ ਬਾਰੇ ਦੱਸਦਿਆਂ ਕਿਹਾ ਕਿ ਉਹ ਜ਼ਿਲ੍ਹਾ ਅੰਮਿ੍ਰਤਸਰ ਦੇ ਹਲਕਾ ਅਟਾਰੀ ਨਾਲ ਸੰਬੰਧਿਤ ਹਨ ਅਤੇ ਉਹ ਵਧੀਕ ਕਮਿਸ਼ਨਰ ਰਿਟਾਇਰ, ਸਾਬਕਾ ਪੰਜਾਬ ਕਾਂਗਰਸ ਕਮੇਟੀ ਦੇ ਕਾਰਜਕਾਰੀ ਮੈਂਬਰ ਅਤੇ ਸਾਬਕਾ ਪੰਜਾਬ ਕਾਂਗਰਸ ਦੇ ਕਿਸਾਨ ਅਤੇ ਮਜ਼ਦੂਰ ਵਿੰਗ ਦੇ ਉਪ ਪ੍ਰਧਾਨ ਵਜੋਂ ਜ਼ਿੰਮੇਵਾਰੀ ਨਿਭਾ ਚੁੱਕੇ ਹਨ।
ਭਗਵੰਤ ਮਾਨ ਕਿਹਾ ਕਿ ਪੰਜਾਬ ਨੂੰ ਮੁੜ ਖ਼ੁਸ਼ਹਾਲ ਬਣਾਉਣ ਦੀ ਸੋਚ ਰੱਖਣ ਵਾਲੀਆਂ ਵੱਖ-ਵੱਖ ਖੇਤਰਾਂ ਨਾਲ ਸੰਬੰਧਿਤ ਕਾਫ਼ੀ ਨਾਮਵਰ ਹਸਤੀਆਂ ਆਉਣ ਵਾਲੇ ਦਿਨਾਂ ‘ਚ ਆਮ ਆਦਮੀ ਪਾਰਟੀ ਦਾ ਹਿੱਸਾ ਬਣ ਰਹੀਆਂ ਹਨ। ਉਨ੍ਹਾਂ ਕਿਹਾ ਕਿ ਪੰਜਾਬ ਦੇ ਹਿੱਤ ਬਚਾਉਣ ਲਈ ਬਿਨਾਂ ਕਿਸੇ ਸ਼ਰਤ ‘ਆਪ’ ‘ਚ ਸ਼ਾਮਲ ਹੋਣ ਵਾਲੇ ਜਸਵਿੰਦਰ ਸਿੰਘ ਨੂੰ ਪਾਰਟੀ ‘ਚ ਪੂਰਾ ਮਾਨ ਸਨਮਾਨ ਦਿੱਤਾ ਜਾਵੇਗਾ।