‘ਆਪ’ ਦੀ ਨਵੀਂ ਸਰਕਾਰ ਵਿੱਚ ਇਹਨਾਂ ਵਿਧਾਇਕਾਂ ਨੂੰ ਮਿਲ ਸਕਦੀ ਹੈ ਕੈਬਨਿਟ ਵਿੱਚ ਜਗ੍ਹਾ
ਕੀ ਸੰਗਰੂਰ ਤੋਂ ਹੀ ਬਣਾਏ ਜਾ ਸਕਦੇ ਹਨ ਇੰਨੇ ਮੰਤਰੀ?
ਚੰਡੀਗੜ੍ਹ,12 ਮਾਰਚ (ਬਰਿੰਦਰ ਪੰਨੂੰ)- ਪੰਜਾਬ ਦੀਆਂ ਵਿਧਾਨ ਸਭਾ ਚੋਣਾਂ ਵਿੱਚ ਪੁਰਾਣੀਆਂ ਰਿਵਾਇਤੀ ਪਾਰਟੀਆਂ ਨੂੰ ਪਛਾੜਦੇ ਹੋਏ ਸੱਤਾ ਹਾਸਲ ਕਰਨ ਵਾਲੀ ਆਮ ਆਦਮੀ ਪਾਰਟੀ ਦੀ ਨਵੀਂ ਕੈਬਨਿਟ ਨੂੰ ਲੈ ਕੇ ਹੁਣ ਤੋਂ ਹੀ ਚਰਚੇ ਜੋਰਾਂ ਤੇ ਹਨ। ਜਿੱਥੇ ਪਾਰਟੀ ਦੇ ਕਈ ਵਿਧਾਇਕ ਦੂਜੀ ਵਾਰ ਜਿੱਤ ਕੇ ਵਿਧਾਨ ਸਭਾ ਪਹੁੰਚੇ ਹਨ,ਉੱਥੇ ਹੀ ਪਹਿਲੀ ਵਾਰ ਜਿੱਤਣ ਵਾਲਿਆਂ ਵਿੱਚ ਹੀ ਕਈ ਅਜਿਹੇ ਹਨ,ਜਿਹਨਾਂ ਨੇ ਦੂਜੀਆਂ ਪਾਰਟੀਆਂ ਦੇ ਮੁੱਖ ਮੰਤਰੀ ਉਮੀਦਵਾਰਾਂ ਤੋਂ ਲੈ ਕੇ ਸਾਬਕਾ ਮੁੱਖ ਮੰਤਰੀਆਂ ਅਤੇ ਮੰਤਰੀਆਂ ਨੂੰ ਹਰਾਇਆ ਹੈ। ਜਿਹੜੇ ਚਿਹਰੇ ਕੈਬਨਿਟ ਦੀ ਸੀਟ ਹਾਸਲ ਕਰਨ ਵਾਲਿਆਂ ਦੀ ਦੌੜ ਵਿੱਚ ਅਗਲਿਆਂ ਵਿੱਚ ਸ਼ਾਮਿਲ ਹਨ ਉਹਨਾਂ ਵਿੱਚ ਸਭ ਤੋਂ ਪਹਿਲਾਂ ਦਿੜ੍ਹਬਾ ਤੋਂ ਲਗਾਤਾਰ ਦੂਜੀ ਵਾਰ ਵਿਧਾਇਕ ਬਣੇ ਅਤੇ ਪਿਛਲੀ ਕਾਂਗਰਸ ਸਰਕਾਰ ਵਿੱਚ ਵਿਰੋਧੀ ਧਿਰ ਦੇ ਨੇਤਾ ਹਰਪਾਲ ਚੀਮਾ ਅਤੇ ਬੁਡਲਾਢਾ ਤੋਂ ਦੂਜੀ ਵਾਰ ਵਿਧਾਇਕ ਚੁਣੇ ਗਏ ਪ੍ਰਿੰਸੀਪਲ ਬੁੱਧ ਰਾਮ,ਕੋਟਕਪੂਰਾ ਤੋਂ ਵਿਧਾਇਕ ਕੁਲਤਾਰ ਸਿੰਘ ਸੰਧਵਾਂ,ਸੁਨਾਮ ਤੋਂ ਅਮਨ ਅਰੋੜਾ,ਜਗਰਾਓਂ ਤੋਂ ਸਰਵਜੀਤ ਕੌਰ ਮਾਣੂੰਕੇ,ਤਲਵੰਡੀ ਸਾਬੋ ਤੋਂ ਪ੍ਰੋਫੈਸਰ ਬਲਜਿੰਦਰ ਕੌਰ,ਬਰਨਾਲਾ ਤੋਂ ਗੁਰਮੀਤ ਸਿੰਘ ਮੀਤ ਹੇਅਰ ਅਤੇ ਅੰਮ੍ਰਿਤਸਰ ਉੱਤਰੀ ਤੋਂ ਕੁੰਵਰ ਵਿਜੇ ਪ੍ਰਤਾਪ ਸਿੰਘ ਸ਼ਾਮਲ ਹਨ। ਇਹਨਾਂ ਤੋਂ ਇਲਾਵਾ ਸਾਬਕਾ ਮੁੱਖ ਮੰਤਰੀ ਚੰਨੀ ਨੂੰ ਉਹਨਾਂ ਦੀ ਜੱਦੀ ਸੀਟ ਤੋਂ ਹਰਾਉਣ ਵਾਲੇ ਡਾ.ਚਰਨਜੀਤ ਸਿੰਘ ਅਤੇ ਲੰਬੀ ਤੋਂ ਪ੍ਰਕਾਸ਼ ਸਿੰਘ ਬਾਦਲ ਨੂੰ ਹਰਾਉਣ ਵਾਲੇ ਗੁਰਮੀਤ ਸਿੰਘ ਖੁੱਡੀਆਂ ਨੂੰ ਵੀ ਕੈਬਨਿਟ ਵਿੱਚ ਜਗ੍ਹਾ ਮਿਲ ਸਕਦੀ ਹੈ। ਕਾਂਗਰਸ ਪ੍ਰਧਾਨ ਨਵਜੋਤ ਸਿੱਧੂ ਅਤੇ ਅਕਾਲੀ ਦਲ ਦੇ ਬਿਕਰਮ ਮਜੀਠੀਆ ਵਰਗੇ ਦੋ ਦਿੱਗਜ਼ਾਂ ਨੂੰ ਅੰਮ੍ਰਿਤਸਰ ਪੂਰਬੀ ਤੋਂ ਹਰਾ ਕੇ ਵਿਧਾਨ ਸਭਾ ਵਿੱਚ ਪਹੁੰਚਣ ਵਾਲੀ ਜੀਵਨ ਜੋਤ ਕੌਰ ਵੀ ਇਸ ਦੌੜ ਵਿੱਚ ਸ਼ਾਮਿਲ ਹੋ ਗਈ ਹੈ।
ਮੰਤਰੀ ਚੁਣਨ ਤੋਂ ਇਲਾਵਾ ਆਮ ਆਦਮੀ ਪਾਰਟੀ ਦੇ ਸਾਹਮਣੇ ਵਿਧਾਨ ਸਭਾ ਦਾ ਸਪੀਕਰ ਅਤੇ ਡਿਪਟੀ ਸਪੀਕਰ ਚੁਣਨ ਦੀ ਵੀ ਚੁਣੌਤੀ ਹੈ। ਪਹਿਲਾਂ ਵਾਲੀਆਂ ਸਰਕਾਰਾਂ ਵਿੱਚ ਅਕਸਰ ਹੀ 2 ਜਾਂ 3 ਵਾਰ ਚੋਣ ਜਿੱਤਣ ਵਾਲੇ ਵਿਧਾਇਕ ਨੂੰ ਇਹ ਅਹੁਦਾ ਦੇ ਦਿੱਤਾ ਜਾਂਦਾ ਸੀ। ਪਰ,ਆਮ ਆਦਮੀ ਪਾਰਟੀ ਕੋਲ ਅਜਿਹਾ ਕੋਈ ਚਿਹਰਾ ਨਹੀਂ ਹੈ। ਇਸ ਤੋਂ ਇਲਾਵਾ ਇਹ ਵੀ ਜਿਕਰਯੋਗ ਹੈ ਕਿ ਹਰਪਾਲ ਚੀਮਾ,ਅਮਨ ਅਰੋੜਾ ਅਤੇ ਖੁਦ ਭਗਵੰਤ ਮਾਨ ਸੰਗਰੂਰ ਜ਼ਿਲ੍ਹੇ ਦੀਆਂ ਸੀਟਾਂ ਤੋਂ ਜਿੱਤ ਕੇ ਵਿਧਾਨ ਸਭਾ ਵਿੱਚ ਪਹੁੰਚੇ ਹਨ। ਅਜਿਹੇ ਵਿੱਚ ਇੱਕੋ ਹੀ ਜ਼ਿਲ੍ਹੇ ਤੋਂ ਇਕੋ ਸਮੇਂ ਤੇ ਇਹਨਾਂ ਸਭ ਨੂੰ ਕੈਬਨਿਟ ਵਿੱਜ ਜਗ੍ਹਾ ਦੇਣ ਤੋਂ ਪਹਿਲਾਂ ਆਮ ਆਦਮੀ ਪਾਰਟੀ ਜਰੂਰ ਸੋਚੇਗੀ।