ਗੁਰਜੀਤ ਸਿੰਘ ਔਜਲਾ ਨੇ ਸਟੇਸ਼ਨ ਉਤੇ ਪਹੁੰਚ ਕੇ ਪ੍ਰਵਾਸੀਆਂ ਨੂੰ ਵੰਡੇ ਮਾਸਕ
ਅੰਮ੍ਰਿਤਸਰ, 15 ਮਈ( ਵਿਸ਼ਵ ਵਾਰਤਾ )-ਕੈਪਟਨ ਅਮਰਿੰਦਰ ਸਿੰਘ ਵੱਲੋਂ ਕੋਵਿਡ ਸੰਕਟ ਦੇ ਚੱਲਦੇ ਪੰਜਾਬ ਵਿਚ ਫਸੇ ਪ੍ਰਵਾਸੀਆਂ ਨੂੰ ਉਨਾਂ ਦੇ ਘਰ ਭੇਜਣ ਲਈ ਚੁੱਕੇ ਗਏ ਵਿਸ਼ੇਸ਼ ਕਦਮਾਂ ਤਹਿਤ ਅੱਜ ਅੰਮ੍ਰਿਤਸਰ ਤੋਂ ਦੋ ਵਿਸ਼ੇਸ਼ ਰੇਲ ਗੱਡੀਆਂ ਭੰਡੇਲ (ਪੱਛਮੀ ਬੰਗਾਲ) ਅਤੇ ਅਮੇਠੀ ਲਈ ਰਾਵਾਨਾ ਹੋਈਆਂ, ਜਿੰਨਾ ਵਿਚ ਕ੍ਰਮਵਾਰ 980 ਅਤੇ 1200 ਮੁਸਾਫਿਰ ਸਵਾਰ ਸਨ। ਲੋਕ ਸਭਾ ਮੈਂਬਰ ਸ. ਗੁਰਜੀਤ ਸਿੰਘ ਔਜਲਾ ਨੇ ਰੇਲਵੇ ਸਟੇਸ਼ਨ ਪਹੁੰਚ ਕੇ ਪ੍ਰਵਾਸੀਆਂ ਨੂੰ ਸੁਰੱਖਿਅਤ ਰੇਲ ਯਾਤਰਾ ਲਈ ਸ਼ੁਭ ਕਾਮਨਾਵਾਂ ਦਿੰਦੇ ਸਰਬਤ ਦਾ ਭਲਾ ਟਰੱਸਟ ਵੱਲੋਂ ਦਿੱਤੇ ਮਾਸਕ ਵੀ ਵੰਡੇ। ਉਨਾਂ ਕਿਹਾ ਕਿ ਯਾਤਰਾ ਦੌਰਾਨ ਜੇਕਰ ਕਿਸੇ ਇਕ ਨੂੰ ਵਾਇਰਸ ਦੀ ਸਮੱਸਿਆ ਹੋਈ ਤਾਂ ਉਹ ਅੱਗੇ ਆਪਣੇ ਸਾਥੀ ਮੁਸਾਫਿਰਾਂ ਨੂੰ ਵੰਡ ਸਕਦਾ ਹੈ, ਇਸ ਲਈ ਜ਼ਰੂਰੀ ਹੈ ਕਿ ਹਰ ਆਦਮੀ ਮਾਸਕ ਬੰਨ ਕੇ ਰੱਖੇ ਅਤੇ ਸੁਰੱਖਿਅਤ ਘਰ ਪਹੁੰਚੇ। ਇਸ ਮੌਕੇ ਉਨਾਂ ਨਾਲ ਟਰੱਸਟ ਦੇ ਮਾਝਾ ਜੋਨ ਦੇ ਪ੍ਰਧਾਨ ਸੁਖਜਿੰਦਰ ਸਿੰਘ ਹੇਰ, ਸਲਾਹਕਾਰ ਸ੍ਰੀ ਸੁਖਦੀਪ ਸਿੱਧੂ, ਐਸ ਡੀ ਐਮ ਸ੍ਰੀ ਵਿਕਾਸ ਹੀਰਾ, ਸਟੇਸ਼ਨ ਮਾਸਟਰ ਉਲੰਪੀਅਨ ਬਲਵਿੰਦਰ ਸ਼ੰਮੀ, ਤਹਿਸੀਲਦਾਰ ਬੀਰਕਰਨ ਸਿੰਘ ਢਿੱਲੋਂ ਅਤੇ ਹੋਰ ਅਧਿਕਾਰੀ ਵੀ ਹਾਜ਼ਰ ਸਨ।
ਪਹਿਲਾਂ ਦੀ ਤਰਾਂ ਜਿਲਾ ਪ੍ਰਸ਼ਾਸ਼ਨ ਵੱਲੋਂ ਸਾਰੇ ਪ੍ਰਵਾਸੀਆਂ ਦਾ ਡਾਕਟਰੀ ਮੁਆਇਨਾ ਕਰਵਾ ਕੇ ਉਨਾਂ ਨੂੰ ਬੱਸਾਂ ਉਤੇ ਰੇਲਵੇ ਸਟੇਸ਼ਨ ਲਿਆਂਦਾ ਗਿਆ, ਜਿੱਥੇ ਖਾਣ-ਪੀਣ ਦਾ ਸਮਾਨ ਦੇ ਕੇ ਉਨਾਂ ਨੂੰ ਆਪਣੇ ਘਰਾਂ ਲਈ ਰੇਲ ਗੱਡੀ ਰਸਤੇ ਰਵਾਨਾ ਕੀਤਾ ਗਿਆ। ਸ੍ਰੀ ਹੀਰਾ ਨੇ ਦੱਸਿਆ ਕਿ ਇਸ ਮੌਕੇ ਸਿਹਤ ਵਿਭਾਗ ਵੱਲੋਂ ਦਿੱਤੀਆਂ ਸਾਰੀਆਂ ਹਦਾਇਤਾਂ ਦਾ ਧਿਆਨ ਰੱਖਿਆ ਗਿਆ, ਤਾਂ ਜੋ ਵਾਇਰਸ ਨਾ ਫੈਲੇ। ਉਨਾਂ ਕਿਹਾ ਕਿ ਅੱਗੇ ਤੋਂ ਵੀ ਇਹ ਗੱਡੀਆਂ ਇਸੇ ਤਰਾਂ ਜਾਰੀ ਰਹਿਣਗੀਆਂ ਅਤੇ ਜਿੰਨਾ ਲੋਕਾਂ ਨੂੰ ਮੋਬਾਈਲ ਉਤੇ ਸੰਦੇਸ਼ ਪਹੁੰਚਦਾ ਹੈ ਉਹ ਉਸਦੀ ਪਾਲਣਾ ਕਰਦੇ ਹੋਏ ਮੈਡੀਕਲ ਕਰਵਾਉਣ ਲਈ ਪੁੱਜਣ, ਜਿਥੋਂ ਉਨਾਂ ਨੂੰ ਰੇਲਵੇ ਸਟੇਸ਼ਨ ਬੱਸਾਂ ਰਾਹੀਂ ਭੇਜਿਆ ਜਾਂਦਾ ਹੈ।