-ਪਾਰਟੀ ਵਰਕਰ ਰੀੜ ਦੀ ਹੱਡੀ, ਵਰਕਰਾਂ ਦੀ ਮਿਹਨਤ ਨਾਲ ਪੰਜਾਬ ‘ਚ ਬਣੇਗੀ ‘ਆਪ’ ਦੀ ਸਰਕਾਰ : ਜਰਨੈਲ ਸਿੰਘ
-2022 ਦੀਆਂ ਚੋਣਾਂ ‘ਚ ਹੋਵੇਗਾ ਜੰਗਲ ਰਾਜ ਦਾ ਖਤਮਾ : ਹਰਪਾਲ ਸਿੰਘ ਚੀਮਾ
ਲੁਧਿਆਣਾ, 7 ਜਨਵਰੀ 2021( ਵਿਸ਼ਵ ਵਾਰਤਾ )-ਬੀਤੇ ਦਿਨੀਂ ਵਾਪਰੇ ਇਕ ਸੜਕ ਹਾਦਸੇ ਵਿੱਚ ਜ਼ਖਮੀ ਹੋਈ ਆਮ ਆਦਮੀ ਪਾਰਟੀ (ਆਪ) ਜ਼ਿਲ੍ਹਾ ਲੁਧਿਆਣਾ ਦੇ ਦਿਹਾਤੀ ਪ੍ਰਧਾਨ ਹਰਭੁਪਿੰਦਰ ਸਿੰਘ ਧਰੌੜ ਦਾ ਪਤਾ ਲੈਣ ਲਈ ਅੱਜ ‘ਆਪ’ ਪੰਜਾਬ ਦੇ ਇੰਚਾਰਜ ਜਰਨੈਲ ਸਿੰਘ ਅਤੇ ਵਿਰੋਧੀ ਧਿਰ ਦੇ ਆਗੂ ਹਰਪਾਲ ਸਿੰਘ ਚੀਮਾ ਉਨ੍ਹਾਂ ਦੇ ਘਰ ਪਿੰਡ ਧਰੌੜ ਪਹੁੰਚੇ। ਮਾਲਵਾ ਜੁਆਇੰਟ ਸਕੱਤਰ ਅਮਨਦੀਪ ਸਿੰਘ ਮੋਹੀ ਵੀ ਉਨ੍ਹਾਂ ਨਾਲ ਸਨ। ਇਸ ਮੌਕੇ ਪਹੁੰਚੇ ਆਪ ਆਗੂ ਨੇ ਕਿਹਾ ਕਿ ਪਾਰਟੀ ਵਰਕਰ ਰੀੜ ਦੀ ਹੱਡੀ ਹਨ, ਜਿਨ੍ਹਾਂ ਦੀ ਮਿਹਨਤ ਸਕਦਾ ਅੱਜ ‘ਆਪ’ ਦਾ ਕਫਲਾ ਦਿਨੋਂ ਦਿਨ ਵਧਦਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਪਾਰਟੀ ਵਰਕਰ ਸਾਡਾ ਪਰਿਵਾਰ ਹਨ ਹਰ ਦੁੱਖ-ਸੁੱਖ ਸਮੇਂ ਪਾਰਟੀ ਉਨ੍ਹਾਂ ਦੇ ਨਾਲ ਖੜ੍ਹੀ ਹੈ। ਉਨ੍ਹਾਂ ਕਿਹਾ ਕਿ ਅਸੀਂ ਕਾਮਨਾ ਕਰਦੇ ਹਾਂ ਕਿ ਹਰਭੁਪਿੰਦਰ ਸਿੰਘ ਧਰੌੜ ਛੇਤੀ ਤੰਦਰੁਸਤ ਹੋਣ, ਉਨ੍ਹਾਂ ਦੀ ਅਗਵਾਈ ‘ਚ ਜ਼ਿਲ੍ਹਾ ਦਿਹਾਤੀ ਖੇਤਰ ਵਿੱਚ ਪਾਰਟੀ ਹੋਰ ਮਜ਼ਬੂਤ ਹੋਵੇਗੀ।
ਜਰਨੈਲ ਸਿੰਘ ਨੇ ਕਿਹਾ ਕਿ ਕੌਮੀ ਕਨਵੀਨਰ ਅਰਵਿੰਦਰ ਕੇਜਰੀਵਾਲ ਦੀਆਂ ਲੋਕ ਪੱਖੀ ਨੀਤੀ ਕਰਕੇ ਅੱਜ ਪਾਰਟੀ ਵਰਕਰਾਂ ਦੀ ਮਿਹਨਤ ਨਾਲ ਕਫਲਾ ਦਿਨੋਂ ਦਿਨ ਵਧਦਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਪਾਰਟੀ ਵਰਕਰਾਂ ਵੱਲੋਂ ਨਵਾਂ ਪੰਜਾਬ ਸਿਰਜਣ ਲਈ ਕੀਤੀ ਜਾ ਰਹੀ ਸਿਰਤੋੜ ਮਿਹਨਤ ਸਦਕਾ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣੇਗੀ। ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕ ਅਕਾਲੀ, ਭਾਜਪਾ ਅਤੇ ਕਾਂਗਰਸੀਆਂ ਨੂੰ ਪਰਖ ਚੁੱਕੇ ਹਨ ਜਿਨ੍ਹਾਂ ਸੱਤਾ ਵਿੱਚ ਰਹਿੰਦੇ ਹੋਏ ਆਪਣੇ ਪਰਿਵਾਰ, ਚਹੇਤਿਆਂ ਦੇ ਲਈ ਕੰਮ ਕੀਤਾ ਹੈ, ਦੂਜੇ ਪਾਸੇ ਦਿੱਲੀ ਵਿੱਚ ਅਰਵਿੰਦ ਕੇਜਰੀਵਾਲ ਸਰਕਾਰ ਨੇ ਲੋਕਾਂ ਲਈ ਕੰਮ ਕੀਤਾ ਹੈ ਜਿਸ ਵੱਲੋਂ ਸਿਹਤ ਤੇ ਸਿੱਖਿਆ ਖੇਤਰ ਵਿੱਚ ਕੀਤੇ ਗਏ ਕੰਮ ਇਕ ਉਦਾਹਰਨ ਹਨ। ਹੁਣ ਪੰਜਾਬ ਦੇ ਲੋਕ ਵੀ ਅਜਿਹੀ ਸਰਕਾਰ ਚਾਹੁੰਦੇ ਹਨ ਜੋ ਲੋਕਾਂ ਲਈ ਕੰਮ ਕਰੇ।
ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਪੰਜਾਬ ਵਿੱਚ ਜੰਗਲ ਰਾਜ ਹੈ। ਕੈਪਟਨ ਅਮਰਿੰਦਰ ਸਿੰਘ ਨੂੰ ਆਪਣੇ ਵਿਦੇਸ਼ੀ ਮਿੱਤਰਾਂ ਕੋਲੋਂ ਫੁਰਸਤ ਨਹੀਂ ਮਿਲਦੀ ਜਿਸ ਕਰਕੇ ਸ਼ਾਹੀ ਫਾਰਮ ਹਾਊਸ ‘ਚੋਂ ਬਾਹਰ ਨਹੀਂ ਨਿਕਲਦੇ। ਪੰਜਾਬ ਵਿੱਚ ਅੱਜ ਦਲਿਤਾਂ ਉੱਤੇ ਅੱਤਿਆਚਾਰ ਹੋ ਰਿਹਾ ਹੈ। ਪੰਜਾਬ ਦਾ ਨੌਜਵਾਨ ਅੱਜ ਰੁਜ਼ਗਾਰ ਲੈਣ ਲਈ ਸੜਕਾਂ ਉੱਤੇ ਸੰਘਰਸ਼ ਕਰ ਰਿਹਾ ਹੈ। ਹਰ ਵਿਭਾਗ ਲਾਵਾਰਸ ਹੋ ਚੁੱਕਿਆ ਹੈ ਸਿਰਫ ਅਫਸਰਸ਼ਾਹੀ ਦੇ ਆਸਰੇ ਹੀ ਚੱਲ ਰਿਹਾ ਹੈ। ਉਨ੍ਹਾਂ ਕਿਹਾ ਕਿ 2022 ਵਿੱਚ ਜੰਗਲ ਰਾਜ ਖਤਮ ਹੋ ਜਾਵੇਗਾ ਅਤੇ ਆਮ ਆਦਮੀ ਦੀ ਸਰਕਾਰ ਬਣੇਗੀ।